
ਅਕਾਲ ਤਖ਼ਤ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੀ ਮੀਟਿੰਗ ਭਰਵੇ ਹੁੰਗਾਰੇ ਨਾਲ ਰੈਲੀ ’ਚ ਬਦਲੀ
Panthak News: ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਲਈ ਬਣੀ ਭਰਤੀ ਕਮੇਟੀ ਦੀ ਬਾਦਲ ਪਰਵਾਰ ਦੇ ਗੜ੍ਹ ਮਾਨਸਾ ’ਚ ਹੋਈ ਮੀਟਿੰਗ ਭਰਵੇ ਹੁੰਗਾਰੇ ਕਾਰਨ ਰੈਲੀ ’ਚ ਬਦਲ ਗਈ। ਇਸ ਮੀਟਿੰਗ ’ਚ ਭਰਤੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਇਆਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਇਕਬਾਲ ਸਿੰਘ ਝੂੰਦਾਂ, ਜਥੇਦਾਰ ਸੰਤਾ ਸਿੰਘ ਉਮੈਦਪੁਰੀ ਖਾਸ ਤੌਰ ਤੇ ਹਾਜ਼ਰ ਰਹੇ।
ਮਨਪ੍ਰੀਤ ਸਿੰਘ ਇਆਲੀ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ਵਿਚ ਲੀਡਰਸ਼ਿਪ ਦੇ ਫ਼ੈਸਲੇ ਛੁਪਾਇਆ ਲੁਕਾਇਆ ਨਹੀਂ ਜਾ ਸਕਦਾ। ਲੀਡਰਸ਼ਿਪ ਨੂੰ ਵਰਕਰਾਂ ਅਤੇ ਵੋਟਰਾਂ ਦੀਆਂ ਭਾਵਨਾਵਾਂ ਤਹਿਤ ਕੰਮ ਕਰਨਾ ਪਵੇਗਾ। ਇਆਲੀ ਨੇ ਕਿਹਾ ਕਿ ਜੇਕਰ ਭਾਵਨਾਵਾਂ ਦੇ ਉਲਟ ਫ਼ੈਸਲੇ ਲਏ ਜਾਣਗੇ ਤਾਂ ਇਸ ਦੇ ਨਤੀਜੇ ਭੁਗਤਣੇ ਵੀ ਪਏ ਅਤੇ ਭੁਗਤਣੇ ਵੀ ਪੈਣਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਗ਼ਲਤੀਆਂ ਗੁਨਾਹਾਂ, ਹੁਕਮਨਾਮਿਆਂ ਦੀ ਉਲੰਘਣਾ ਕਰ ਕੇ ਅੱਜ ਦੇ ਹਾਲਾਤ ਬਣੇ, ਉਸ ਤੋ ਸਿੱਖਣ ਦੀ ਬਜਾਏ, ਉਸ ਤੋ ਵੱਡੀਆਂ ਗ਼ਲਤੀਆਂ, ਗੁਨਾਹ ਕੀਤੇ।
ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਾਰਟੀ ਦੇ ਨਿਘਾਰ ਵੱਲ ਜਾਣ ਦਾ ਸਭ ਤੋਂ ਵੱਡਾ ਕਾਰਨ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਲਈ ਪੰਥਕ ਸਰਕਾਰ ਤੋਂ ਸਿੱਖ ਕੌਮ ਨੂੰ ਇਨਸਾਫ਼ ਨਾ ਦੇ ਪਾਉਣ ਨੂੰ ਕਰਾਰ ਦਿਤਾ। ਵਡਾਲਾ ਨੇ ਕਿਹਾ ਕਿ ਸਾਡਾ ਮਰਨਾ ਜਿਉਣਾ ਪੰਥ ਨਾਲ ਹੈ। ਜਥੇਦਾਰ ਇਕਬਾਲ ਸਿੰਘ ਝੂੰਦਾਂ ਨੇ ਅਪਣੇ ਸੰਬੋਧਨ ’ਚ ਕਿਹਾ ਕਿ ਅੱਜ ਮਾਨਸਾ ਦੇ ਪੰਥ ਹਿਤੈਸ਼ੀ ਲੋਕਾਂ ਨੇ ਮੋਹਰ ਲਗਾ ਦਿਤੀ ਹੈ ਕਿ ਪੂਰਨ ਤੌਰ ’ਤੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ।
ਜਥੇਦਾਰ ਝੂੰਦਾਂ ਨੇ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਦੀ ਕੋਸ਼ਿਸ਼ ਰਹੇਗੀ ਕਿ ਪੰਥ ਪ੍ਰਵਾਣਿਤ ਏਜੰਡਿਆਂ ਤੇ ਪਹਿਰਾ ਦਿਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੇਵਾ, ਤਿਆਗ ਅਤੇ ਕੁਰਬਾਨੀ ਵਾਲੀ ਜਮਾਤ ਹੈ ਪਰ ਕੁਝ ਲੋਕਾਂ ਨੇ ਇਸ ਨੂੰ ਇਕ ਪਰਵਾਰ ਦੀ ਜਗੀਰ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਜਿਹੜੀ ਜਾਰੀ ਵੀ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰਵਾਰਵਾਦ ਦੇ ਦਖ਼ਲ ਤੋਂ ਹਰ ਵਰਕਰ ਅਤੇ ਆਗੂ ਦੁਖੀ ਹੈ। ਝੂੰਦਾਂ ਨੇ ਮੁੜ ਦੁਹਰਾਉਂਦੇ ਕਿਹਾ ਕਿ ਵਰਕਰਾਂ ਦੀ ਮੰਗ ਹੈ ਕਿ ਪਾਰਟੀ ’ਚ ਵੱਡੇ ਸੁਧਾਰ ਕੀਤੇ ਜਾਣ, ਇਸ ਕਰ ਕੇ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਵਾਲੀ ਰਿਪੋਰਟ ਨੂੰ ਜਲਦ ਜਨਤਕ ਕੀਤਾ ਜਾਵੇਗਾ।