ਨੇਕੀ ਦੀਆਂ ਗ਼ੈਰ ਸਿਧਾਂਤਕ ਹਰਕਤਾਂ ਕਾਰਨ ਦੇਸ਼ ਵਿਦੇਸ਼ ਦੀਆਂ ਸੰਗਤਾਂ 'ਚ ਭਾਰੀ ਰੋਹ
ਅੰਮ੍ਰਿਤਸਰ/ਤਰਨਤਾਰਨ, 7 ਮਈ (ਸੁਖਵਿੰਦਰਜੀਤ ਸਿੰਘ ਬਹੋੜੂ/ਚਰਨਜੀਤ ਸਿੰਘ) ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਗੁਰੂ ਨਿੰਦਕ ਹਰਨੇਕ ਸਿੰਘ ਨੇਕੀ (ਨਿਊਜ਼ੀਲੈਂਡ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਦਿਤੇ ਜਾਣ। ਨਿਊਜ਼ੀਲੈਂਡ ਦੀਆਂ ਸਮੂਹ ਸਿੱਖ ਸੰਗਤਾਂ ਅਤੇ ਧਾਰਮਕ ਜਥੇਬੰਦੀਆਂ ਵਲੋਂ ਜੋ ਅੱਜ ਸਮੁਚੇ ਰੂਪ ਵਿਚ ਕਾਰਵਾਈ ਕਰਦਿਆਂ ਹੋਇਆਂ ਗੁਰ-ਮਰਿਯਾਦਾ ਅਨੁਸਾਰਨੇਕੀ ਵਲੋਂ ਬਣਾਏ ਅਪਣੇ ਸਟੂਡੀਉ ਵਿਚ ਜੋ ਸ੍ਰੀ ਗੂਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਹੋਰ ਧਾਰਮਕ ਲਿਟਰੇਚਰ ਰਖਿਆ ਹੋਇਆ ਸੀ, ਉਸ ਨੂੰ ਸਤਿਕਾਰ ਸਹਿਤ ਉਥੋਂ ਲਿਜਾ ਕਿ ਯੋਗ ਅਸਥਾਨ 'ਤੇ ਸੁਸ਼ੋਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨਿਊਜ਼ੀਲੈਂਡ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ, ਸਿੱਖ ਧਾਰਮਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਜਿਸ ਕਿਸੇ ਕੋਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੋਣ, ਉਹ ਇਸ ਹਰਨੇਕ ਸਿੰਘ ਨਿੰਦਕ ਨੇਕੀ ਨੂੰ ਕਦਾਚਿਤ ਨਾ ਦੇਣ, ਇਸ ਪੁਰ ਸਖ਼ਤੀ ਨਾਲ ਅਮਲ ਕੀਤਾ ਜਾਵੇ ਅਤੇ ਇਸ ਗੁਰੂ ਨਿੰਦਕ ਦਾ ਵਿਰੋਧ ਕੀਤਾ ਜਾਵੇ। ਦੂਜੇ ਪਾਸੇ ਨਿਊਜ਼ੀਲੈਂਡ ਦੀਆਂ ਜਥੇਬੰਦੀਆਂ ਨੇ ਅਕਾਲ ਤਖ਼ਤ ਵਲੋਂ ਦੇ ਹੁਕਮ 'ਤੇ ਅਮਲ ਕਰਦਿਆਂ ਹਰਨੇਕ ਸਿੰਘ ਨੇਕੀ ਦੇ ਪਾਪਾਟੋਏਟੋਏ ਵਿਖੇ ਸਥਿਤ ਨਿਜੀ ਅਸਥਾਨ ਗੁਰਦਵਾਰਾ ਸਿੰਘ ਸਭਾ, ਸ਼ਰਲੀ ਰੋਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੇੜਲੇ ਗੁਰਦਵਾਰਿਆਂ ਵਿਚ ਸੁਸ਼ੋਭਤ ਕਰ ਦਿਤੇ ਗਏ।
ਪ੍ਰੋ. ਸਰਚਾਂਦ ਸਿੰਘ ਨੇ ਦਸਿਆ ਕਿ ਨੇਕੀ ਦੇ ਮੁੱਦੇ ਤੇ ਕਸਬਾ ਪਾਪਾਟੋਏਟੋਏ ਵਿਖੇ ਨਿਊਜ਼ੀਲੈਂਡ ਸਿਖ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ, ਭਾਈ ਗੁਰਿੰਦਰਪਾਲ ਸਿੰਘ, ਦਮਦਮੀ ਟਕਸਾਲ ਦੇ ਆਗੂ ਭਾਈ ਗੁਰਿੰਦਰ ਸਿੰਘ ਅਤੇ ਭਾਈ ਅੰਮ੍ਰਿਤਪਾਲ ਸਿੰਘ, ਅਕਾਲੀ ਦਲ ਬਾਦਲ ਦੇ ਆਗੂ ਸ੍ਰੀ ਉਤਮ ਚੰਦ ਸ਼ਰਮਾ ਤੋਂ ਇਲਾਵਾ ਰੇਡੀਉ ਸਪਾਈਸ ਦੇ ਨਵਤੇਜ ਸਿੰਘ, ਪਰਮਿੰਦਰ ਸਿੰਘ ਪਾਪਾਟੋਏਟੋਹੇ ਦੀ ਅਗਵਾਈ 'ਚ ਪੰਥਕ ਇਕੱਤਰਤਾ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸਿਖੀ ਪਰੰਪਰਾਵਾਂ ਦੀ ਤੌਹੀਨ ਕਰਨ ਵਾਲੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਨੇਕੀ ਦੇ ਕੂੜ ਪ੍ਰਚਾਰ ਨਾਲ ਸਮੂਹ ਸਿੱਖ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਹਰਨੇਕ ਨੇਕੀ ਨੂੰ ਸਿਖ ਪੰਥ ਵਿਚੋਂ ਖ਼ਾਰਜ ਕੀਤਾ ਜਾਵੇ। ਉਨ੍ਹਾਂ ਦਸਿਆ ਕਿ ਨਿਊਜ਼ੀਲੈਂਡ ਦੀਆਂ ਸੰਗਤਾਂ ਨੇ ਨੇਕੀ ਵਿਰੁਧ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨੇਕੀ ਵਿਰੁਧ ਮਾਣਹਾਨੀ ਦਾ ਕੇਸ ਕਰਨ ਤੋਂ ਇਲਾਵਾ ਜਲਦ ਹੀ ਬਰਾਡ ਕਾਸਟਿੰਗ ਮੰਤਰਾਲੇ ਨੂੰ ਉਸ ਦੇ ਰੇਡੀਉ ਦਾ ਲਾਇਸੰਸ ਰੱਦ ਕਰਨ ਲਈ ਕਿਹਾ ਜਾਵੇਗਾ। ਇਸ ਤੋਂ ਪਹਿਲਾਂ ਨੇਕੀ ਸਿਖ ਸਿਧਾਂਤ ਵਿਰੋਧ ਪ੍ਰਚਾਰ ਨੂੰ ਲੈ ਕੇ ਦੋ ਵਾਰ ਮਾਫ਼ੀ ਮੰਗ ਚੁਕਿਆ ਹੈ।