
ਅਜ਼ਾਦੀ ਲਈ 2 ਫੀਸਦੀ ਤੋਂ ਘੱਟ ਅਬਾਦੀ ਹੋਣ ਦੇ ਬਾਵਜੂਦ 85 ਫੀਸਦੀ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਨਵੰਬਰ 84 ਸਮੇਤ ਵੱਖ-ਵੱਖ ਸਮੇਂ ਜਿਉਂਦੀਆਂ ਨੂੰ ਸਾੜ
ਕੋਟਕਪੂਰਾ : ਕਾਲੇ ਹਿਰਨ ਮਾਰਨ ਕਾਰਨ ਸਲਮਾਨ ਖਾਨ ਨੂੰ ਜੋਧਪੁਰ ਅਦਾਲਤ ਵੱਲੋਂ ਸੁਣਾਈ 5 ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ, ਜਦਕਿ ਦੇਸ਼ ਦੀ ਅਜ਼ਾਦੀ ਲਈ 2 ਫੀਸਦੀ ਤੋਂ ਘੱਟ ਅਬਾਦੀ ਹੋਣ ਦੇ ਬਾਵਜੂਦ 85 ਫੀਸਦੀ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਨਵੰਬਰ 84 ਸਮੇਤ ਵੱਖ-ਵੱਖ ਸਮੇਂ ਜਿਉਂਦੀਆਂ ਨੂੰ ਸਾੜਨ, ਕਤਲ ਕਰਨ ਵਾਲਿਆਂ ਖਿਲਾਫ ਅਜੇ ਤੱਕ ਕੋਈ ਸਖਤ ਕਾਰਵਾਈ ਨਹੀਂ ਹੋਈ। ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਨਿਊਜ਼ੀਲੈਂਡ ਤੋਂ ਫੋਨ ਰਾਹੀਂ 'ਰੋਜਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਅਜਿਹੇ ਵਰਤਾਰੇ ਕੌਮ ਨੂੰ ਇਹ ਮਹਿਸੂਸ ਕਰਵਾਉਂਦੇ ਹਨ, ਜਿਵੇਂ ਦੇਸ਼ 'ਚ ਸਿੱਖਾਂ ਦਹ ਕਦਰ ਕਾਲੇ ਹਿਰਨ ਤੋਂ ਵੀ ਘੱਟ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਦਾ ਕਾਨੂੰਨ ਦੇਸ਼ ਦੇ ਨਾਗਰਿਕਾਂ ਦੇ ਜੁਰਮ ਦੀ ਥਾਂ ਧਰਮ ਦੇਖ ਹੀ ਫੈਸਲੇ ਕਿਉਂ ਕਰਦਾ ਹੈ। ਭਾਈ ਮਾਝੀ ਪੁੱਛਿਆ ਕਿ ਜਗਦੀਸ਼ ਟਾਈਟਲਰ ਦੀ 100 ਸਿੱਖਾਂ ਦੇ ਕਤਲ ਦੀ ਜਿੰਮੇਵਾਰੀ ਕਬੂਲਣ ਵਾਲੀ ਵੀਡੀਓ ਬੱਚੇ ਤੋਂ ਲੈ ਕੇ ਬਜੁਰਗ ਤੱਕ ਦੇ ਮੋਬਾਇਲ 'ਚ ਹੋਣ ਦੇ ਬਾਵਜੂਦ ਵੀ ਅਜਿਹੇ ਹੱਤਿਆਰੇ ਖਿਲਾਫ ਕੋਈ ਸਖਤ ਕਾਰਵਾਈ ਕਿਉਂ ਨਹੀਂ ਹੁੰਦੀ? ਉਨ੍ਹਾਂ ਕਿਹਾ ਕਿ ਭਾਰਤ 'ਚ ਘੱਟ ਗਿਣਤੀਆਂ ਨਾਲ ਲਗਾਤਾਰ ਹੋ ਰਹੀਆਂ ਬੇਇਨਸਾਫੀਆਂ ਨੂੰ ਧਿਆਨ 'ਚ ਰੱਖਦਿਆਂ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤ ਅਤੇ ਸੁਹਿਰਦ ਹਿੰਦੂਆਂ ਸਮੇਤ ਇਨਸਾਫ ਪਸੰਦ ਲੋਕਾਂ ਨੂੰ ਵਿਚਾਰਧਾਰਕ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਕਮੁੱਠਤਾ ਨਾਲ ਫਿਰਕੂ ਅਨਸਰਾਂ ਖਿਲਾਫ ਡਟਣ ਦੀ ਲੋੜ ਹੈ। ਭਾਈ ਮਾਝੀ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਭੇਖ 'ਚ ਵੀ ਛੁਪੇ ਫਿਰਕੂਆਂ ਅਤੇ ਗੱਦਾਰਾਂ ਦੀ ਪਛਾਣ ਵੀ ਜਰੂਰੀ ਹੈ ਨਹੀਂ ਤਾਂ ਅਜਿਹੇ ਘਟੀਆ ਅਨਸਰ ਕਦੇ ਵੀ ਗੈਰ-ਕੁਦਰਤੀ ਵਰਤਾਰਿਆਂ ਖਿਲਾਫ ਲੜਨ ਵਾਲਾ ਇਕ ਸਾਂਝਾ ਪਲੇਟਫਾਰਮ ਨਹੀਂ ਬਣਨ ਦੇਣਗੇ।