
ਸਿੱਖ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਨੂੰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਜਾਵੇ।
ਲਾਹੌਰ: ਪਾਕਿਸਤਾਨ ਵਿਚ ਸਿੱਖ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਲਾਹੌਰ ਦੇ ਅਜਾਇਬ ਵਿਚ ਪ੍ਰਦਰਸ਼ਿਤ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਨੂੰ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਜਾਵੇ। ਇਹ ਹੱਥ ਲਿਖਤ ਸਰੂਪ ਲਗਭਗ 300 ਸਾਲ ਪੁਰਾਣਾ ਹੈ।
300 year old Saroop of Guru Granth Sahib Ji
ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਹਰਾਂ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਬਹੁਤ ਹੀ ਦੁਰਲੱਭ ਹਨ। ਖੋਜਕਰਤਾ ਤੇ ਲਾਹੌਰ ਸਥਿਤ ਮਿਊਜ਼ੀਅਮ 'ਚ ਸਿੱਖ ਧਰਮ ਨੂੰ ਸਮਰਪਿਤ ਸੈਕਸ਼ਨ ਦੇ ਇੰਚਾਰਜ ਅਲਿਜ਼ਾ ਸਾਬਾ ਰਿਜ਼ਵੀ ਮੁਤਾਬਕ ਇਸ 'ਤੇ ਕੋਈ ਤਰੀਕ ਨਹੀਂ ਲਿਖੀ ਗਈ ਪਰ ਸਿਆਹੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਸਰੂਪ ਕਰੀਬ 300 ਸਾਲ ਪੁਰਾਣਾ ਹੋਵੇਗਾ।
Darbar Sahib
ਰਿਜ਼ਵੀ ਅਨੁਸਾਰ ਇਹ ਸਰੂਪ ਬਹੁਤ ਦੁਰਲੱਭ ਹੈ। ਅਜਿਹਾ ਹੀ ਇਕ ਸਰੂਪ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਹੈ। ਹੁਣ ਪਾਕਿਸਤਾਨ ਵਿਚ ਸਿੱਖ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਪਵਿੱਤਰ ਸਰੂਪ ਨੂੰ ਗੁਰਦੁਆਰਾ ਡੇਰਾ ਸਾਹਿਬ ਦੇ ਅੰਦਰ ਰੱਖਿਆ ਜਾਵੇ। ਇਹ ਗੁਰਦੁਆਰਾ ਲਾਹੌਰ ਦੇ ਮੱਧ ਵਿਚ ਉਸੇ ਥਾਂ ‘ਤੇ ਸਥਿਤ ਹੈ, ਜਿੱਥੇ 1606 ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ।
Guru Granth Sahib Ji
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੇ ਸਾਬਕਾ ਮੁਖੀ ਸਰਦਾਰ ਬਿਸ਼ਨ ਸਿੰਘ ਨੇ ਕਿਹਾ ਕਿ ਇਸ ਪਾਵਨ ਸਰੂਪ ਨੂੰ ਕਿਸੇ ਆਮ ਕਿਤਾਬ ਦੀ ਤਰ੍ਹਾਂ ਅਜਾਇਬ ਘਰ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੁਰਦੁਆਰਾ ਸਾਹਿਬ ਵਿਚ ਵੀ ਸੁਸ਼ੋਭਿਤ ਕੀਤਾ ਜਾਣਾ ਚਾਹੀਦਾ ਹੈ।
Gurdwara Dera Sahib Lahore
ਉਹਨਾਂ ਕਿਹਾ ਕਿ ਉਹ ਪੀਐਸਜੀਪੀਸੀ ਦੀ ਅਗਲੀ ਬੈਠਕ ਵਿਚ ਇਹ ਮੰਗ ਰੱਖਣਗੇ। ਉਹਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸਿੱਖ ਮਰਿਯਾਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਰਲੱਭ ਸਰੂਪ ਦੀ ਦੇਖਭਾਲ ਕਰਨ ਲਈ ਅਜਾਇਬ ਘਰ ਵਿਚ ਇਕ ਵਿਅਕਤੀ ਰੱਖਿਆ ਜਾਣਾ ਚਾਹੀਦਾ ਹੈ।