
ਭਾਵੇਂ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਬਾਰੇ ਜਾਂਚ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ....
ਕੋਟਕਪੂਰਾ : ਭਾਵੇਂ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਬਾਰੇ ਜਾਂਚ ਦੌਰਾਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦੇ ਪੰਜਾਬ ਵਿਧਾਨ ਸਭਾ 'ਚ ਕਮਾਲ ਦੇ ਪ੍ਰਗਟਾਵੇ ਹੋਏ ਅਤੇ ਸੋਸ਼ਲ ਮੀਡੀਆ ਨੇ ਵੀ ਸਪੱਸ਼ਟ ਕਰ ਦਿਤਾ ਕਿ ਨਿਹੱਥੇ ਸਿੱਖਾਂ ਨਾਲ ਪੁਲਿਸ ਨੇ ਬਹੁਤ ਜ਼ਿਆਦਤੀ ਅਤੇ ਧੱਕੇਸ਼ਾਹੀ ਕੀਤੀ, ਪੁਲਿਸ ਵਲੋਂ ਅਪਣੇ ਜਾਂ ਸਿੱਖਾਂ ਦੇ ਵਾਹਨਾਂ ਦੀ ਬੇਰਹਿਮੀ ਨਾਲ ਭੰਨਤੋੜ ਕਰਨ ਬਾਰੇ ਵੀ ਪ੍ਰਗਟਾਵੇ ਹੋਏ ਪਰ ਹੁਣ ਰੋਜ਼ਾਨਾ ਸਪੋਕਸਮੈਨ ਹੱਥ ਅਜਿਹੀਆਂ ਤਸਵੀਰਾਂ ਲੱਗੀਆਂ ਹਨ
ਜਿਨ੍ਹਾਂ ਨੂੰ ਦੇਖ ਕੇ ਸਪੱਸ਼ਟ ਹੋ ਜਾਵੇਗਾ ਕਿ ਪੁਲਿਸ ਨੇ ਅਪਣੇ ਜਾਂ ਬੇਗਾਨਿਆਂ ਦੇ ਵਾਹਨਾਂ ਨੂੰ ਖ਼ੁਦ ਅੱਗ ਲਾਈ ਜਾਂ ਭੰਨਤੋੜ ਕੀਤੀ। ਜ਼ਿਕਰਯੋਗ ਹੈ ਕਿ ਘਟਨਾ ਵਾਲੇ ਦਿਨ ਸਵੇਰੇ ਕਰੀਬ 6:30 ਵਜੇ ਤੋਂ ਬਾਅਦ ਅੱਧੇ ਘੰਟੇ 'ਚ ਹੀ ਪੁਲਿਸ ਨੇ ਸਾਰੀਆਂ ਸੰਗਤਾਂ ਨੂੰ ਖਦੇੜ ਦਿਤਾ ਅਤੇ ਬੱਤੀਆਂ ਵਾਲਾ ਚੌਕ ਸਾਰਾ ਪੁਲਿਸ ਦੇ ਕਬਜ਼ੇ ਹੇਠ ਆ ਗਿਆ। ਰੋਜ਼ਾਨਾ ਸਪੋਕਸਮੈਨ ਵਲੋਂ ਇਕ ਅੱਗ ਲਾ ਕੇ ਸਾੜੀ ਗਈ ਜਿਪਸੀ ਦੀਆਂ ਤਿੰਨ ਅਜਿਹੀਆਂ ਤਸਵੀਰਾਂ ਨੂੰ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਇਕ ਤਸਵੀਰ ਰਾਹੀਂ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਉਹ ਜਿਪਸੀ ਪੁਲਿਸ ਦੇ ਕਬਜ਼ੇ 'ਚ ਹੈ ਪਰ ਉਸ ਤੋਂ ਬਾਅਦ ਉਸ ਜਿਪਸੀ ਨੂੰ ਵੀ ਅੱਗ ਦੇ ਹਵਾਲੇ ਕਰ ਦਿਤਾ
ਗਿਆ। ਭਾਵੇਂ ਸੁਪਰੀਮ ਕੋਰਟ ਦੇ ਸੇਵਾ ਮੁਕਤ ਜਸਟਿਸ ਕਾਟਜੂ ਦੀ ਅਗਵਾਈ ਵਾਲੇ ਪੀਪਲਜ਼ ਕਮਿਸ਼ਨ, ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਕੈਪਟਨ ਸਰਕਾਰ ਵਲੋਂ ਗਠਤ ਕੀਤੀ ਗਈ ਐਸਆਈਟੀ ਸਾਹਮਣੇ ਪੀੜਤਾਂ ਨੇ ਹਲਫ਼ੀਆ ਬਿਆਨ ਦੇ ਕੇ ਅਹਿਮ ਪ੍ਰਗਟਾਵੇ ਕੀਤੇ ਸਨ ਕਿ ਪੁਲਿਸ ਨੇ ਸਾਰੀਆਂ ਸੰਗਤਾਂ ਨੂੰ ਖਦੇੜਨ ਤੋਂ ਬਾਅਦ ਦੂਰ-ਦੂਰ ਤਕ ਭੱਜੇ ਜਾਂਦੇ ਸਿੱਖਾਂ ਨੂੰ ਘੇਰ-ਘੇਰ ਕੇ ਕੁੱਟਿਆ ਅਤੇ ਵਾਹਨਾਂ ਦੀ ਭੰਨਤੋੜ ਕੀਤੀ ਜਾਂ ਅੱਗ ਦੇ ਹਵਾਲੇ ਕਰ ਦਿਤਾ ਗਿਆ। ਹੁਣ ਉਕਤ ਤਸਵੀਰਾਂ ਅਪਣਾ ਬਚਾਅ ਕਰਨ ਲਈ ਯਤਨਸ਼ੀਲ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਾਸਤੇ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀਆਂ ਹਨ।
ਇਸ ਸਬੰਧੀ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਨਾਲ ਜੁੜੇ ਤੱਥ ਜੁਟਾਉਣ ਲਈ ਮੌਕੇ ਦੇ ਗਵਾਹਾਂ ਨੂੰ ਵਾਰ-ਵਾਰ ਅਪੀਲਾਂ ਕਰ ਚੁਕੇ ਹਨ। ਉਨ੍ਹਾਂ ਆਖਿਆ ਕਿ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਾਰੇ ਸਬੂਤਾਂ ਦਾ ਐਸਆਈਟੀ ਤਕ ਪਹੁੰਚਣਾ ਜਾਂ ਪਹੁੰਚਾਉਣਾ ਬਹੁਤ ਜ਼ਰੂਰੀ ਹੈ।