
ਹਰ ਮਹੀਨੇ ਕੀਤਾ ਜਾਵੇਗਾ ਜਾਂਚ ਦਾ ਖੁਲਾਸਾ
ਕੋਟਕਪੂਰਾ : ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਪਿਛਲੇ 115 ਦਿਨਾਂ ਤੋਂ ਬਹਿਬਲ ਕਲਾਂ ਵਿਖੇ ਪੀੜਤ ਪ੍ਰਵਾਰਾਂ ਵਲੋਂ ਲਾਏ ਗਏ ਪੱਕੇ ਮੋਰਚੇ ’ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਐਡਵੋਕੇਟ ਜਨਰਲ ਨਾਲ ਕੰਮ ਕਰਦੀ ਵਕੀਲਾਂ ਦੀ ਟੀਮ ਵਕੀਲ ਸੰਤੋਖਇੰਦਰ ਸਿੰਘ ਦੀ ਅਗਵਾਈ ਹੇਠ ਧਰਨਾ ਸਥਾਨ ‘ਤੇ ਭੇਜੀ ਸੀ
Behbal Kalan Insaf Morcha
ਟੀਮ ਦੀ ਪੀੜਤ ਪਰਿਵਾਰਾਂ ਨਾਲ ਕਾਫ਼ੀ ਲੰਬਾ ਸਮਾਂ ਗੱਲਬਾਤ ਚੱਲੀ ਤੇ ਹੁਣ ਪੰਜਾਬ ਸਰਕਾਰ ਨੇ ਪੀੜਤ ਪਰਿਵਾਰਾਂ ਤੋਂ 3 ਮਹੀਨੇ ਦਾ ਸਮਾਂ ਮੰਗਿਆ ਹੈ ਤੇ ਕਿਹਾ ਹੈ ਕਿ ਇਹਨਾਂ 3 ਮਹੀਨਿਆਂ ਵਿਚ ਹਰ ਮਹੀਨੇ ਜਾਂਚ ਦਾ ਖੁਲਾਸਾ ਕੀਤਾ ਜਾਵੇਗਾ। ਬਹਿਬਲ ਖੁਰਦ (ਨਿਆਮੀਵਾਲਾ) ਦੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਸਰਾਵਾਂ ਦੇ ਗੁਰਜੀਤ ਸਿੰਘ ਦੀ ਮੌਤ ਨੂੰ ਛੇ ਸਾਲ ਹੋ ਗਏ ਹਨ ਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਇਨਸਾਫ਼ ਲਈ ਪਿਛਲੇ ਲੰਬੇ ਸਮੇਂ ਤੋਂ ਧਰਨੇ 'ਤੇ ਬੈਠੇ ਹਨ। ਉਹਨਾਂ ਨੇ ਅੱਜ ਕਿਹਾ ਹੈ ਕਿ ਸਾਡਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਜੇ 3 ਮਹੀਨਿਆਂ ਵਿਚ ਇਨਸਾਫ਼ ਨਹੀਂ ਮਿਲਦਾ ਤਾਂ ਇਸ ਤੋਂ ਵੀ ਵੱਡਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ।
ਉੱਥੇ ਹੀ ਏਜੀ ਟੀਮ ਦੇ ਮੁਖੀ ਨੇ ਸੰਗਤਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦਾ ਸਟੈਂਡ ਬਿਲਕੁਲ ਸਾਫ਼ ਹੈ ਜੋ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਉਹਨਾਂ ਨੂੰ ਪੂਰਾ ਕਰਨ ਲਈ ਸਰਕਾਰ ਵਚਨਬੱਧ ਹੈ। ਸਰਕਾਰ ਨੇ ਜਿਵੇਂ ਕਿਹਾ ਸੀ ਕਿ ਮੁਲਜ਼ਮਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ ਉਸੇ ਤਰ੍ਹਾਂ ਹੀ ਹੋਵੇਗਾ। ਉਹਨਾਂ ਕਿਹਾ ਕਿ ਜੋ ਐੱਲਕੇ ਯਾਦਵ ਦੀ ਸਿੱਟ ਹੈ ਉਹ ਸਿਰਫ਼ ਹਾਈਕੋਰਟ ਨੂੰ ਹੀ ਜਵਾਬਦੇਹ ਹੈ ਤੇ ਉਸ ਵਿਚ ਜੋ ਵੀ ਕਾਰਵਾਈ ਹੋ ਰਹੀ ਹੈ ਉਹ ਕੋਰਟ ਦੇ ਅਧੀਨ ਹੀ ਹੋ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਨੌਨਿਹਾਲ ਸਿੰਘ ਦੀ ਸਿੱਟ ਹੈ ਉਹ ਐੱਫਆਈਆਰ 130 ਵਿਚ ਜਾਂਚ ਕਰ ਰਹੀ ਹੈ ਤੇ ਇਸ ਜਾਂਚ 3 ਮਹੀਨਿਆਂ ਵਿਚ ਪੂਰੀ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਾਂਗੇ।