
ਸੰਗਤਾਂ ਵਲੋਂ ਪ੍ਰਗਟਾਏ ਜਾ ਰਹੇ ਵਿਰੋਧ ਕਾਰਨ ਪ੍ਰਬੰਧਕਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਖਿੜਕੀਆਂ ਨੂੰ ਲਗਾਏ ਸ਼ੀਸ਼ੇ ਉਤਾਰਨ ਦਾ ਫੈਸਲਾ ਲਿਆ ਗਿਆ ਹੈ।
ਅੰਮ੍ਰਿਤਸਰ: ਸੰਗਤਾਂ ਵਲੋਂ ਪ੍ਰਗਟਾਏ ਜਾ ਰਹੇ ਵਿਰੋਧ ਕਾਰਨ ਪ੍ਰਬੰਧਕਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਖਿੜਕੀਆਂ ਨੂੰ ਲਗਾਏ ਸ਼ੀਸ਼ੇ ਉਤਾਰਨ ਦਾ ਫੈਸਲਾ ਲਿਆ ਗਿਆ ਹੈ। ਦਰਅਸਲ ਬੀਤੇ ਦਿਨੀਂ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਹਰਿਮੰਦਰ ਸਾਹਿਬ ਦੀ ਪਹਿਲੀ ਮੰਜ਼ਿਲ ਦੀਆਂ ਅੰਦਰ ਵੱਲ ਖੁੱਲ੍ਹਦੀਆਂ ਖਿੜਕੀਆਂ ਨੂੰ ਸ਼ੀਸ਼ੇ ਲਗਾਏ ਗਏ ਸਨ। ਇਸ ਮਗਰੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਸਿੱਖ ਸੰਗਤਾਂ ਵਲੋਂ ਇਤਰਾਜ਼ ਜਤਾਇਆ ਗਿਆ।
ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਸ਼ੀਸ਼ਿਆਂ ਕਾਰਨ ਮੁੱਖ ਪ੍ਰਕਾਸ਼ ਅਸਥਾਨ ਵਿਖੇ ਹੁੰਦੇ ਇਲਾਹੀ ਬਾਣੀ ਦੇ ਕੀਰਤਨ ਦੀ ਆਵਾਜ਼ ਅਤੇ ਧੁਨੀ ਵਿਚ ਵਿਗਾੜ ਪੈਦਾ ਹੋਣ ਦਾ ਖਦਸ਼ਾ ਹੈ। ਮਿਲੀ ਜਾਣਕਾਰੀ ਅਨੁਸਾਰ ਅੰਤ੍ਰਿੰਗ ਕਮੇਟੀ ਦੀ ਬੈਠਕ ਦੌਰਾਨ ਵਿਰੋਧੀ ਧਿਰ ਨਾਲ ਸਬੰਧਤ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਇਹ ਮਾਮਲਾ ਉਠਾਇਆ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਅਧਿਕਾਰੀਆਂ ਨੂੰ ਇਹ ਸ਼ੀਸ਼ੇ ਉਤਾਰਨ ਦੇ ਹੁਕਮ ਜਾਰੀ ਕੀਤੇ ਗਏ।
ਗੁਰਪ੍ਰੀਤ ਸਿੰਘ ਰੰਧਾਵਾ ਵਲੋਂ ਇਸ ਸਬੰਧੀ 11 ਫਰਵਰੀ ਨੂੰ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖ ਕੇ ਵਿਰੋਧ ਦਰਜ ਕਰਵਾਇਆ ਗਿਆ ਸੀ। ਉਹਨਾਂ ਕਿਹਾ ਕਿ ਅੰਤ੍ਰਿਗ ਕਮੇਟੀ ਦੀ ਮਨਜ਼ੂਰੀ ਤੋਂ ਬਿਨ੍ਹਾਂ ਅਤੇ ਪਾਵਨ ਅਸਥਾਨ ਦੇ ਆਰਕੀਟੈਕਟ, ਇਮਾਰਤਸਾਜ਼ੀ ਦੀ ਤਕਨੀਕ, ਪੁਰਾਤਨ ਮਰਿਯਾਦਾ, ਪਰੰਪਰਾ, ਕੀਰਤਨ ਅਤੇ ਅਧਿਆਤਮਕ ਸੁਹਜ ਨੂੰ ਧਿਆਨ ਵਿਚ ਰੱਖੇ ਬਗੈਰ ਅਤੇ ਪੰਥਕ ਰਾਇ ਤੋਂ ਬਿਨ੍ਹਾਂ ਇਹ ਫੈਸਲਾ ਲੈਣਾ ਮੰਦਭਾਗਾ ਹੈ। ਉਹਨਾ ਤੋਂ ਇਲਾਵਾ ਹੋਰ ਮੈਂਬਰਾਂ ਨੇ ਵੀ ਇਸ ਫੈਸਲੇ ਦਾ ਵਿਰੋਧ ਕੀਤਾ ਸੀ।