
ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਦੀ ਸਮੁੱਚੀ ਕਾਰਵਾਈ ਫ਼ੇਸਬੁਕ 'ਤੇ ਸੰਗਤ ਲਈ ਪ੍ਰਸਾਰਤ ਕੀਤੀ ਜਾਵੇ
ਨਵੀਂ ਦਿੱਲੀ: ਭਾਵੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਲੋੜ ਤੋਂ ਵੱਧ ਬਹੁਮਤ ਹੋਣ ਕਰ ਕੇ, ਕਿਸੇ ਵੀ ਮੀਟਿੰਗ ਦਾ 'ਕੋਰਮ' ਪੂਰਾ ਕਰਨ ਲਈ ਮੈਂਬਰਾਂ ਦੀ ਘਾਟ ਨਹੀਂ ਹੈ, ਪਰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਤ੍ਰੀ ਨਗਰ ਹਲਕੇ ਤੋਂ ਮੈਂਬਰ ਤੇ ਕਮੇਟੀ ਦੇ ਹੀ ਸਾਬਕਾ ਜਨਰਲ ਸਕੱਤਰ ਸ.ਗੁਰਮੀਤ ਸਿੰਘ ਸ਼ੰਟੀ ਵਲੋਂ ਇਕ ਤੋਂ ਬਾਅਦ ਇਕ ਦਿੱਲੀ ਸਰਕਾਰ ਦੇ ਗੁਰਦਵਾਰਾ ਡਾਇਰੈਕਟੋਰੇਟ ਤੇ ਦਿੱਲੀ ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੂੰ ਲਿੱਖੀਆਂ ਜਾ ਰਹੀਆਂ ਚਿੱਠੀਆਂ ਰਾਹੀਂ ਜੋ ਮੁੱਦੇ ਉਭਾਰੇ ਜਾ ਰਹੇ ਹਨ, ਉਸ ਨਾਲ ਕਮੇਟੀ ਦੇ ਅੰਦਰੂਨੀ ਕੰਮ ਕਾਰਜ ਤੇ ਮੈਂਬਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ, ਸਿੱਖਾਂ ਵਿਚ ਉਸਾਰੂ ਤੇ ਨਵੀਂ ਵਿਚਾਰ ਚਰਚਾ ਛਿੜ ਪਈ ਹੈ। ਕਮੇਟੀ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਵਲੋਂ 12 ਮਈ ਨੂੰ ਗੁਰਦਵਾਰਾ ਰਕਾਗ ਗੰਜ ਸਾਹਿਬ ਦੇ ਕਾਨਫ਼ਰੰਸ ਹਾਲ ਵਿਖੇ, ਸਵੇਰੇ 11 ਵੱਜੇ ਸੱਦੀ ਗਈ ਜਨਰਲ ਹਾਊਸ ਦੀ ਮੀਟਿੰਗ ਨੂੰ ਲੈ ਕੇ, ਜਿਸ ਤਰ੍ਹਾਂ ਸ. ਸ਼ੰਟੀ ਵਲੋਂ ਹੁਣ ਤੋਂ ਹੀ ਤਿੱਖੇ ਤੇਵਰ ਵਿਖਾਏ ਜਾ ਰਹੇ ਹਨ, ਤੇ ਲੋੜੀਂਦੇ ਰੀਕਾਰਡ ਦੀ ਮੰਗ ਕੀਤੀ ਜਾ ਰਹੀ ਹੈ, ਉਸ ਨਾਲ 'ਅੰਦਰਖਾਤੇ' ਪ੍ਰਬੰਧਕਾਂ ਲਈ ਨਵੀਂ ਚੁਨੌਤੀ ਪੈਦਾ ਹੋ ਗਈ ਹੈ, ਕਿਉਂਕਿ ਗੁਰਦਵਾਰਾ ਐਕਟ ਦੇ ਨਿਯਮਾਂ ਮੁਤਾਬਕ ਹਰੇਕ ਮੈਂਬਰ ਨੂੰ ਲੋੜੀਂਦਾ ਰੀਕਾਰਡ ਦੇਣਾ ਲਾਜ਼ਮੀ ਹੈ।ਅੱਜ ਸ.ਸ਼ੰਟੀ ਨੇ ਦੋਸ਼ ਲਾਇਆ ਹੈ ਕਿ ਕਮੇਟੀ ਪ੍ਰਬੰਧਕ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਤਕਰੀਬਨ ਚਾਰ ਸੋ ਮੁਲਾਜ਼ਮਾਂ ਨੂੰ ਕੱਢਣ ਦੀ ਤਿਆਰੀ ਕਰ ਰਹੇ ਹਨ, ਜਿਸ ਬਾਰੇ ਜਨਰਲ ਹਾਊਸ ਵਿਚ ਪ੍ਰਵਾਨਗੀ ਲਈ ਜਾਣੀ ਹੈ।ਇਹ ਸਿਧੇ ਤੌਰ 'ਤੇ ਮੁਲਾਜ਼ਮਾਂ ਦੇ ਢਿੱਡ 'ਤੇ ਲੱਤ ਮਾਰਨਾ ਹੋਵੇਗਾ।
Gurmit Singh Shanty
ਉਨ੍ਹਾਂ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੂੰ ਦੋ ਵੱਖ-ਵੱਖ ਚਿੱਠੀਆਂ, (ਜਿਸ ਦੀ ਕਾਪੀ, ਗੁਰਦਵਾਰਾ ਡਾਇਰੈਕਟਰ ਆਈ.ਏ.ਐਸ. ਸ.ਸ਼ੂਰਵੀਰ ਸਿੰਘ ਨੂੰ ਵੀ ਭੇਜੀ ਗਈ ਹੈ), ਭੇਜ ਕੇ, 12 ਮਈ ਦੇ ਏਜੰਡੇ ਦੀ ਲੜੀ ਨੰਬਰ 6 ਵਿਚ ਸ਼ਾਮਲ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਮਾਲੀ ਘਾਟੇ ਦਾ ਮੁੱਦਾ ਵਿਚਾਰੇ ਜਾਣ ਸਬੰਧੀ ਸਕੂਲਾਂ ਦੇ ਪਿਛਲੇ ਪੰਜ ਸਾਲ ਦੇ ਆਮਦਨ ਤੇ ਖ਼ਰਚ ਦੇ ਰੀਕਾਰਡ, ਮਾਫ਼ ਕੀਤੀਆਂ ਗਈਆਂ ਫੀਸਾਂ ਦੀ ਰਕਮ ਦਾ ਬਿਓਰਾ ਅਤੇ ਪੰਜ ਸਾਲਾਂ ਵਿਚ ਸਕੂਲਾਂ ਵਿਚ ਸਟਾਫ਼ ਦੀ ਕੀਤੀ ਗਈ ਭਰਤੀ ਦੇ ਰੀਕਾਰਡ ਦੀ ਪ੍ਰਮਾਣਕ ਕਾਪੀ ਸਾਰੇ ਮੈਂਬਰਾਂ ਨੂੰ ਭੇਜਣ ਦੀ ਮੰਗ ਕਰ ਦਿਤੀ ਹੈ। ਉਨਾਂ੍ਹ ਇਹ ਵੀ ਮੰਗ ਕੀਤੀ ਹੈ ਕਿ ਜਨਰਲ ਹਾਊਸ ਦੀ ਹੋਣ ਵਾਲੀ ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਉਸੇ ਤਰ੍ਹਾਂ ਟੀ ਵੀ ਚੈੱਨਲ ਰਾਹੀਂ ਜਾਂ ਘੱਟੋ-ਘੱਟ ਫੇਸਬੁੱਕ 'ਤੇ ਪ੍ਰਸਾਰਤ ਕੀਤਾ ਜਾਵੇ, ਜਿਸ ਤਰ੍ਹਾਂ ਲੋਕ ਸਭਾ, ਰਾਜ ਸਭਾ ਅਤੇ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਨੂੰ ਪ੍ਰਸਾਰਤ ਕੀਤਾ ਜਾਂਦਾ ਹੈ, ਤਾ ਕਿ ਸਿੱਖ ਸੰਗਤ ਇਹ ਵੇਖ ਤੇ ਸਮਝ ਸਕੇ, ਕਿ ਉਨ੍ਹਾਂ ਦੇ ਨੁਮਾਇੰਦੇ ਸਿੱਖ ਸੰਗਤ ਦੀ ਬਿਹਤਰੀ ਲਈ ਕੀ ਮਸਲੇ ਚੁਕਦੇ ਹਨ।