
ਪੰਥਕ ਮੰਗਾਂ ਨੂੰ ਲੈ ਕੇ ਬਰਗਾੜੀ ਵਿਖੇ ਚਲ ਰਹੇ ਇਨਸਾਫ਼ ਮੋਰਚੇ ਤੋਂ ਦੂਰੀ ਬਣਾਈ ਰੱਖਣ ਕਰ ਕੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ..
ਚੰਡੀਗੜ੍ਹ: ਪੰਥਕ ਮੰਗਾਂ ਨੂੰ ਲੈ ਕੇ ਬਰਗਾੜੀ ਵਿਖੇ ਚਲ ਰਹੇ ਇਨਸਾਫ਼ ਮੋਰਚੇ ਤੋਂ ਦੂਰੀ ਬਣਾਈ ਰੱਖਣ ਕਰ ਕੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿੱਖ ਪੰਥ ਤੋਂ ਅਲੱਗ-ਥਲੱਗ ਹੋ ਕੇ ਰਹਿ ਗਏ ਹਨ। ਦੋਹਾਂ ਬਾਦਲਾਂ ਅਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਨੇ ਇਨਸਾਫ਼ ਮੋਰਚੇ ਪ੍ਰਤੀ ਟਾਲਾ ਵਟਿਆ ਹੋਇਆ ਹੈ ਜਦਕਿ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਵਰਕਰ ਧਰਨੇ ਵਾਲੇ ਸਥਾਨ 'ਤੇ ਲਗਾਤਾਰ ਜਾ ਰਹੇ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਹੁਰਮਤੀ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ, ਬਰਗਾੜੀ ਗੋਲੀਕਾਂਡ ਦੇ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬਰਗਾੜੀ ਵਿਖੇ ਪਹਿਲੀ ਜੂਨ ਤੋਂ ਇਨਸਾਫ਼ ਮੋਰਚਾ ਸ਼ੁਰੂ ਕੀਤਾ ਗਿਆ ਹੈ। ਸੰਘਰਸ਼ ਨੂੰ ਦੇਸ਼-ਵਿਦੇਸ਼ ਦੀਆਂ ਸਿੱਖ ਜਥੇਬੰਦੀਆਂ ਹਮਾਇਤ ਦੇ ਰਹੀਆਂ ਹਨ। ਬਰਗਾੜੀ ਵਿਖੇ ਚਲ ਰਹੇ ਇਨਸਾਫ਼ ਮੋਰਚੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਏਲਚੀ ਵਜੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹਾਜ਼ਰੀ ਭਰ ਚੁੱਕੇ ਹਨ।
Harnam Singh
ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਤਿੰਨ ਦਿਨ ਧਰਨੇ 'ਚ ਜਾਂਦੇ ਰਹੇ ਹਨ। ਬਹੁਜਨ ਸਮਾਜ ਪਾਰਟੀ ਦੇ ਨੇਤਾਵਾਂ ਨੇ ਵੀ ਲਗਾਤਾਰ ਦੋ ਦਿਨ ਜਾ ਕੇ ਹਮਾਇਤ ਦਾ ਪ੍ਰਗਟਾਵਾ ਕੀਤਾ ਹੈ। ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਸਮੇਤ ਸਿੱਖ ਬਾਬਿਆਂ ਅਤੇ ਕਾਰਸੇਵਾ ਵਾਲੇ ਸੰਤਾਂ ਵਲੋਂ ਵੀ ਮੋਰਚੇ ਨੂੰ ਹੁਲਾਰਾ ਦਿਤਾ ਗਿਆ ਹੈ। ਭਾਰਤੀ ਵਾਲਮੀਕ ਸਭਾ ਅਤੇ ਬਾਮ ਸੇਫ਼ ਦੇ ਨੇਤਾ ਖ਼ੁਦ ਚਲ ਕੇ ਮੋਰਚੇ ਦੇ ਆਗੂਆਂ ਨੂੰ ਮਿਲ ਚੁੱਕੇ ਹਨ।
ਸੱਭ ਤੋਂ ਅਹਿਮ ਪੱਖ ਇਹ ਹੈ ਕਿ ਬਾਦਲਾਂ ਦੇ ਕਾਫ਼ੀ ਨੇੜਲੇ ਮੰਨੇ ਜਾਂਦੇ ਦਮਦਮੀ ਟਕਸਾਲ ਦੇ ਆਗੂ ਹਰਨਾਮ ਸਿੰਘ ਧੁੰਮਾ ਵੀ ਅਪਣੇ ਸਾਥੀਆਂ ਸਮੇਤ ਧਰਨੇ 'ਤੇ ਹਾਜ਼ਰੀ ਲਵਾ ਗਏ ਹਨ। ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਲਗਾਤਾਰ ਮੋਰਚੇ ਵਿਚ ਬੈਠ ਰਹੇ ਹਨ ਉਨ੍ਰਾਂ ਵਿਚ ਦਲਜੀਤ ਸਿੰਘ ਮਹਿਰਾਜ, ਬੂਟਾ ਸਿੰਘ ਅਤੇ ਜਗਤਾਰ ਸਿੰਘ ਰੋਡੇ ਆਦਿ ਦੇ ਨਾਂ ਸ਼ਾਮਲ ਹਨ। ਲੋਕਜਨ ਸ਼ਕਤੀ ਪਾਰਟੀ ਦੇ ਸੂਬਾਈ ਨੇਤਾ ਕਿਰਨਜੀਤ ਸਿੰਘ ਵੀ ਮੋਰਚੇ ਨੂੰ ਹਮਾਇਤ ਦੇ ਚੁੱਕੇ ਹਨ। ਦਲ ਖ਼ਾਲਸਾ ਦੇ ਨੇਤਾ ਵੀ ਸੰਘਰਸ਼ ਨਾਲ ਡਟ ਕੇ ਖੜੇ ਹਨ ਹਾਲਾਂਕਿ ਉਨ੍ਹਾਂ ਵੀ ਜਥੇਦਾਰਾਂ ਦੀ ਅਗਵਾਈ ਕਬੂਲ ਨਹੀਂ ਕੀਤੀ।
ਆਲ ਇੰਡੀਆ ਆਦਿ ਧਰਮ ਸਮਾਜ ਵੀ ਲਿਖਤੀ ਹਮਾਇਤ ਭੇਜ ਚੁੱਕਾ ਹੈ। ਧਰਨੇ ਦੀ ਮੋਹਰਲੀ ਕਤਾਰ ਦੇ ਆਗੂਆਂ ਦਾ ਦਾਅਵਾ ਹੈ ਕਿ ਸਿੱਖ ਪੰਥ ਦੇ ਅਖੌਤੀ ਨੇਤਾ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਮੋਰਚੇ ਵਿਚ ਆ ਕੇ ਨਾ ਢੁਕੇ ਹਨ ਤੇ ਨਾ ਹੀ ਪੰਥਕ ਮੰਗਾਂ ਦੇ ਹੱਕ ਵਿਚ ਕੋਈ ਬਿਆਨ ਦਿਤਾ ਹੈ। ਬਰਗਾੜੀ ਦੇ ਗੁਰਦਵਾਰੇ ਵਿਚ ਸ਼ਰਾਰਤੀ ਅਨਸਰਾਂ ਵਲੋਂ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ ਕੇ ਬੇਅਦਬੀ ਕੀਤੀ ਗਈ ਸੀ। ਉਸ ਤੋਂ ਬਾਅਦ ਇਨਸਾਫ਼ ਮੰਗਦੇ ਸਿੱਖਾਂ 'ਤੇ ਪੰਜਾਬ ਪੁਲਿਸ ਨੇ ਬਰਗਾੜੀ ਵਿਖੇ ਗੋਲੀ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰ ਦਿਤਾ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਦਿਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਸਰਬੱਤ ਖ਼ਾਲਸਾ ਦੀ ਅਗਵਾਈ ਮਨਜ਼ੂਰ ਨਹੀਂ ਹੈ। ਬੇਅਦਬੀ ਤੇ ਗੋਲੀਕਾਂਡ ਦੇ ਅਸਲੀ ਦੋਸ਼ੀ ਫੜਨ ਦੀ ਲੋੜ ਹੈ ਅਤੇ ਅਕਾਲੀ ਦਲ 100 ਫ਼ੀ ਸਦੀ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕਰਦਾ ਹੈ। ਅਕਾਲੀ ਦਲ ਯੂਨਾਈਟਡ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਚੀਮਾ ਦੇ ਦੋਸ਼ਾਂ ਨੂੰ ਝੁਠਲਾਉਂਦਿਆਂ ਕਿਹਾ ਕਿ ਇਹ ਸਿੱਖ ਪੰਥ ਦਾ ਮਸਲਾ ਹੈ ਅਤੇ ਇਹ ਸੰਘਰਸ਼ ਪੂਰੀ ਕੌਮ ਵਲੋਂ ਕੀਤਾ ਜਾ ਰਿਹਾ ਹੈ। ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰਾਂ ਦੇ ਬਹਾਨੇ ਬਾਦਲਾਂ ਨੂੰ ਪੰਥਕ ਮਸਲਿਆਂ ਤੋਂ ਭਜਣਾ ਦੀ ਕੀਮਤ ਲਾਹੁਣੀ ਪਵੇਗੀ।