
ਮੁੱਖ ਮੰਤਰੀ ਕੈਪਟਨ ਦੀ ਨਵੀਂ ਜਾਂਚ ਟੀਮ ਕੋਲ ਕੋਈ ਗਵਾਹ ਜਾਂ ਸਿੱਖ ਆਗੂ ਨਹੀਂ ਕਰਵਾਏਗਾ ਬਿਆਨ ਦਰਜ : ਜਥੇਦਾਰ ਮੰਡ
ਬਠਿੰਡਾ (ਵਿਕਰਮ ਕੁਮਾਰ): ਪੰਜਾਬ ਸਰਕਾਰ ਵੱਲੋਂ ਬੇਅਦਬੀ ਕਾਂਡ ਦੀ ਜਾਂਚ ਲਈ ਬਣਾਈ ਨਵੀਂ ਸੈੱਟ ਨੂੰ ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਮੁੱਢੋਂ ਰੱਦ ਕਰਦਿਆਂ ਕੈਪਟਨ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਜਥੇਦਾਰ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੀ ਨਵੀਂ ਜਾਂਚ ਟੀਮ ਨੂੰ ਕੋਈ ਵਿਅਕਤੀ ਸਹਿਯੋਗ ਨਹੀਂ ਕਰੇਗਾ ਅਤੇ ਕੋਈ ਵੀ ਗਵਾਹ ਜਾਂ ਸਿੱਖ ਆਗੂ ਜਾਂਚ ਟੀਮ ਕੋਲ ਬਿਆਨ ਦਰਜ ਨਹੀਂ ਕਰਵਾਏਗਾ।
Bhai Dhian Singh Mand
ਉਹਨਾਂ ਕਿਹਾ ਜੇਕਰ ਕਿਸੇ ਵੀ ਗਵਾਹ ਜਾਂ ਸਿੱਖ ਆਗੂ ਨੇ ਨਵੀਂ ਜਾਂਚ ਟੀਮ ਨੂੰ ਸਹਿਯੋਗ ਦਿੱਤਾ ਜਾਂ ਬਿਆਨ ਦਰਜ ਕਰਵਾਏ ਤਾਂ ਉਸ ਨੂੰ ਸਿੱਖ ਕੌਮ ਤੋਂ ਪਾਸੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਨਸਾਫ ਦੀ ਲੜਾਈ ਲੜਦਿਆਂ ਸਿੱਖ ਕੌਮ ਦੀਆਂ ਜੁੱਤੀਆਂ ਘਸ ਗਈਆਂ ਪਰ ਸਮੇਂ ਦੀਆਂ ਸਰਕਾਰਾਂ ਨੇ ਦੋਸ਼ੀਆਂ ਨੂੰ ਬਚਾਉਣ ਵਿਚ ਕੋਈ ਕਸਰ ਨਹੀਂ ਛੱਡੀ।
Captain Amarinder Singh
ਉਹਨਾਂ ਕਿਹਾ ਅਦਾਲਤਾਂ ਨੇ ਤਾਂ ਸਿੱਖਾਂ ਲਈ ਇਨਸਾਫ਼ ਦੇ ਬੂਹੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ। ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਨਿਰਪੱਖਤਾ ਵਾਲੀ ਸੀ ਪਰ ਉਸ ਨੂੰ ਰੱਦ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਖਦੇੜ ਕੇ ਰੱਖ ਦਿੱਤੀਆਂ ਹਨ। ਅਜਿਹੇ ਹਾਲਾਤ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਵਿਸ਼ੇਸ਼ ਸੈਸ਼ਨ ਬੁਲਾ ਕੇ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ ਨੂੰ ਸਹੀ ਮੰਨਦੇ ਹੋਏ ਦੋਸ਼ੀਆਂ ਨੂੰ ਜਲਦ ਨੱਥ ਪਾਉਣ ਦੀ ਗੱਲ ਕਹੀ ਸੀ ਪਰ ਅਜਿਹਾ ਨਾ ਕਰਕੇ ਉਸ ਨੇ ਸਭ ਤੋਂ ਵੱਡਾ ਵਿਸ਼ਵਾਸਘਾਤ ਕੀਤਾ ਹੈ।
Kunwar vijay pratap singh
ਉਹਨਾਂ ਕਿਹਾ ਹੁਣ ਸਿੱਖ ਆਗੂ ਇਹਨਾਂ ਜਾਂਚ ਟੀਮਾਂ ਨੂੰ ਕੋਈ ਸਹਿਯੋਗ ਨਹੀਂ ਦੇਣਗੇ। ਉਹਨਾਂ ਕਿਹਾ ਜਦੋਂ ਜਾਂਚ ਟੀਮ ਰਿਪੋਰਟ ਪੇਸ਼ ਕਰੇਗੀ ਉਦੋਂ ਕੈਪਟਨ ਸਰਕਾਰ ਦਾ ਕਾਰਜਕਾਲ ਖ਼ਤਮ ਹੋ ਜਾਣਾ ਹੈ ਫਿਰ ਇਸ ਜਾਂਚ ਟੀਮ ਦਾ ਕੀ ਮਕਸਦ ਰਹਿ ਗਿਆ। ਉਹਨਾਂ ਕਿਹਾ ਕਿ ਬਰਗਾੜੀ ਮੋਰਚੇ ਨੇ ਅਣਪਛਾਤੀ ਪੁਲਸ ਦੀ ਪਛਾਣ ਕੀਤੀ। ਵੱਡੇ ਦੋਸ਼ੀ ਜੇਲ੍ਹਾਂ ਪਿੱਛੇ ਧੱਕੇ ਅਤੇ ਮੁੱਖ ਚਿਹਰੇ ਨੂੰ ਜਦੋਂ ਹੱਥ ਪੈਣ ਲੱਗਿਆ ਤਾਂ ਸਰਕਾਰ ਦੀਆਂ ਮਿਲੀ ਭੁਗਤ ਕਰਕੇ ਦੋਸ਼ੀ ਬਚ ਨਿਕਲੇ। ਉਹਨਾਂ ਕਿਹਾ ਬਰਗਾੜੀ ਮੋਰਚੇ ਦਾ ਦੂਸਰਾ ਪੜਾਅ ਇਨਸਾਫ ਲੈ ਕੇ ਰਹੇਗਾ ਤੇ ਸੰਘਰਸ਼ ਸਰਕਾਰਾਂ ਦੇ ਹੱਥ ਖੜ੍ਹੇ ਕਰਵਾ ਕੇ ਰਹੇਗਾ ਕਿਉਂਕਿ ਕੌਮ ਇਨਸਾਫ਼ ਦੀ ਲੜਾਈ ਖ਼ੁਦ ਲੜੇਗੀ।