
ਭੈਣ ਕਮਲਦੀਪ ਕੌਰ ਵਲੋਂ ਭਾਈ ਰਾਜੋਆਣਾ ਨਾਲ ਸਲਾਹ ਕਰਨ ਉਪਰੰਤ ਫ਼ੈਸਲਾ ਲੈਣ ਬਾਰੇ ਕਿਹਾ ਗਿਆ ਹੈ।
ਚੰਡੀਗੜ੍ਹ: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਸਿੱਖ ਜਥੇਬੰਦੀਆਂ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਕਮਲਦੀਪ ਕੌਰ ਨੂੰ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ। ਭਾਈ ਰਾਜੋਆਣਾ ਦੇ ਭੈਣ ਕਮਲਦੀਪ ਕੌਰ ਦੇ ਘਰ ਸਿੱਖ ਜਥੇਬੰਦੀਆਂ ਦੇ ਆਗੂਆਂ ਦੀ ਇਕ ਅੱਜ ਮੀਟਿੰਗ ਹੋਈ। ਇਸ ਮੀਟਿੰਗ ਵਿਚ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਭੈਣ ਕਮਲਦੀਪ ਕੌਰ ਵਲੋਂ ਭਾਈ ਰਾਜੋਆਣਾ ਨਾਲ ਸਲਾਹ ਕਰਨ ਉਪਰੰਤ ਫ਼ੈਸਲਾ ਲੈਣ ਬਾਰੇ ਕਿਹਾ ਗਿਆ ਹੈ।
Sikh organizations announce Bhai Rajoana's sister as joint candidate
ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਦੁਨੀਆਂ ਭਰ ਵਿਚ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਵੱਲੋਂ ਸੁਨੇਹਾ ਆ ਰਿਹਾ ਸੀ ਕਿ ਸੰਗਰੂਰ ਜ਼ਿਮਨੀ ਚੋਣ ਲਈ ਸਾਂਝੇ ਤੌਰ ’ਤੇ ਬੰਦੀ ਸਿੰਘ ਪਰਿਵਾਰਾਂ ਵਿਚੋਂ ਹੀ ਉਮੀਦਵਾਰ ਐਲਾਨਿਆ ਜਾਵੇ। ਇਸ ਲਈ ਉਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਭੈਣ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਜਥੇਬੰਦੀਆਂ ਨੇ ਵੱਖ-ਵੱਖ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਪੰਥ ਦੇ ਸਾਂਝੇ ਉਮੀਦਵਾਰ ਦਾ ਸਮਰਥਨ ਕਰਨ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਪੰਥ ਦੇ ਸੂਝਵਾਨ ਆਗੂ ਹਨ, ਉਹ ਸੰਗਤਾਂ ਦੀ ਗੱਲ ਜ਼ਰੂਰ ਸੁਣਨਗੇ। ਉਹਨਾਂ ਕਿਹਾ ਕਿ 1989 ਵਿਚ ਜਦੋਂ ਮਾਨ ਜੇਲ੍ਹ ਵਿਚ ਬੰਦ ਸਨ ਤਾਂ ਉਹਨਾਂ ਨੂੰ ਪੰਥ ਨੇ ਜੇਲ੍ਹ ਵਿਚ ਬੈਠਿਆਂ ਨੂੰ ਹੀ ਉਮੀਦਵਾਰ ਐਲਾਨਿਆ ਸੀ। ਉਹਨਾਂ ਕਿਹਾ ਕਿ ਸਾਨੂੰ ਇਕਜੁੱਟ ਹੋ ਕੇ ਪੰਥ ਵਿਰੋਧੀ ਪਾਰਟੀਆਂ ਨੂੰ ਹਟਾਉਣਾ ਚਾਹੀਦਾ ਹੈ।
Sikh organizations announce Bhai Rajoana's sister as joint candidate
ਸਿੱਖ ਜਥੇਬੰਦੀਆਂ ਨੇ ਕਿਹਾ ਕਿ ਕਾਨੂੰਨੀ ਕਾਰਨਾਂ ਕਰਕੇ ਭਾਈ ਰਾਜੋਆਣਾ ਚੋਣ ਨਹੀਂ ਲੜ ਸਕਦੇ, ਇਸ ਲਈ ਉਹਨਾਂ ਨੇ ਕਮਲਦੀਪ ਕੌਰ ਨੂੰ ਉਮੀਦਵਾਰ ਐਲਾਨਿਆ ਹੈ। ਉਹਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਕਾਲੀ ਦਲ ਅਤੇ ਸਿਮਰਨਜੀਤ ਸਿੰਘ ਮਾਨ ਸਮਰਥਨ ਜ਼ਰੂਰ ਦੇਣਗੇ। ਆਗੂਆਂ ਦਾ ਕਹਿਣਾ ਹੈ ਕਿ ਜੇਕਰ ਕਮਲਦੀਪ ਕੌਰ ਸੰਸਦ ਵਿਚ ਜਾਂਦੇ ਹਨ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਰਾਹ ਖੁੱਲ੍ਹੇਗਾ। ਆਗੂਆਂ ਦਾ ਕਹਿਣਾ ਹੈ ਕਿ ਸੰਗਰੂਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਦੇ ਪੋਸਟਰ ਲੱਗੇ ਹਨ, ਇਸ ਦੇ ਚਲਦਿਆਂ ਉਹਨਾਂ ਨੇ ਵੀ ਮਹਿਲਾ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਲਿਆ ਹੈ।
ਉਧਰ ਕਮਲਦੀਪ ਕੌਰ ਦਾ ਕਹਿਣਾ ਹੈ ਕਿ ਉਹ ਪੰਥ ਦੇ ਫੈਸਲੇ ਦਾ ਸਤਿਕਾਰ ਕਰਦੇ ਹਨ ਅਤੇ ਪੰਥ ਦਾ ਹਰ ਫੈਸਲਾ ਸਿਰ ਮੱਥੇ ਹੈ ਪਰ ਉਹ ਭਾਈ ਰਾਜੋਆਣਾ ਨਾਲ ਮੁਲਾਕਾਤ ਮਗਰੋਂ ਹੀ ਅੰਤਿਮ ਫੈਸਲਾ ਲੈਣਗੇ। ਉਹਨਾਂ ਉਮੀਦ ਜਤਾਈ ਕਿ ਭਾਈ ਰਾਜੋਆਣਾ ਪੰਥ ਦੇ ਫੈਸਲੇ ਨਾਲ ਸਹਿਮਤ ਜ਼ਰੂਰ ਹੋਣਗੇ। ਉਹਨਾਂ ਵੱਲੋਂ ਭਲਕੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਜਾਵੇਗੀ।