
Panthak News: ਕਿਹਾ, ਪ੍ਰਵਾਰਵਾਦ ਕਾਰਨ ਆਏ ਨਿਘਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਰਸ਼ ਤੋਂ ਫ਼ਰਸ਼ 'ਤੇ ਲਿਆਂਦਾ
Panthak circles are eagerly waiting for the decisions of the Jathedar Akal Takht : ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਮੈਂਬਰ ਰਹੇ ਮਾਸਟਰ ਮਿੱਠੂ ਸਿੰਘ ਕਾਹਨਕੇ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇਕ ਖ਼ਾਸ ਮੁਲਾਕਾਤ ਵਿਚ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ ਹੈ ਅਤੇ ਇਸ ਦੀ ਸਥਾਪਨਾ ਵੀ ਅੱਜ ਤੋਂ 104 ਸਾਲ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਸੀ ਜਿਸ ਕਰ ਕੇ ਇਹ ਜਥੇਬੰਦੀ ਹਮੇਸ਼ਾ ਹੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹੀ ਹੈ ਜਦੋਂ ਵੀ ਕਦੇ ਇਸ ਜਥੇਬੰਦੀ ਦੇ ਪ੍ਰਬੰਧਾਂ ਵਿਚ ਕੋਈ ਨਿਘਾਰ ਆਇਆ ਤਾਂ ਹਮੇਸ਼ਾ ਅਕਾਲ ਤਖ਼ਤ ਸਾਹਿਬ ਨੇ ਅਪਣੇ ਦਖ਼ਲ ਨਾਲ ਜਥੇਬੰਦੀ ਨੂੰ ਦੁਬਾਰਾ ਫੇਰ ਚੜ੍ਹਦੀ ਕਲਾ ਵਾਲੀ ਸੇਧ ਮੁਹਈਆ ਕਰਵਾਈ ਹੈ।
ਪ੍ਰੰਤੂ ਹੁਣ ਜਦੋਂ ਤੋਂ ਇਸ ਜਥੇਬੰਦੀ ਉਪਰ ਇਕ ਪ੍ਰਵਾਰ ਦਾ ਕਬਜ਼ਾ ਹੋਇਆ ਹੈ ਤਾਂ ਇਹ ਜਥੇਬੰਦੀ ਦਿਨੋਂ ਦਿਨ ਅਰਸ਼ਾਂ ਤੋਂ ਫ਼ਰਸ਼ਾਂ ਤੇ ਆ ਗਈ ਹੈ ਜਿਹੜਾ ਅਕਾਲੀ ਦਲ ਗੁਰਧਾਮਾਂ ਦੀ ਸੁਚੱਜੀ ਸੇਵਾ ਸੰਭਾਲ ਲਈ ਅਤੇ ਬੇਅਦਬੀਆਂ ਨੂੰ ਰੋਕਣ ਲਈ ਹਮੇਸ਼ਾ ਹਿੱਕ ਡਾਹ ਕੇ ਲੜਦਾ ਹੁੰਦਾ ਸੀ ਪ੍ਰੰਤੂ ਅਫ਼ਸੋਸ ਅੱਜ ਉਸੇ ਅਕਾਲੀ ਦਲ ਦੀ ਸਰਕਾਰ ਅੰਦਰ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਇਆ ਗਿਆ ਅਤੇ ਬੇਅਦਬੀ ਦਾ ਇਨਸਾਫ਼ ਮੰਗ ਰਹੀਆਂ ਸੰਗਤਾਂ ਉਪਰ ਗੋਲੀਆਂ ਚਲਾਈਆਂ ਗਈਆਂ ਅਤੇ ਅਪਣੀਆਂ ਚੰਦ ਵੋਟਾਂ ਲਈ ਡੇਰਾਵਾਦ ਨੂੰ ਪ੍ਰਫੁੱਲਤ ਕੀਤਾ ਗਿਆ ਅਤੇ ਇਨ੍ਹਾਂ ਕੁਕਰਮਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਵਰਤਣ ਤੋਂ ਗੁਰੇਜ਼ ਨਹੀਂ ਕੀਤਾ ਗਿਆ।
ਪਿਛਲੇ ਦਿਨਾਂ ਵਿਚ ਅਕਾਲੀ ਦਲ ਦੇ ਦੋਹਾਂ ਧੜਿਆਂ ਨੇ ਆਪੋ ਅਪਣਾ ਪੱਖ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਪੇਸ਼ ਕਰ ਦਿਤਾ ਹੈ ਪ੍ਰੰਤੂ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਹੁਣ ਜਥੇਦਾਰ ਜੀ ਕਿਹੜੇ ਸਮੇਂ ਦੀ ਉਡੀਕ ਕਰ ਰਹੇ ਹਨ ਭਾਵੇਂ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਦਿਤਾ ਗਿਆ ਹੈ ਪ੍ਰੰਤੂ ਇਕੱਲਾ ਇੰਨੇ ਨਾਲ ਤਾਂ ਨਹੀਂ ਸਰਨਾ ਸਗੋਂ ਉਹ ਤਾਂ ਤਨਖ਼ਾਹੀਆ ਹੋਣ ਦੇ ਬਾਵਜੂਦ ਵੀ ਜਨਤਕ ਇਕੱਠਾਂ ਨੂੰ ਸੰਬੋਧਨ ਕਰ ਰਿਹਾ ਹੈ ਜਦੋਂ ਕਿ ਪੰਥਕ ਰਹਿਤ ਮਰਿਆਦਾ ਅਨੁਸਾਰ ਤਨਖ਼ਾਹੀਆ ਬੰਦਾ ਜਿੰਨਾਂ ਸਮਾਂ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਸਜ਼ਾ ਪੂਰੀ ਨਹੀਂ ਕਰ ਲੈਂਦਾ ਉਨਾ ਸਮਾਂ ਪੰਥਕ ਇਕੱਠਾਂ ਵਿਚ ਸ਼ਾਮਲ ਨਹੀਂ ਹੋ ਸਕਦਾ ਪਰ ਸੁਖਬੀਰ ਬਾਦਲ ਪੰਥਕ ਪ੍ਰੰਪਰਾਵਾਂ ਦੀ ਘੋਰ ਉਲੰਘਣਾ ਕਰ ਰਿਹਾ ਹੈ।
ਜਿਸ ਦਾ ਜਥੇਦਾਰ ਵਲੋਂ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਇਸ ਸਬੰਧ ਵਿਚ ਜਦੋਂ ਮਿੱਠੂ ਸਿੰਘ ਕਾਹਨੇਕੇ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸਮੁੱਚਾ ਪੰਥ ਸ਼੍ਰੋਮਣੀ ਅਕਾਲੀ ਦਾ ਬੇੜਾ ਗਰਕ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਥੇਦਾਰ ਵਲੋਂ ਸੁਣਾਈ ਜਾਣ ਵਾਲੀ ਸਜ਼ਾ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।