
ਅੱਜ ਸਵੇਰੇ ਕਰੀਬ 11:00 ਵਜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ 'ਤੇ ਅਚਾਨਕ ਬਰਗਾੜੀ ਵਿਖੇ ਇਨਸਾਫ਼ ਮੋਰਚੇ ਵਾਲੇ ਆਗੂਆਂ ਨੂੰ ...
ਕੋਟਕਪੂਰਾ, ਅੱਜ ਸਵੇਰੇ ਕਰੀਬ 11:00 ਵਜੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀਆਂ ਹਦਾਇਤਾਂ 'ਤੇ ਅਚਾਨਕ ਬਰਗਾੜੀ ਵਿਖੇ ਇਨਸਾਫ਼ ਮੋਰਚੇ ਵਾਲੇ ਆਗੂਆਂ ਨੂੰ ਮਿਲਣ ਲਈ ਪੁੱਜੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਖ-ਵੱਖ ਆਗੂਆਂ ਨਾਲ ਗੁਪਤ ਮੀਟਿੰਗਾਂ ਕਰ ਕੇ ਵਾਪਸ ਪਰਤ ਗਏ।
ਪਹਿਲਾਂ ਭਾਈ ਧਿਆਨ ਸਿੰਘ ਮੰਡ ਨਾਲ ਉਨ੍ਹਾਂ ਸੰਗਤ ਦੀ ਹਾਜ਼ਰੀ 'ਚ ਗੱਲ ਕੀਤੀ ਤੇ ਫਿਰ ਇਕੱਲਿਆਂ ਗੱਲਬਾਤ ਦੀ ਇੱਛਾ ਜ਼ਾਹਰ ਕਰਨ ਤੋਂ ਬਾਅਦ ਕਰੀਬ 7 ਮਿੰਟ ਤਕ ਉਨ੍ਹਾਂ ਦੀ ਗੱਲਬਾਤ ਮੰਤਰੀ ਦੀ ਗੱਡੀ 'ਚ ਹੋਈ।
ਉਪਰੰਤ ਬਰਗਾੜੀ ਦੇ ਸਾਬਕਾ ਸਰਪੰਚ ਜਗਵਿੰਦਰ ਸਿੰਘ ਔਲਖ ਦੇ ਗ੍ਰਹਿ ਵਿਖੇ ਬੰਦ ਕਮਰਾ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਤੇ ਡਾ. ਨਾਨਕ ਸਿੰਘ ਐਸਐਸਪੀ ਫ਼ਰੀਦਕੋਟ ਤੋਂ ਇਲਾਵਾ ਭਾਈ ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ, ਸਿਮਰਨਜੀਤ ਸਿੰਘ ਮਾਨ, ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬੂਟਾ ਸਿੰਘ ਰਣਸੀਂਹ, ਜਸਵੀਰ ਸਿੰਘ ਖੰਡੂਰ ਤੇ ਬਾਬਾ ਫ਼ੌਜਾ ਸਿੰਘ ਸੁਭਾਨਾ ਹਾਜ਼ਰ ਸਨ।
Protest Regarding Bargadi Case
ਭਾਈ ਮੰਡ ਦੀ ਤਰ੍ਹਾਂ ਦੂਜੀਆਂ ਪੰਥਕ ਸ਼ਖ਼ਸੀਅਤਾਂ ਨੇ ਵੀ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਵਾਲੀਆਂ ਤਿੰਨ ਮੰਗਾਂ ਦੀ ਪੂਰਤੀ ਤਕ ਮੋਰਚਾ ਬਰਕਰਾਰ ਰੱਖਣ ਦੀ ਗੱਲ ਦੁਹਰਾਈ। ਕਰੀਬ ਅੱਧਾ ਘੰਟਾ ਹੋਈ ਬੰਦ ਕਮਰਾ ਮੀਟਿੰਗ ਦੌਰਾਨ ਉਨ੍ਹਾਂ ਦੁਹਰਾਇਆ ਕਿ ਇਹ ਮੋਰਚਾ ਪੂਰੀ ਤਰ੍ਹਾਂ ਸ਼ਾਂਤ ਰਹੇਗਾ, ਨਾ ਕਿਸੇ ਦੇ ਕਾਰੋਬਾਰ 'ਚ ਤੇ ਨਾ ਹੀ ਆਵਾਜਾਈ 'ਚ ਅੜਿੱਕਾ ਪਾਇਆ ਜਾਵੇਗਾ।
ਇਸ ਤੋਂ ਇਲਾਵਾ ਹੁਣ ਤਕ ਇਸ ਮੰਚ ਤੋਂ ਕਿਸੇ ਵਿਰੁਧ ਕੋਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਵੀ ਨਹੀਂ ਕੀਤੀ ਗਈ। ਕੈਬਨਿਟ ਮੰਤਰੀ ਬਾਜਵਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਮੀਟਿੰਗ ਦੌਰਾਨ ਹੋਈ ਗੱਲਬਾਤ ਦਾ ਵਿਸਥਾਰ ਮੁੱਖ ਮੰਤਰੀ ਮੂਹਰੇ ਰੱਖ ਦੇਣਗੇ। ਇਹ ਗੱਲਾਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸੰਗਤ ਸਾਹਮਣੇ ਰੱਖਦਿਆਂ ਦਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਸ ਮੋਰਚੇ ਨੂੰ ਜਿੱਤ ਮਿਲਣ ਦੀ ਸੰਭਾਵਨਾ ਬਣੀ ਹੈ ਤੇ ਹੁਣ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ,
ਬੇਅਦਬੀ ਕਾਂਡ ਤੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਨਿਰਦੋਸ਼ ਸੰਗਤਾਂ ਉਪਰ ਢਾਹੇ ਗਏ ਅਤਿਆਚਾਰ ਨਾਲ ਸਬੰਧਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੇ ਉਨ੍ਹਾਂ ਨੂੰ ਸਜ਼ਾਵਾਂ ਵੀ ਜ਼ਰੂਰ ਮਿਲਣਗੀਆਂ। ਜ਼ਿਕਰਯੋਗ ਹੈ ਕਿ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਤੋਂ ਇਲਾਵਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਮੇਤ ਕਿਸੇ ਵੀ ਅਹੁਦੇਦਾਰ ਜਾਂ ਮੈਂਬਰ ਨੇ ਬਰਗਾੜੀ ਇਨਸਾਫ਼ ਮੋਰਚੇ 'ਚ ਅਜੇ ਤਕ ਇਕ ਦਿਨ ਵੀ ਹਾਜ਼ਰੀ ਨਹੀਂ ਲਵਾਈ, ਜਦਕਿ ਕਾਂਗਰਸ ਵਲੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਇਹ ਦੂਜੀ ਫੇਰੀ ਸੀ।