
ਮਾ. ਤਾਰਾ ਸਿੰਘ ਨੇ ਸਾਵਰਕਰ ਦੀ ਮਦਦ ਨਹੀਂ ਸੀ ਕੀਤੀ, ਇਕ ਅਸੂਲੀ ਗੱਲ ਕੀਤੀ ਸੀ ਕਿ ਸਰਕਾਰ-ਵਿਰੋਧੀ ਨੇਤਾਵਾਂ ਨੂੰ ਸਬੂਤਾਂ ਬਿਨਾਂ ਫੜਨਾ ਗ਼ਲਤ ਸੀ...
ਨਵੀਂ ਦਿੱਲੀ: ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਰਹੇ ਤਰਲੋਚਨ ਸਿੰਘ ਵਲੋਂ ਇਕ ਕਿਤਾਬ ਦੇ ਰਿਲੀਜ਼ ਸਮੇਂ ਨਵੀਂ ਦਿੱਲੀ ਵਿਚ ਹੋਏ ਪ੍ਰੋਗਰਾਮ ਸਮੇਂ ਮਰਹੂਮ ਸਿੱਖ ਆਗੂ ਮਾਸਟਾਰ ਤਾਰਾ ਸਿੰਘ ਵਲੋਂ ਮਹਾਤਮਾ ਗਾਂਧੀ ਕਤਲ ਕਾਂਡ ਵਿਚ ਹਿੰਦੂ ਨੇਤਾ ਵੀਰ ਸਾਵਰਕਰ ਦੀ ਮਦਦ ਕਰਨ ਲਈ ਦਿਤੇ ਬਿਆਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਉਧਰ ਮਾਸਟਰ ਤਾਰਾ ਸਿੰਘ ਦੀ ਦੋਹਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਸ ਬਿਆਨ ਉਪਰ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਵਿਸ਼ਵਾਯੋਗ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਕਦੇ ਇਸ ਬਾਰੇ ਪ੍ਰਵਾਰ ਵਿਚ ਹੀ ਕੋਈ ਗੱਲ ਸੁਣੀ ਹੈ। ਉਨ੍ਹਾਂ ਕਿਹਾ ਕਿ ਤਰਲੋਚਨ ਸਿੰਘ ਕੋਲ ਜੇ ਇਸ ਦੇ ਕੋਈ ਸਬੂਤ ਹਨ ਤਾਂ ਉਹ ਦਸਣ ਕਿ ਕਿਸ ਆਧਾਰ ’ਤੇ ਇਹ ਕਹਿ ਰਹੇ ਹਨ।
ਜ਼ਿਕਰਯੋਗ ਹੇ ਕਿ ‘ਮੋਦੀ ਐਂਡ ਸਿੱਖ’ ਨਾਂ ਦੀ ਕਿਤਾਬ ਰਿਲੀਜ਼ ਕਰਨ ਦੇ ਸਮਾਰੋਹ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ, ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ, ਜਿਸ ਵਿਚ ਤਰਲੋਚਨ ਸਿੰਘ ਨੇ ਅਪਣੇ ਵਿਚਾਰ ਰੱਖੇ ਸਨ। ਤਰਲੋਚਨ ਸਿੰਘ ਨੇ ਕਿਹਾ ਕਿ 30 ਜਨਵਰੀ 1948 ਨੂੰ ਗਾਂਧੀ ਦੀ ਹਤਿਆ ਕਰ ਦਿਤੀ ਗਈ ਸੀ। ਉਸ ਸਮੇਂ ਗਿ੍ਰਫ਼ਤਾਰ ਕੀਤੇ ਗਏ ਨੇਤਾਵਾਂ ਵਿਚ ਵੀਰ ਸਾਵਰਕਰ ਵੀ ਸ਼ਾਮਲ ਸਨ। ਇਸ ਮਾਮਲੇ ਦੀ ਜਾਂਚ ਦਿੱਲੀ ਦੇ ਲਾਲ ਕਿਲ੍ਹੇ ਵਿਚ ਹੋਈ ਸੀ। ਗਾਂਧੀ ਦਾ ਕਾਤਲ ਗੋਡਸੇ ਵੀ ਮੁਲਜ਼ਮਾਂ ਵਿਚ ਸ਼ਾਮਲ ਸੀ। ਉਸ ਸਮੇਂ ਆਰਐਸਐਸ ਉਤੇ ਪਾਬੰਦੀ ਲਾਉਣ ਦੇ ਸਰਕਾਰੀ ਆਦੇਸ਼ ਦਿਤੇ ਗਏ ਸਨ। ਸਰਕਾਰ ਦੀ ਇਸ ਨੀਤੀ ਕਾਰਨ ਉਸ ਸਮੇਂ ਹੋਰ ਸਾਰੇ ਆਗੂ ਝਿਜਕਦੇ ਰਹੇ ਪਰ ਮਾਸਟਰ ਤਾਰਾ ਸਿੰਘ ਨੇ ਵੀਰ ਸਾਵਰਕਰ ਦੀ ਮਦਦ ਕਰਨ ਦਾ ਐਲਾਨ ਕਰ ਦਿਤਾ।
ਉਨ੍ਹਾਂ ਕਿਹਾ ਸੀ ਕਿ ਮਾਸਟਰ ਜੀ ਨੇ ਬਿਆਨ ਦਿਤਾ ਕਿ ਸਾਵਰਕਰ ਬੇਕਸੂਰ ਹਨ। ਉਹ ਯਕੀਨੀ ਤੌਰ ’ਤੇ ਮਹਾਤਮਾ ਗਾਂਧੀ ਵਿਰੁਧ ਹੈ ਪਰ ਉਨ੍ਹਾਂ ਦੀ ਹਤਿਆ ਵਿਚ ਸ਼ਾਮਲ ਨਹੀਂ ਹੋ ਸਕਦਾ। ਮਾਸਟਰ ਜੀ ਨੇ ‘ਆਪ’ ਦਿੱਲੀ ਪਹੁੰਚ ਕੇ ਵਕੀਲ ਨਿਯੁਕਤ ਕੀਤੇ। ਸਾਰਾ ਖ਼ਰਚ ਉਨ੍ਹਾਂ ਨੇ ਆਪ ਹੀ ਅਦਾ ਕੀਤਾ। ਇੰਨਾ ਹੀ ਨਹੀਂ, ਮਾਸਟਰ ਜੀ ਆਪ ਦਰਬਾਰ ਵਿਚ ਜਾ ਕੇ ਉਥੇ ਬੈਠ ਜਾਂਦੇ ਸਨ, ਜੋ ਇਸ ਗੱਲ ਦਾ ਸਬੂਤ ਸੀ ਕਿ ਉਹ ਸਾਵਰਕਰ ਦੇ ਦੋਸਤ ਸਨ। ਕਾਂਗਰਸ ਸਰਕਾਰ ਨੇ ਇਸ ਤੋਂ ਦੁਖੀ ਹੋ ਕੇ ਮਾਸਟਰ ਜੀ ਵਿਰੁਧ ਪ੍ਰਚਾਰ ਕੀਤਾ ਕਿ ਉਹ ਗਾਂਧੀ ਦੇ ਕਾਤਲ ਦਾ ਸਾਥੀ ਹੈ। ਜਦੋਂ ਤਕ ਵੀਰ ਸਾਵਰਕਰ ਨੂੰ ਕੇਸ ਵਿਚ ਬਰੀ ਨਹੀਂ ਕੀਤਾ ਗਿਆ, ਉਦੋਂ ਤਕ ਮਾਸਟਰ ਜੀ ਹਰ ਤਰ੍ਹਾਂ ਦੀ ਮਦਦ ਕਰਦੇ ਰਹੇ।
ਕਾਂਗਰਸ ਸਰਕਾਰ ਨੇ ਮਾਸਟਰ ਤਾਰਾ ਸਿੰਘ ਨੂੰ ਜੇਲ ਵਿਚ ਡੱਕ ਦਿਤਾ ਸੀ। ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਇਹ ਸੱਚ ਹੈ, ਜੇਕਰ ਉਨ੍ਹਾਂ ਦੀ ਗੱਲ ਨਹੀਂ ਮੰਨੀ ਜਾਂਦੀ ਤਾਂ ਉਸ ਸਮੇਂ ਦੋ ਉਰਦੂ ਅਖ਼ਬਾਰ ਛਪਦੇ ਸਨ, ਉਨ੍ਹਾਂ ਨੂੰ ਕੱਢ ਲਿਆ ਜਾਵੇ ਤਾਂ ਸੱਚ ਸਾਹਮਣੇ ਆ ਜਾਵੇਗਾ। ਤਰਲੋਚਨ ਸਿੰਘ ਦਾ ਕਹਿਣਾ ਹੈ ਕਿ ਵੀਰ ਸਾਵਰਕਰ ਵੀ ਦੋਸਤੀ ਦੀ ਮਰਿਆਦਾ ਦਾ ਸਤਿਕਾਰ ਕਰਦੇ ਸਨ ਪਰ ਇਹ ਅਜੀਬ ਚਮਤਕਾਰ ਸੀ ਕਿ ਸਿੱਖਾਂ ਦੇ ਹੱਕਾਂ ਲਈ ਲੜਨ ਵਾਲੇ ਮਾਸਟਰ ਜੀ ਅਤੇ ਹਿੰਦੂ ਮਹਾਸਭਾ ਦੇ ਪ੍ਰਧਾਨ ਵੀਰ ਸਾਵਰਕਰ ਦੋਵੇਂ ਅਜਿਹੀ ਡੂੰਘੀ ਦੋਸਤੀ ਦੀ ਮਿਸਾਲ ਬਣ ਗਏ।
ਬੀਬੀ ਕਿਰਨਜੋਤ ਕੌਰ ਨੇ ਇਤਰਾਜ਼ ਪ੍ਰਗਟ ਕੀਤਾ
ਤਰਲੋਚਨ ਸਿੰਘ ਦੇ ਇਸ ਦਾਅਵੇ ’ਤੇ ਐਸ.ਜੀ.ਪੀ.ਸੀ. ਮੈਂਬਰ ਬੀਬੀ ਕਿਰਨਜੋਤ ਕੌਰ ਦਾ ਕਹਿਣਾ ਹੈ ਕਿ ਇਹ ਵਿਸ਼ਵਾਸਯੋਗ ਨਹੀਂ। ਉਨ੍ਹਾਂ ਦੇ ਦਾਦਾ ਮਾਸਟਰ ਤਾਰਾ ਸਿੰਘ ਦਾ ਧਿਆਨ ਸਿੱਖਾਂ ਵਲ ਸੀ। ਉਸ ਦਾ ਉਦੇਸ਼ ਸਿੱਖਾਂ ਨੂੰ ਅਪਣੀ ਫ਼ੌਜ ਵਿਚ ਭਰਤੀ ਕਰਵਾਉਣਾ ਸੀ। ਮਾਸਟਰ ਤਾਰਾ ਸਿੰਘ ਆਜ਼ਾਦ ਭਾਰਤ ਵਿਚ ਪਹਿਲੇ ਗਿ੍ਰਫ਼ਤਾਰ ਕੀਤੇ ਗਏ ਸਨ, ਪਰ ਇਹ ਗਿ੍ਰਫ਼ਤਾਰੀ ਵੀਰ ਸਾਵਰਕਰ ਲਈ ਨਹੀਂ ਸੀ ਸਗੋਂ ਕਿਉਂਕਿ ਸਰਕਾਰ ਸਿੱਖਾਂ ਨਾਲ ਕੀਤੇ ਵਾਅਦੇ ਤੋਂ ਮੁਕਰ ਗਈ ਸੀ, ਇਸ ਲਈ ਮਾਸਟਰ ਜੀ ਨੇ ਸਰਕਾਰ ਦਾ ਵਿਰੋਧ ਕੀਤਾ ਸੀ। ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਅਜਿਹਾ ਉਨ੍ਹਾਂ ਦੇ ਪ੍ਰਵਾਰ ਵਿਚ ਕਦੇ ਨਹੀਂ ਹੋਇਆ ਅਤੇ ਨਾ ਹੀ ਸੁਣਿਆ ਹੈ। ਇਹ ਕਿਸੇ ਕਿਤਾਬ ਜਾਂ ਇਤਿਹਾਸ ਵਿਚ ਨਹੀਂ।