
ਹਾਲ ਹੀ ਵਿਚ ਭਾਰਤ ਸਰਕਾਰ ਵੱਲੋਂ ਸਵਰੂਪ ਕੁਮਾਰ ਸਾਹਾ ਨੂੰ ਇਸ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ।
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਅਤੇ ਸੀਈਓ ਵਜੋਂ ਇਕ ਗੈਰ ਸਿੱਖ ਨੂੰ ਨਿਯੁਕਤ ਕਰਨ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਹਾਲ ਹੀ ਵਿਚ ਭਾਰਤ ਸਰਕਾਰ ਵੱਲੋਂ ਸਵਰੂਪ ਕੁਮਾਰ ਸਾਹਾ ਨੂੰ ਇਸ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ 1908 ਵਿਚ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਸਿੱਖਾਂ ਦੇ ਇਕ ਸੁਤੰਤਰ ਬੈਂਕ ਦੇ ਸੁਪਨੇ ਵਿਚੋਂ ਹੋਈ ਸੀ ਅਤੇ ਚੀਫ ਖਾਲਸਾ ਦੀਵਾਨ ਨਾਲ ਸਬੰਧਤ ਸਿੱਖ ਬੁੱਧੀਜੀਵੀਆਂ ਵੱਲੋਂ ਲਿਆ ਗਿਆ ਇਹ ਫੈਸਲਾ ਸਿੱਖ ਕੌਮ ਲਈ ਬੇਹੱਦ ਅਹਿਮ ਸੀ।
SGPC President Harjinder Singh Dhami
ਇਸ ਬੈਂਕ ਨੂੰ ਸਿੱਖ ਬੈਂਕ ਵਜੋਂ ਜਾਣਿਆ ਜਾਂਦਾ ਹੈ ਅਤੇ ਇਸ ਦੇ ਸਿਖਰਲੇ ਅਹੁਦੇ ’ਤੇ ਇਕ ਸਿੱਖ ਨੂੰ ਹੀ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਇਸ ਸਬੰਧ ਵਿਚ ਬੈਂਕ ਦੇ ਕੌਮੀਕਰਨ ਮੌਕੇ ਵੀ ਸਹਿਮਤੀ ਬਣੀ ਸੀ ਪਰ ਦੁੱਖ ਦੀ ਗੱਲ ਹੈ ਕਿ ਅਜਿਹਾ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸਵਰੂਪ ਕੁਮਾਰ ਸਾਹਾ ਦੀ ਨਿਯੁਕਤੀ ਤੋਂ ਪਹਿਲਾਂ ਵੀ ਸਿੱਖ ਰਵਾਇਤਾਂ ਦਾ ਪਾਲਣ ਨਹੀਂ ਕੀਤਾ ਗਿਆ ਸੀ ਅਤੇ ਹੁਣ ਫਿਰ ਅਜਿਹਾ ਕੀਤਾ ਗਿਆ ਹੈ।
ਐਡਵੋਕੇਟ ਧਾਮੀ ਨੇ ਆਖਿਆ ਕਿ ਇਸ ਬੈਂਕ ਦੀ ਸਥਾਪਨਾ ਪਿੱਛੇ ਸਿੱਖ ਸ਼ਖ਼ਸੀਅਤਾਂ ਦੀ ਸੋਚ ਅਤੇ ਇਸ ਦੇ ਕੌਮੀਕਰਨ ਸਮੇਂ ਬਣੀ ਰਾਇ ਨੂੰ ਦਰਕਿਨਾਰ ਕਰਨਾ ਠੀਕ ਨਹੀਂ ਅਤੇ ਬੈਂਕ ਦੇ ਸਿਖਰਲੇ ਅਹੁਦੇ ’ਤੇ ਸਿੱਖ ਨੂੰ ਹੀ ਲਗਾਇਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਸਿੱਖ ਬੈਂਕ ਵਜੋਂ ਜਾਣੇ ਜਾਂਦੇ ਪੰਜਾਬ ਐਂਡ ਸਿੰਧ ਬੈਂਕ ਦੇ ਐਮਡੀ ਅਤੇ ਸੀਈਓ ਦੇ ਤੌਰ ’ਤੇ ਇਕ ਸਿੱਖ ਦੀ ਨਿਯੁਕਤੀ ਕਰਨ ਵੱਲ ਗੌਰ ਕਰਨ, ਤਾਂ ਜੋ ਇਸ ਬੈਂਕ ਦੀ ਸਥਾਪਨਾ ਨਾਲ ਜੁੜੀਆਂ ਰਵਾਇਤਾਂ ਦੀ ਲਗਾਤਾਰਤਾ ਬਰਕਰਾਰ ਰਹੇ।