
ਸ਼੍ਰੋਮਣੀ ਕਮੇਟੀ ਵੋਟਾਂ 'ਚ ਧਾਂਦਲੀ ਰੋਕਣ ਲਈ ਸਰਕਾਰੀ ਵੋਟ 'ਚ ਸਿੰਘ ਤੇ ਕੌਰ ਵਾਲੀਆਂ ਵੋਟਾਂ ਵੱਖ ਕਰ ਲਈਆਂ ਜਾਣ - ਬਲਦੇਵ ਸਿੰਘ ਵਡਾਲਾ
ਕਿਹਾ - ਬਾ-ਸ਼ਰਤ ਉਹ ਵੋਟਰ ਸਾਬਤ ਸੂਰਤ ਹੋਣ ਅਤੇ ਖੰਡੇ ਕੀ ਪਹੁਲ ਤੇ ਨਿਸਚਾ ਰੱਖਦੇ ਹੋਣ
ਚੰਡੀਗੜ੍ਹ - ਮਿਤੀ 8 ਨਵੰਬਰ 2023 ਨੂੰ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਬਣ ਰਹੀਆਂ ਵੋਟਾਂ ਨੂੰ ਮੁੱਖ ਰੱਖ ਕੇ ਹੋਣ ਵਾਲੀ ਧਾਂਦਲੀ ਅਤੇ ਪੱਖਪਾਤ ਨੂੰ ਰੋਕਣ ਲਈ 17 ਸੈਕਟਰ ਵਿਖੇ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨਾਲ ਬਲਦੇਵ ਸਿੰਘ ਵਡਾਲਾ ਕੌਮੀ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਪਤਵੰਤੈ ਸੇਵਾਦਾਰ ਨਾਲ ਇੱਕ ਵਫਦ ਦੇ ਰੂਪ ਵਿਚ ਮਿਲੇ।
ਲੰਮਾ ਸਮਾਂ ਵਿਚਾਰ ਵਟਾਂਦਰਾ ਹੋਇਆ ਅਤੇ ਸਖ਼ਤੀ ਨਾਲ ਕਦਮ ਚੁੱਕੇ ਜਾਣ ਲਈ ਇੱਕ ਚਿੱਠੀ ਵੀ ਗੁਰਦੁਆਰਾ ਮੁੱਖ ਚੋਣ ਕਮਿਸ਼ਨਰ ਨੂੰ ਦਿੱਤੀ ਗਈ। ਜਿਸ ਦਾ ਵਿਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਨਿਰਪੱਖ, ਧਾਂਦਲੀ-ਮੁਕਤ ਚੋਣਾਂ ਕਰਵਾਉਣ ਅਤੇ ਵੋਟਾਂ ਬਣਾਉਣ ਹਿੱਤ ਜ਼ਰੂਰੀ ਕਦਮ ਚੁੱਕਣ ਸਬੰਧੀ ਸੀ।
ਇਸ ਵਿਚ ਇਹ ਕਿਹਾ ਗਿਆ ਕਿ ਜਿੱਥੇ ਆਪ ਜੀ ਦੇ ਮੁੱਖ ਚੋਣ ਅਯੁਕਤ ਨਿਯੁਕਤ ਹੋਣ ਤੇ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਧਾਂਦਲੀ-ਮੁਕਤ ਅਤੇ ਪ੍ਰਭਾਵ ਮੁਕਤ ਨਿਰਪੱਖ ਚੋਣਾਂ ਹੋਣ ਦੀ ਉਮੀਦ ਜਾਗੀ ਹੈ।
ਉੱਥੇ ਪਿਛਲੇ ਤਜ਼ਰਬੇ ਦੇ ਆਧਾਰ 'ਤੇ ਅਸੀਂ ਆਪਣੀ ਜਥੇਬੰਦੀ ਵੱਲੋਂ ਕੁਝ ਹੇਠ ਲਿਖੇ ਅਨੁਸਾਰ ਇਹ ਸੁਝਾਅ ਰੱਖ ਰਹੇ ਹਾਂ। ਆਸ ਹੈ ਕਿ ਆਪ ਜੀ ਸੰਵਿਧਾਨ, ਕਾਨੂੰਨ, ਅਤੇ ਜਮਹੂਰੀਅਤ ਦੇ ਉੱਜਲ ਭਵਿੱਖ ਲਈ ਇੰਨਾਂ 'ਤੇ ਜਰੂਰ ਗੌਰ ਫੁਰਮਾਓਗੇ।
1 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਨਵੇਂ ਸਿਰੇ ਤੋਂ ਵੋਟਾਂ ਬਣਾਉਣ ਦੀ ਬਜਾਏ, ਕਿਉਂ ਨਾ
ਬੀ ਐਲ ਓ, ਈ ਆਰਓ,ਸੁਪਰਵਾਈਜ਼ਰ, ਐਸ ਡੀ ਐਮ, ਡੀਸੀ,ਚੀਫ ਕਮਿਸ਼ਨਰ ਰਾਂਹੀ ਸਾਲ ਵਿਚ ਦੋ-ਦੋ ਵਾਰ ਸਰਵੇ ਕਰ ਕੇ ਪੰਚਾਇਤੀ, ਐਮ ਸੀ, ਵਿਧਾਨ ਸਭਾ, ਲੋਕ ਸਭਾ, ਚੋਣਾਂ ਲਈ ਬਣਾਈਆਂ ਪ੍ਰਮਾਣਿਤ ਵੋਟਾਂ ਵਿਚੋਂ ਹੀ ਸਿੰਘ ਤੇ ਕੌਰ ਵਾਲੀਆਂ ਵੋਟਾਂ ਵੱਖ ਕਰ ਲਈਆਂ ਜਾਣ ਜਿਸ ਕਰਕੇ ਵੋਟਾਂ ਬਣਾਉਣ ਵੇਲੇ ਸਰਕਾਰ ਪ੍ਰਸ਼ਾਸਨ ਅਤੇ ਲੋਕਾਂ ਦੀ ਖੱਜਲਖੁਆਰੀ ਦੇ ਨਾਲ-ਨਾਲ ਹੋਣ ਵਾਲੇ ਖਰਚੇ ਤੇ ਬਰਬਾਦ ਹੋ ਰਹੇ ਸਮੇਂ ਨੂੰ ਬਚਾਇਆ ਜਾ ਸਕਦਾ ਹੈ।
ਇਹ ਵੀ ਕਿ ਇਸ ਉੱਦਮ ਨਾਲ ਧਾਂਦਲੀ, ਪੱਖਪਾਤ ਅਤੇ ਸਿੱਖਾਂ ਦੀ ਪੰਜਾਬ ਵਿਚ ਘਟਾਈ ਜਾਣ ਵਾਲੀ ਗਿਣਤੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹਰੇਕ ਨਾਨਕ ਨਾਮ ਲੇਵਾ ਖਾਲਸਾ ਪੰਥ ਦੇ ਵਾਰਿਸ ਸਿੱਖ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਸਕਦਾ ਹੈ।
ਉਹਨਾਂ ਨੇ ਕਿਹਾ ਕਿ ਇਸ ਨਾਲ ਹਰ ਵਾਰ ਵੋਟਰ ਲਈ ਨਵੇਂ ਸਿਰਿਉਂ ਨਵੇਂ ਪੱਤਰ ਬਣਾਉਣ ਦੀ ਲੋੜ ਵੀ ਨਹੀਂ ਪਏਗੀ ਅਤੇ ਵੋਟਰਾਂ ਨੂੰ ਵੀ ਪੱਕੇ ਤੌਰ 'ਤੇ ਵੋਟਰ ਪੱਤਰ ਮੁਹੱਈਆ ਹੋ ਸਕਣਗੇ।
ਉਹਨਾਂ ਨੇ ਕਿਹਾ ਕਿ ਬਾ ਸ਼ਰਤ ਇਹ ਲਾਜ਼ਮੀ ਹੋਵੇ ਕਿ ਵੋਟ ਪਾਉਣ ਦਾ ਅਧਿਕਾਰ ਕੇਵਲ ਸਾਬਤ ਸੂਰਤ ਸਿੱਖ ਜਾਂ ਉਸ ਬੀਬੀ ਨੂੰ ਹੀ ਹੋਵੇ, ਜੋ ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖੰਡੇ ਕੀ ਪਹੁਲ ਤੇ ਨਿਸਚਾ ਰੱਖਦੇ ਹੋਣ। ਗਲਤ ਜਾਣਕਾਰੀ ਦੇਣ ਵਾਲੇ ਜਾਂ ਗਲਤ ਵੋਟ ਪਾਉਣ ਵਾਲੇ 'ਤੇ ਕਾਨੂੰਨ ਮੁਤਾਬਿਕ ਤੁਰੰਤ ਕਾਰਵਾਈ ਹੋਵੇ।
ਇਸ ਚੋਣ ਨੂੰ ਧਾਂਦਲੀ-ਮੁਕਤ ਕਰਨ ਲਈ ਵੱਖਰੇ ਤੌਰ 'ਤੇ ਮੌਜੂਦਾ ਪੁਖਤਾ ਪ੍ਰਬੰਧ ਹੋਣ ਇਹ ਵੀ ਕਿਹਾ ਕਿ ਜੇਕਰ ਆਪ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੂੰ ਵੱਖਰੇ ਤੌਰ 'ਤੇ ਹੀ ਬਣਾਉਣ ਨੂੰ ਮੁਨਾਸਿਬ ਸਮਝਦੇ ਹੋ ਤਾਂ ਫਿਰ ਉਪਰੋਕਤ ਲਿਖੇ ਅਨੁਸਾਰ ਵੋਟਾਂ ਬਣਾਉਣ ਦਾ ਕਾਰਜ ਵਿਧਾਨ ਸਭਾ, ਲੋਕ ਸਭਾ ਦੀਆਂ ਵੋਟਾਂ ਦੀ ਤਰਾਂ ਬੀ ਐਲ ਓ, ਈ ਆਰ ਓ, ਸੁਪਰਵਾਈਜ਼ਰ,ਐਸ ਡੀ ਐਮ,ਡੀ ਸੀ, ਚੀਫ ਕਮਿਸ਼ਨਰ ਰਾਹੀ ਘਰ-ਘਰ ਜਾਕੇ ਬਣਵਾਈਆਂ ਜਾਣ ਜਾਂ ਸ਼ਹਿਰ, ਨਗਰ, ਕਸਬੇ 'ਚ ਬਣੇ ਗੁਰੂਘਰਾਂ 'ਚ ਪ੍ਰਬੰਧ ਕੀਤੇ ਜਾਣ ਤਾਂ ਕਿ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਖੱਜਲਖੁਆਰੀ ਪੱਖਪਾਤ ਅਤੇ ਧਾਂਦਲੀ ਨੂੰ ਰੋਕਿਆ ਜਾ ਸਕੇ।
ਪਿਛਲੀ 21 ਅਕਤੂਬਰ ਤੋਂ ਇਹ ਸਾਹਮਣੇ ਆਇਆ ਹੈ ਪ੍ਰਵਾਰ ਇਕੱਠੇ ਹੋ ਕੇ ਜਾਣ ਤੇ ਇੰਨੇ ਜਣੇ ਕਿਉਂ ਆਏ, ਇਕੱਲੇ ਗਏ ਤਾਂ ਅੱਗੋਂ ਜਵਾਬ ਇਹ ਥੱਬਾ ਚੁੱਕ ਲਿਆਏ ਓ ਬਾਕੀ ਬੰਦੇ ਕਿੱਥੇ? ਫਿਰ ਦਫ਼ਤਰਾਂ 'ਚ ਕਿਵੇਂ ਜਾਣ? ਦਫ਼ਤਰ 'ਚ ਬੈਠਾ ਸਟਾਫ਼ ਜ਼ਿੰਮੇਵਾਰੀ ਚੁੱਕਣ ਲਈ ਤਿਆਰ ਨਹੀਂ। ਇਹ ਵੀ ਦੱਸਣ ਲਈ ਕੋਈ ਤਿਆਰ ਨਹੀਂ ਫਾਰਮ ਗਲਤ ਹੈ ਜਾਂ ਸਹੀ, ਦਸਤਾਵੇਜ਼ ਪੂਰੇ ਹਨ ਜਾਂ ਨਹੀਂ?
-ਰਸੀਦ ਨੰਬਰ ਕੋਈ ਨਹੀਂ?
-ਵੋਟਰ ਫਾਰਮ ਉੱਤੇ ਦਫ਼ਤਰੀ ਮੋਹਰ ਨਾ ਹੋਣ ਕਰਕੇ ਤਿੰਨ ਤਰਾਂ ਦੇ ਫਾਰਮ ਭਰੇ ਜਾ ਰਹੇ ਹਨ ਅਤੇ ਵੰਡੇ ਜਾ ਰਹੇ ਹਨ। ਜਿਸ ਦਾ ਕਿਸੇ ਕੋਲ ਕੋਈ ਜਵਾਬ ਨਹੀਂ।
-ਅਨਸੂਚਿਤ ਜਾਤੀ ਦਾ ਵੇਰਵਾ ਦਿੱਤਾ ਹੋਣ ਕਰਕੇ ਕੁਝ ਭੁਲੇਖੇ ਵਿਚ ਦੋ ਥਾਵਾਂ ਤੇ ਹਸਤਾਖ਼ਰ ਕਰਨਗੇ, ਉਹਨਾਂ ਵੋਟਰਾਂ ਦੀਆਂ ਜਾਂ ਤਾਂ ਦੋ ਵੋਟਾਂ ਬਣਨਗੀਆਂ ਜਾਂ ਇੱਕ ਵੀ ਕੱਟੀ ਜਾਵੇਗੀ ਜਿਸ ਕਰਕੇ ਬਹੁ ਗਿਣਤੀ ਵੋਟਰ ਵਾਂਝੇ ਰਹਿ ਸਕਦੇ ਹਨ। ਜੋ ਚੋਣ ਨਤੀਜਿਆਂ ਨੂੰ ਉਲਟ-ਪੁਲਟ ਕਰ ਸਕਦੇ ਹਨ।
ਜਿਸ ਨਾਲ ਜਮਹੂਰੀਅਤ ਸੰਵਿਧਾਨ ਕਾਨੂੰਨ ਦੀ ਖਿੱਲੀ ਉੱਡੇਗੀ ਲੋਕਾਂ ਦਾ ਵਿਸ਼ਵਾਸ ਟੁੱਟਣ ਦੇ ਨਾਲ-ਨਾਲ ਦੁਨੀਆ ਭਰ ਵਿਚ ਬਦਨਾਮੀ ਵੀ ਹੋਵੇਗੀ। ਉਹਨਾਂ ਨੇ ਹਰੇਕ ਵੋਟਰ ਨੂੰ ਅਧਾਰ ਕਾਰਡ ਨਾਲ ਜੋੜਨ ਦੀ ਮੰਗ ਕੀਤੀ ਹੈ।