
ਢਾਡੀ ਦਰਬਾਰ ਸ਼ੁਰੂ ਹੋਣ 'ਤੇ ਗਿਆਨੀ ਐਮ ਏ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ
ਅੰਮ੍ਰਿਤਸਰ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਗਿਆਨੀ ਬਲਦੇਵ ਸਿੰਘ ਐਮ.ਏ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਢਾਡੀ ਦੀਵਾਨ ਜਥਿਆਂ ਦੀ ਖਿਚੋਤਾਣ ਕਰਕੇ ਨਹੀਂ ਬਲਕਿ ਕਿਸੇ ਸਾਜਿਸ਼ ਅਧੀਨ ਬੰਦ ਕਰਵਾਏ ਸਨ। ਉਨ੍ਹਾਂ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕਹਿੰਦੇ ਹਨ ਕਿ ਢਾਡੀ ਜਥਿਆਂ ਵਿਚ ਆਪਸੀ ਖਿਚੋਤਾਣ ਹੋਣ ਕਰਕੇ ਤਾਂ ਜੋ ਕੋਈ ਅਣਸੁਖਾਵੀਂ ਘਟਨਾਂ ਨਾ ਵਾਪਰੇ, ਇਸ ਲਈ ਢਾਡੀ ਦੀਵਾਨ ਬੰਦ ਕਰਵਾਏ ਸਨ, ਗਿਆਨੀ ਐਮ.ਏ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੇਲੇ ਵੀ ਢਾਡੀ ਦਰਬਾਰ ਬੰਦ ਹੋਏ ਸਨ, ਉਦੋਂ ਤਾਂ ਇੱਕ ਹੀ ਸਭਾ ਸੀ ਤੇ ਕਿਸੇ ਨਾਲ ਕੋਈ ਝਗੜਾ ਵੀ ਨਹੀਂ ਸੀ, ਫਿਰ ਦੀਵਾਨ ਕਿਉਂ ਬੰਦ ਕਰਵਾਏ? ਉਸ ਸਮੇਂ ਵੇਦਾਂਤੀ ਜੀ ਵੀ ਕਹਿੰਦੇ ਸਨ ਕਿ ਢਾਡੀ ਦਰਬਾਰ ਮੰਜੀ ਸਾਹਿਬ ਵਿਖੇ ਲਗਾਓ ਅਤੇ ਉਸ ਵੇਲੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਢਾਡੀ ਦੀਵਾਨ ਬੰਦ ਦਾ ਬੈਨਰ ਲਗਾਇਆ ਗਿਆ ਸੀ, ਜੋ ਕਿ ਇਸ ਵੇਲੇ ਵੀ ਇਹੋ ਕੁਝ ਹੀ ਹੋਇਆ ਹੈ। ਗਿਆਨੀ ਐ.ਏ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਇਸ ਕੇਸ ਦੀ ਬਰੀਕੀ ਨਾਲ ਜਾਂਚ ਕਰਵਾਉਣ।
SGPC
ਗਿਆਨੀ ਐਮ ਏ ਨੇ ਕਿਹਾ ਕਿ ਢਾਡੀ ਸਿੱਖ ਕੌਮ ਦਾ ਸਰਮਾਇਆ ਹਨ ਤੇ ਇਹ ਮਰਦਾਂ ਦੀਆਂ ਵਾਰਾਂ ਸੁਣਾਂ ਕਿ ਕੌਮ ਨੂੰ ਇਤਿਹਾਸ ਦੀ ਜਾਣਕਾਰੀ ਦਿੰਦੇ ਹਨ, ਜੇਕਰ ਢਾਡੀ ਹੀ ਚਾਪਲੂਸ ਬਣ ਗਏ ਤਾਂ ਉਹ ਭਾਵਨਾਂ ਜਿਸ ਤਹਿਤ ਛੇਵੇਂ ਪਾਤਸ਼ਾਹ ਜੀ ਨੇ ਢਾਡੀਆਂ ਨੂੰ ਮਾਣ ਬਖਸ਼ਿਆ ਹੈ, ਉਹ ਪੂਰੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਈ ਢਾਡੀ ਤਾਂ ਆਪਣੇ ਪਿਉ-ਦਾਦੇ ਦਾ ਨਾਮ ਲੈਣ ਤੋਂ ਵੀ ਗੁਰੇਜ਼ ਕਰਦੇ ਹਨ, ਨਿਰ੍ਹਾ ਲਿਬਾਸ ਪਾ ਕੇ ਹੀ ਢਾਡੀ ਨਹੀਂ ਬਣਿਆ ਜਾਂਦਾ, ਸਗੋਂ ਢਾਡੀ ਵਾਲਾ ਜਜ਼ਬਾ ਤੇ ਗੁਣ ਵੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਜਿਨ੍ਹਾਂ ਚਿਰ ਮੈਂ ਢਾਡੀ ਹਾਂ, ਵਾਹਿਗੁਰੂ ਦੁਬਾਰਾ ਢਾਡੀ ਮਰਿਯਾਦਾ ਭੰਗ ਹੁੰਦੀ ਨਾ ਵਿਖਾਏ। ਪਹਿਲੀ ਮਈ ਤੋਂ 8 ਮਈ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦੀਵਾਨ ਬੰਦ ਰਹਿਣ ਤੋਂ ਬਾਅਦ ਅੱਜ ਮੁੜ ਢਾਡੀ ਦਰਬਾਰ ਅਰੰਭ ਹੋ ਗਏ ਹਨ। ਢਾਡੀ ਦਰਬਾਰ ਸ਼ੁਰੂ ਹੋਣ 'ਤੇ ਗਿਆਨੀ ਐਮ ਏ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ, ਜਿਨ੍ਹਾਂ ਦੀ ਬਖਸ਼ਿਸ਼ ਸਦਕਾ ਅੱਜ ਮੁੜ ਢਾਡੀ ਦਰਬਾਰ ਸ਼ੁਰੂ ਹੋਏ ਹਨ। ਗਿ: ਐਮ ਏ ਨੇ ਉਨ੍ਹਾਂ ਸਾਰੇ ਪੰਥਕ ਆਗੂਆਂ, ਸੰਤ ਮਹਾਂਪੁਰਸ਼ਾਂ, ਤੇ ਦੇਸ਼-ਵਿਦੇਸ਼ ਵਿਚ ਵੱਸਦੇ ਸਮੁੱਚੇ ਢਾਡੀ ਕਲਾ ਨੂੰ ਪਿਆਰ ਕਰਨ ਵਾਲੇ ਗੁਰਸਿੱਖਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰੁ ਸਾਹਿਬ ਜੀ ਵੱਲੋਂ ਚਲਾਈ ਪ੍ਰੰਪਰਾ ਨੂੰ ਮੁੜ ਬਹਾਲ ਕਰਨ ਵਿਚ ਸਾਨੂੰ ਹੋਂਸਲਾ ਬਖਸ਼ਿਆ। ਉਨ੍ਹਾਂ ਧਰਮ ਪ੍ਰਚਾਰ ਕਮੇਟੀ ਵੱਲੋਂ ਜਥਿਆਂ ਦੀ ਡਿਊਟੀ ਲਗਾਉਣ ਦਾ ਸੁਆਗਤ ਕੀਤਾ ਹੈ।