ਕੈਪਟਨ ਹਰਜੀਤ ਸਿੰਘ ਤੇ ਕਰਨਲ ਐਮ.ਐਸ. ਪੁੰਨੀਆਂ ਸਮੇਤ ਕਈ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
Tribute Paid to the Martyrs of the 1965 War at Sri Darbar Sahib Latest News in Punjabi ਅੰਮ੍ਰਿਤਸਰ : 1965 ਦੀ ਭਾਰਤ-ਪਾਕਿਸਤਾਨ ਜੰਗ ਵਿਚ ਸ਼ਹੀਦ ਹੋਏ 7 ਸਿੱਖ ਚਨਾਰ ਚੂਏਵਾਲ ਬਟਾਲੀਅਨ ਦੇ ਸੂਰਮਿਆਂ ਦੀ ਯਾਦ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਇਸ ਪਵਿੱਤਰ ਮੌਕੇ ਤੇ 250 ਤੋਂ ਵੱਧ ਫ਼ੌਜੀ ਪਰਵਾਰਾਂ ਅਤੇ ਲਗਭਗ 15 ਅਫ਼ਸਰਾਂ ਨੇ ਹਾਜ਼ਰੀ ਭਰੀ।
ਕੈਪਟਨ ਹਰਜੀਤ ਸਿੰਘ, ਜੋ 1965 ਦੀ ਲੜਾਈ ਦੌਰਾਨ ਸਿਪਾਹੀ ਵਜੋਂ ਅਗਲੀ ਲਾਈਨ ਵਿਚ ਸਨ, ਨੇ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਸਮੇਂ ਚੂਏਵਾਲ ਖੇਤਰ ਵਿਚ ਦੁਸ਼ਮਣ ਨੇ ਸਾਡੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ। ਉਸ ਨੂੰ ਛੁਡਾਉਣ ਲਈ 7 ਸਿੱਖ ਬਟਾਲੀਅਨ ਨੇ ਬੇਮਿਸਾਲ ਹਮਲਾ ਕੀਤਾ ਅਤੇ ਕਈ ਜਵਾਨਾਂ ਨੇ ਅਪਣੀ ਜ਼ਿੰਦਗੀ ਕੁਰਬਾਨ ਕਰ ਦਿਤੀ। ਉਨ੍ਹਾਂ ਕਿਹਾ ਕਿ ਅੱਜ 60 ਸਾਲ ਬਾਅਦ ਵੀ ਸਾਰੇ ਸਾਬਕਾ ਜਵਾਨ ਅਤੇ ਅਧਿਕਾਰੀ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ, ਜੋ ਬਹੁਤ ਮਾਣ ਦੀ ਗੱਲ ਹੈ। ਕੈਪਟਨ ਦਰਬਾਰਾ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਇਸ ਦਿਨ ਨੂੰ ਸ਼ਹੀਦਾਂ ਦੀ ਯਾਦ ਵਿਚ ਮਨਾਉਂਦੇ ਹਨ।
ਕਰਨਲ ਐਮ.ਐਸ. ਪੁੰਨੀਆਂ, ਜੋ 7 ਸਿੱਖ ਦੇ ਕਮਾਂਡਿੰਗ ਅਫ਼ਸਰ ਰਹੇ ਹਨ, ਨੇ ਕਿਹਾ ਕਿ 1963 ਵਿਚ ਦੂਜੇ ਲੈਫ਼ਟੀਨੈਂਟ ਵਜੋਂ ਉਹ ਇਸ ਯੂਨਿਟ ਵਿਚ ਸ਼ਾਮਲ ਹੋਏ ਸਨ ਅਤੇ 1965 ਦੀ ਲੜਾਈ ਵਿਚ ਸਿੱਧੇ ਹਿੱਸੇਦਾਰ ਰਹੇ। ਉਨ੍ਹਾਂ ਕਿਹਾ ਕਿ ਉਸ ਸਮੇਂ ਜਵਾਨਾਂ ਦਾ ਜੋਸ਼ ਬੇਮਿਸਾਲ ਸੀ, ਪਰ ਅੱਜ ਦੇ ਨੌਜਵਾਨਾਂ ਵਿਚ ਵੀ ਸਮਰਪਣ ਦੀ ਕਮੀ ਨਹੀਂ ਹੈ, ਸਿਰਫ਼ ਜਮਾਨਾ ਬਦਲਿਆ ਹੈ। ਪੁੰਨੀਆਂ ਨੇ ਕਿਹਾ ਕਿ “ਅਸੀਂ ਜਿੱਥੇ ਵੀ ਜਾਂਦੇ ਹਾਂ, ਛਾਤੀ ਚੌੜੀ ਕਰ ਕੇ ਕਹਿ ਸਕਦੇ ਹਾਂ ਕਿ ਅਸੀਂ 7 ਸਿੱਖ ਦੇ ਸੂਰਮੇ ਹਾਂ।”
ਇਸ ਮੌਕੇ ਤੇ ਕੈਪਟਨ ਐਮ.ਐਸ. ਪਨਾਗ, ਕੈਪਟਨ ਬਲਕਾਰ ਸਿੰਘ, ਕੈਪਟਨ ਸੁਖਵੰਤ ਸਿੰਘ, ਸੂਬੇਦਾਰ ਸਵਰਨ ਸਿੰਘ, ਨਾਇਬ ਬਖਸ਼ੀਸ਼ ਸਿੰਘ, ਕੈਪਟਨ ਧਰਮ ਸਿੰਘ, ਕੈਪਟਨ ਨਾਜਰ ਸਿੰਘ, ਕੈਪਟਨ ਕੁਲਵੰਤ ਸਿੰਘ, ਕੈਪਟਨ ਸੁਰਜੀਤ ਸਿੰਘ, ਹੋਲਦਾਰ ਪ੍ਰਗਟ ਸਿੰਘ, ਸੂਬੇਦਾਰ ਸੋਹਣ ਸਿੰਘ ਅਤੇ ਹੋਲਦਾਰ ਮਨਜੀਤ ਸਿੰਘ ਸੰਧੂ ਸਮੇਤ ਕਈ ਸਾਬਕਾ ਅਤੇ ਮੌਜੂਦਾ ਫ਼ੌਜੀ ਹਾਜ਼ਰ ਹੋਏ।
ਸੰਗਤ ਨੇ ਸ਼ਹੀਦਾਂ ਦੇ ਪਰਵਾਰਾਂ ਨਾਲ ਮਿਲ ਕੇ ਅਰਦਾਸ ਕੀਤੀ ਕਿ ਦੇਸ਼ ਦੀ ਸੇਵਾ ਕਰਨ ਵਾਲੇ ਜਵਾਨਾਂ ਨੂੰ ਚੜ੍ਹਦੀਕਲਾ ਮਿਲੇ।
(For more news apart from Tribute Paid to the Martyrs of the 1965 War at Sri Darbar Sahib Latest News in Punjabi stay tuned to Rozana Spokesman.)
