
ਕਿਹਾ, ਸ਼੍ਰੋਮਣੀ ਕਮੇਟੀ ਦੀ ਜਿੰਮੇਵਾਰੀ ਹਾਲ ਉਪਲਬਧ ਕਰਵਾਉਣ ਤੱਕ ਸੀਮਿਤ ਹੈ, ਜਦਕਿ ਸਮਾਗਮ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਆਯੋਜਕਾਂ ਦੀ ਹੁੰਦੀ ਹੈ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਤੇ ਮਰਿਆਦਾ ਨੂੰ ਨੀਤੀਗਤ ਤੌਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਸ. ਜਸਬੀਰ ਸਿੰਘ ਘੁੰਮਣ ਵੱਲੋਂ ਲਗਾਏ ਗਏ ਦੋਸ਼ਾਂ ਦਾ ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਨੇ ਪੂਰਨ ਤੌਰ ’ਤੇ ਖੰਡਨ ਕੀਤਾ ਹੈ।
ਸ. ਧੰਗੇੜਾ ਨੇ ਸਪੱਸ਼ਟ ਕੀਤਾ ਕਿ ਬੀਬੀ ਸਤਵੰਤ ਕੌਰ ਦੀ ਮੰਗ ਅਨੁਸਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਪੱਤਰ ਦੇ ਅਧਾਰ ’ਤੇ ਭਾਈ ਗੁਰਦਾਸ ਹਾਲ ਦੀ ਉਨ੍ਹਾਂ ਨੂੰ ਲਿਖਤੀ ਤੌਰ ਉੱਤੇ ਪੇਸ਼ਕਸ਼ ਕੀਤੀ ਗਈ ਸੀ। ਮੰਗ ਕਰਨ ਵਾਲੇ ਵੱਲੋਂ ਸਹਿਮਤੀ ਦੇਣ ਤੋਂ ਬਾਅਦ ਇਸ ਹਾਲ ਦੀ ਸਾਫ ਸਫ਼ਾਈ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਸ. ਜਸਬੀਰ ਸਿੰਘ ਘੁੰਮਣ, ਸ. ਬਲਵਿੰਦਰ ਸਿੰਘ ਜੌੜਾ ਅਤੇ ਸ. ਰਘਬੀਰ ਸਿੰਘ ਕਈ ਵਾਰ ਹਾਲ ਵਿੱਚ ਆਏ।
ਇਸ ਦੌਰਾਨ ਹੀ ਇਨ੍ਹਾਂ ਨੂੰ ਸਪੱਸ਼ਟ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੀ ਜਿੰਮੇਵਾਰੀ ਹਾਲ ਉਪਲਬਧ ਕਰਵਾਉਣ ਤੱਕ ਸੀਮਿਤ ਹੈ, ਜਦਕਿ ਸਮਾਗਮ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਆਯੋਜਕਾਂ ਦੀ ਹੁੰਦੀ ਹੈ। ਮਰਿਆਦਾ ਨੂੰ ਮੁੱਖ ਰੱਖਦਿਆਂ ਸ੍ਰੀ ਦਰਬਾਰ ਸਾਹਿਬ ਵਲੋਂ ਰਾਜਸੀ ਸਮਾਗਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਉਚਿਤ ਨਹੀਂ ਹੈ। ਪਰੰਤੂ, ਇਸ ਸਿੱਧੀ ਗੱਲ ਨੂੰ ਸਵੀਕਾਰ ਕਰਨ ਦੀ ਬਜਾਏ ਉਨ੍ਹਾਂ ਨੇ ਹੰਕਾਰੀ ਲਹਿਜ਼ੇ ਵਿੱਚ ਸਿੱਖ ਸੰਸਥਾ ਦੀ ਸ਼ਾਨ ਵਿਰੁੱਧ ਟਿੱਪਣੀਆਂ ਕਰਨੀ ਸ਼ੁਰੂ ਕਰ ਦਿੱਤੀਆਂ।
ਸ. ਧੰਗੇੜਾ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਪੂਰੀ ਤਰ੍ਹਾਂ ਜਾਣਬੁੱਝ ਕੇ ਸ਼੍ਰੋਮਣੀ ਕਮੇਟੀ ਦੀ ਛਵੀ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। ਸ਼੍ਰੋਮਣੀ ਕਮੇਟੀ ਹਮੇਸ਼ਾ ਗੁਰਮਰਿਆਦਾ ਅਤੇ ਸੇਵਾ ਦੇ ਨਿਸ਼ਕਾਮ ਸਿਧਾਂਤਾਂ ’ਤੇ ਅਡਿੱਗ ਰਹੀ ਹੈ ਅਤੇ ਰਹੇਗੀ।