ਇਹ ਘੜੀ ਇਕ ਵਾਰ ਚਾਬੀ ਦੇਣ ’ਤੇ ਲਗਭਗ ਇਕ ਹਫ਼ਤੇ ਤੱਕ ਚਲਦੀ ਰਹਿੰਦੀ
ਅੰਮ੍ਰਿਤਸਰ (ਬਹੋੜੂ): ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ 125 ਸਾਲ ਪੁਰਾਣੀ ਇਤਿਹਾਸਕ ਘੜੀ ਨੂੰ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਮੁੜ ਉਸੇ ਸਥਾਨ ’ਤੇ ਸਥਾਪਤ ਕਰ ਦਿਤਾ ਗਿਆ ਹੈ, ਜਿਥੇ ਇਹ ਪਹਿਲਾਂ ਸਜਾਇਆ ਜਾਂਦਾ ਸੀ। ਇਹ ਘੜੀ ਸ਼ਰਧਾਲੂਆਂ ਲਈ ਇਕ ਵਾਰ ਫਿਰ ਖਿੱਚ ਦਾ ਕੇਂਦਰ ਬਣ ਗਈ ਹੈ। ਇਹ ਘੜੀ ਰਾਗੀ ਸਿੰਘਾਂ ਵਾਲੀ ਪ੍ਰਕਰਮਾ ਦੇ ਉਪਰ ਸਥਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਹੇਠ ਇਸ ਨੂੰ ਵਿਧੀਵਤ ਰੂਪ ਵਿਚ ਮੁੜ ਸਥਾਪਤ ਕੀਤਾ ਗਿਆ।
ਘੜੀ ਨੂੰ ਉਸ ਦੇ ਅਸਲ ਸਰੂਪ ਵਿਚ ਬਹਾਲ ਕੀਤਾ ਗਿਆ ਹੈ, ਤਾਂ ਜੋ ਇਸ ਦੀ ਇਤਿਹਾਸਕ ਪਛਾਣ ਅਤੇ ਸ਼ਾਨ ਬਣੀ ਰਹੇ। ਵਿਸ਼ੇਸ਼ ਗੱਲ ਇਹ ਹੈ ਕਿ ਇਹ ਘੜੀ ਇਕ ਵਾਰ ਚਾਬੀ ਦੇਣ ’ਤੇ ਲਗਭਗ ਇਕ ਹਫ਼ਤੇ ਤਕ ਚਲਦੀ ਰਹਿੰਦੀ ਹੈ, ਜੋ ਇਸ ਦੀ ਬਿਹਤਰੀਨ ਕਾਰੀਗਰੀ ਅਤੇ ਤਕਨੀਕੀ ਗੁਣਵੱਤਾ ਨੂੰ ਦਰਸਾਉਂਦੀ ਹੈ। ਲੰਬੇ ਸਮੇਂ ਤਕ ਖ਼ਰਾਬ ਹਾਲਤ ਵਿਚ ਰਹਿਣ ਤੋਂ ਬਾਅਦ ਹੁਣ ਇਹ ਘੜੀ ਫਿਰ ਤੋਂ ਸੁਚਾਰੂ ਰੂਪ ਵਿਚ ਕੰਮ ਕਰ ਰਹੀ ਹੈ।
ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਸਾਲ 1900 ਵਿਚ ਭਾਰਤ ਦੇ ਤਤਕਾਲੀ ਵਾਇਸਰਾਏ ਅਤੇ ਗਵਰਨਰ ਜਨਰਲ ਲਾਰਡ ਕਰਜ਼ਨ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ, ਤਦ ਉਨ੍ਹਾਂ ਵਲੋਂ ‘ਪਲੀਕੇਟ ਐਂਡ ਕੰਪਨੀ’ ਦੀ ਇਹ ਵਿਸ਼ੇਸ਼ ਘੜੀ ਭੇਟ ਕੀਤੀ ਗਈ ਸੀ। ਅਪਣੇ ਇਤਿਹਾਸਕ ਅਤੇ ਤਕਨੀਕੀ ਮਹੱਤਵ ਕਾਰਨ ਇਹ ਘੜੀ ਲੰਬੇ ਸਮੇਂ ਤਕ ਦਰਬਾਰ ਸਾਹਿਬ ਦੀ ਪਛਾਣ ਬਣੀ ਰਹੀ, ਪਰ ਸਮੇਂ ਦੇ ਨਾਲ ਇਹ ਖ਼ਰਾਬ ਹੋ ਗਈ ਸੀ। ਹੁਣ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂ.ਕੇ.) ਦੀ ਸੇਵਾ ਭਾਵਨਾ ਅਤੇ ਬਾਬਾ ਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਉਸੇ ਮੂਲ ਕੰਪਨੀ ਤੋਂ ਇਸ ਦੀ ਮੁਰੰਮਤ ਕਰਵਾਈ ਗਈ। ਮੁਰੰਮਤ ਤੋਂ ਬਾਅਦ ਇਸ ਨੂੰ ਸ਼ਰਧਾ ਅਤੇ ਮਰਿਆਦਾ ਨਾਲ ਮੁੜ ਸਥਾਪਤ ਕੀਤਾ ਗਿਆ ਹੈ। ਐਸ.ਜੀ.ਪੀ.ਸੀ. ਪ੍ਰਬੰਧਕਾਂ ਵਲੋਂ ਨਿਸ਼ਕਾਮ ਸੇਵਕ ਜੱਥਾ ਯੂ.ਕੇ. ਦਾ ਵਿਸ਼ੇਸ਼ ਧਨਵਾਦ ਕੀਤਾ ਗਿਆ ਹੈ।
