'ਸੂਰਾ ਸੋ ਪਹਿਚਾਨੀਐ' ਦੇ ਮਹਾਂਵਾਕ ਨੂੰ ਮੁਕੰਮਲ ਨਿਭਾਉਣ ਵਾਲੇ ਸਾਹਿਬਾਜ਼ਾਦਾ ਬਾਬਾ ਅਜੀਤ ਸਿੰਘ ਜੀ
Published : Feb 11, 2021, 9:06 am IST
Updated : Feb 11, 2021, 10:28 am IST
SHARE ARTICLE
Sahibzada Ajit Singh
Sahibzada Ajit Singh

ਛੋਟੀ ਉਮਰ ਵਿਚ ਵਡੇਰੀ ਕੁਰਬਾਨੀ ਸਦਕਾ ਸਿੱਖ ਇਤਿਹਾਸ ਉਨ੍ਹਾਂ ਦਾ ਸਤਿਕਾਰ ਬਾਬਾ ਅਜੀਤ ਸਿੰਘ ਦੇ ਨਾਮ ਨਾਲ ਹੀ ਕਰਦਾ ਹੈ।

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਫ਼ਰਜ਼ੰਦ ਸਾਹਿਬਾਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਮਤ 1743 (ਦੇਸੀ ਮਹੀਨਾ ਮਾਘ) ਮੁਤਾਬਕ 7 ਜਨਵਰੀ 1687 ਨੂੰ ਹਿਮਾਚਲ ਪ੍ਰਦੇਸ਼ ਦੇ ਰਮਣੀਕ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ। ਛੋਟੀ ਉਮਰ ਵਿਚ ਵਡੇਰੀ ਕੁਰਬਾਨੀ ਸਦਕਾ ਸਿੱਖ ਇਤਿਹਾਸ ਉਨ੍ਹਾਂ ਦਾ ਸਤਿਕਾਰ ਬਾਬਾ ਅਜੀਤ ਸਿੰਘ ਦੇ ਨਾਮ ਨਾਲ ਹੀ ਕਰਦਾ ਹੈ। ਜਦੋਂ ਅਜੀਤ ਸਿੰਘ ਅਜੇ 5 ਕੁ ਮਹੀਨਿਆਂ ਦੇ ਹੀ ਹੋਏ ਤਾਂ ਉਸ ਸਮੇਂ ਦਸਵੇਂ ਪਾਤਸ਼ਾਹ ਦੀ ਪਹਾੜੀ ਰਾਜਿਆਂ ਨਾਲ ਭੰਗਾਣੀ ਦੇ ਮੈਦਾਨ ਵਿਚ ਗਹਿਗੱਚ ਲੜਾਈ ਹੋਈ ਸੀ।

Sahibzada Ajit SinghSahibzada Ajit Singh

ਇਸ ਲੜਾਈ ਵਿਚ ਗੁਰੂ ਕਿਆਂ ਦੀ ਮਹਾਨ ਜਿੱਤ ਸਦਕਾ ਸਾਹਿਬਾਜ਼ਾਦੇ ਦਾ ਨਾਂ ਅਜੀਤ ਸਿੰਘ ਰਖਿਆ ਗਿਆ। ਛੋਟੀ ਉਮਰ ਵਿਚ ਹੀ ਸਾਹਿਬਜ਼ਾਦਾ ਅਜੀਤ ਸਿੰਘ ਕਾਫ਼ੀ ਸਮਝਦਾਰ ਸਨ। ਉਨ੍ਹਾਂ ਨੇ ਗੁਰਬਾਣੀ ਦਾ ਡੂੰਘੇਰਾ ਗਿਆਨ ਹਾਸਲ ਕੀਤਾ। ਸਾਹਿਬਾਜ਼ਾਦਾ ਅਜੀਤ ਸਿੰਘ ਜੀ ਨੇ ਅਪਣੀ ਉਮਰ ਦਾ ਵੱਡਾ ਹਿੱਸਾ ਗੁਰੂ ਗੋਬਿੰਦ ਸਿੰਘ ਜੀ ਦੀ ਛਤਰ-ਛਾਇਆ ਹੇਠ ਆਨੰਦਪੁਰ ਸਾਹਿਬ ਵਿਖੇ ਹੀ ਬਤੀਤ ਕੀਤਾ।

ANANDPUR SAHIB ANANDPUR SAHIB

23 ਮਈ 1699 ਈ: ਨੂੰ ਬਾਬਾ ਅਜੀਤ ਸਿੰਘ ਸੈਂਕੜੇ ਸਿੰਘਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ ਆਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਨੂਹ ਪਹੁੰਚ ਗਏ, ਜਿਥੇ ਉਨ੍ਹਾਂ ਉਥੋਂ ਦੇ ਰੰਘੜਾਂ ਨੂੰ ਚੰਗਾ ਸਬਕ ਸਿਖਾਇਆ ਜਿਨ੍ਹਾਂ ਨੇ ਪੋਠੋਹਾਰ ਦੀਆਂ ਸੰਗਤਾਂ ਨੂੰ ਆਨੰਦਪੁਰ ਆਉਣ ਸਮੇਂ ਲੁਟਿਆ ਸੀ। 29 ਅਗੱਸਤ 1700 ਨੂੰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ਉਤੇ ਹਮਲਾ ਕੀਤਾ ਤਾਂ ਬਾਬਾ ਜੀ ਨੇ ਬੜੀ ਸੂਰਬੀਰਤਾ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਅਕਤੂਬਰ ਦੇ ਅਰੰਭਲੇ ਦਿਨਾਂ ਵਿਚ ਜਦੋਂ ਪਹਾੜੀ ਰਾਜਿਆਂ ਨੇ ਨਿਰਮੋਹਗੜ੍ਹ ਤੇ ਧਾਵਾ ਬੋਲਿਆ ਤਾਂ ਉਸ ਵੇਲੇ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਦਸਮ ਪਿਤਾ ਦਾ ਡਟਵਾਂ ਸਾਥ ਦਿਤਾ।

SahibzadeSahibzade

ਇਕ ਦਿਨ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ। ਇਕ ਗ਼ਰੀਬ ਬ੍ਰਾਹਮਣ ਦੇਵਦਾਸ ਰੋਂਦਾ-ਕੁਰਲਾਉਂਦਾ ਹੋਇਆ ਆ ਕੇ ਕਹਿਣ ਲੱਗਾ, ''ਮੈਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰ ਕੇ ਮੇਰੀ ਧਰਮ-ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫ਼ਰਿਆਦ ਵਲ ਕੋਈ ਧਿਆਨ ਨਹੀਂ ਦਿਤਾ। ਗੁਰੂ ਨਾਨਕ ਦਾ ਦਰ ਹਮੇਸ਼ਾ ਹੀ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰੋ ਮੇਰੀ ਇੱਜ਼ਤ ਮੈਨੂੰ ਵਾਪਸ ਦਿਵਾ ਦਿਉ। ਮੈਂ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦਾ ਰਿਣੀ ਰਹਾਂਗਾ।''

ਗੁਰੂ ਸਾਹਿਬ ਨੇ ਸਾਹਿਬਾਜ਼ਾਦਾ ਅਜੀਤ ਸਿੰਘ ਨੂੰ ਕਿਹਾ, ''ਪੁੱਤਰ ਜੀ ਕੁੱਝ ਸਿੰਘਾਂ ਨੂੰ ਨਾਲ ਲੈ ਕੇ ਜਾਉ ਅਤੇ ਜਾਬਰ ਖਾਂ ਤੋਂ ਇਸ ਮਜ਼ਲੂਮ ਦੀ ਤੀਵੀਂ ਛੁਡਾ ਕੇ ਲਿਆਉ।'' ਸਾਹਿਬਾਜ਼ਾਦਾ ਅਜੀਤ ਸਿੰਘ ਨੇ 100 ਘੋੜਸਵਾਰ ਸਿੰਘਾਂ ਦਾ ਟੋਲਾ ਨਾਲ ਲੈ ਕੇ ਬੱਸੀ ਪਿੰਡ ਤੇ ਧਾਵਾ ਬੋਲ ਦਿਤਾ। ਜਾਬਰ ਖਾਂ ਦੀ ਹਵੇਲੀ ਨੂੰ ਜਾ ਘੇਰਿਆ ਅਤੇ ਗ਼ਰੀਬ ਬ੍ਰਾਹਮਣ ਦੀ ਪਛਾਣ ਤੇ ਉਸ ਦੀ ਅਬਲਾ ਪਤਨੀ ਨੂੰ ਜ਼ਾਲਮ ਦੇ ਪੰਜੇ 'ਚੋਂ ਛੁਡਾ ਲਿਆ।

SahibzadeSahibzade

ਪਿੰਡ ਤੇ ਹਮਲੇ ਸਮੇਂ ਕਸੂਰਵਾਰ ਨੂੰ ਛੱਡ ਕੇ ਕਿਸੇ ਹੋਰ ਦਾ ਕੋਈ ਨੁਕਸਾਨ ਨਹੀਂ ਹੋਇਆ। ਮਨੋਰਥ ਦੀ ਸਿੱਧੀ ਤੋਂ ਬਾਅਦ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਏ ਤਾਂ ਗੁਰੂ ਗੋਬਿੰਦ ਸਿੰਘ ਨੇ ਬਾਬਾ ਜੀ ਨੂੰ ਮਣਾਂ-ਮੂੰਹੀਂ ਸਤਿਕਾਰ ਬਖ਼ਸ਼ਿਆ। ਫ਼ਰਿਆਦੀ ਦੀ ਪਤਨੀ ਉਸ ਦੇ ਹਵਾਲੇ ਕੀਤੀ ਗਈ ਅਤੇ ਕੁਕਰਮੀ ਜਾਬਰ ਖ਼ਾਂ ਨੂੰ ਢੁਕਵੀਂ ਸਜ਼ਾ ਦਿਤੀ ਗਈ।

ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਮੁਗ਼ਲਾਂ ਅਤੇ ਪਹਾੜੀਆਂ ਦੇ ਹਮਲਿਆਂ ਦਾ ਸਾਹਿਬਾਜ਼ਾਦਾ ਅਜੀਤ ਸਿੰਘ ਨੇ ਬੜੇ ਹੀ ਦਲੇਰਾਨਾ ਅਤੇ ਸੂਝਪੂਰਵਕ ਢੰਗ ਨਾਲ ਸਾਹਮਣਾ ਕੀਤਾ। ਆਨੰਦਪੁਰ ਸਾਹਿਬ ਦੀ ਛੇਕੜਲੀ ਲੜਾਈ ਸਮੇਂ ਪਹਾੜੀ ਰਾਜਿਆਂ ਅਤੇ ਮੁਗਲਾਂ ਦੀਆਂ ਸਾਂਝੀਆਂ ਫ਼ੌਜਾਂ ਨੇ ਆਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮਾਂ ਘੇਰਾ ਪਾਈ ਰਖਿਆ।

Guru Tegh Bahadur Ji Guru Tegh Bahadur Ji

ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਦਸਮ ਪਾਤਸ਼ਾਹ ਨੇ ਅਪਣੇ ਪਿਤਾ (ਗੁਰੂ ਤੇਗ਼ ਬਹਾਦਰ) ਵਲੋਂ ਵਸਾਈ ਨਗਰੀ ਨੂੰ ਦਸੰਬਰ 1704 'ਚ ਛੱਡ ਜਾਣ ਦਾ ਫ਼ੈਸਲਾ ਕਰ ਲਿਆ। ਗੁਰੂ ਪ੍ਰਵਾਰ ਅਤੇ ਖ਼ਾਲਸਾ ਫ਼ੌਜ ਅਜੇ ਸਰਸਾ ਨਦੀ ਦੇ ਨਜ਼ਦੀਕ ਪਹੁੰਚੇ ਹੀ ਸਨ ਕਿ ਦੁਸ਼ਮਣ ਦੀ ਫ਼ੌਜ ਨੇ ਆ ਹਮਲਾ ਕਰ ਦਿਤਾ। ਸਾਹਿਬਾਜ਼ਾਦਾ ਅਜੀਤ ਸਿੰਘ ਦੀ ਕਮਾਂਡ ਹੇਠ ਕੁੱਝ ਸ਼ੇਰਦਿਲ ਸਿੰਘਾਂ ਨੇ ਦੁਸ਼ਮਣ ਦੇ ਟਿੱਡੀ ਦਲ ਨੂੰ ਓਨਾ ਚਿਰ ਤਕ ਰੋਕੀ ਰਖਿਆ ਜਿੰਨਾ ਚਿਰ ਤਕ ਗੁਰੂ ਪਿਤਾ ਅਤੇ ਉਨ੍ਹਾਂ ਦੇ ਸਹਿਯੋਗੀ ਸਰਸਾ ਨਦੀ ਵਿਚ ਨਾ ਠਿੱਲ੍ਹ ਪਏ।

ਪਿੱਛੋਂ ਉਹ ਅਪਣੇ ਸਾਥੀਆਂ ਸਮੇਤ ਆਪ ਵੀ ਨਦੀ ਪਾਰ ਕਰ ਗਏ। ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਅਤੇ ਖ਼ਾਲਸਾਈ ਫ਼ੌਜ ਦੇ ਕੁੱਝ ਕੁ ਗਿਣਤੀ (40) ਦੇ ਸਿੰਘਾਂ ਨੇ ਚਮਕੌਰ ਸਾਹਿਬ ਵਿਖੇ ਚੌਧਰੀ ਬੁਧੀ ਚੰਦ ਦੀ ਇਕ ਗੜ੍ਹੀਨੁਮਾ ਕੱਚੀ ਹਵੇਲੀ ਦੀ ਸ਼ਰਨ ਲੈ ਲਈ। ਇਸ ਗੜ੍ਹੀ ਵਿਚਲੀ ਓਟ ਸਦਕਾ ਗੁਰੂ ਸਾਹਿਬ ਨੇ ਦੁਸ਼ਮਣ ਦੀ ਫ਼ੌਜ ਨਾਲ ਲੋਹਾ ਲੈਣ ਦਾ ਮਨ ਬਣਾ ਲਿਆ।

Chamkaur SahibChamkaur Sahib

ਪੰਜ ਪੰਜ ਸਿੰਘਾਂ ਦੇ ਜਥੇ ਵਾਰੀ ਵਾਰੀ ਦੁਸ਼ਮਣਾਂ ਨਾਲ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ। ਸਿੰਘਾਂ ਨੂੰ ਜੂਝਦਿਆਂ ਵੇਖ ਕੇ ਬਾਬਾ ਅਜੀਤ ਸਿੰਘ ਦਾ ਖ਼ੂਨ ਵੀ ਉਬਾਲੇ ਖਾਣ ਲਗਿਆ। ਜਦੋਂ ਉਨ੍ਹਾਂ ਨੇ ਗੁਰੂ ਪਿਤਾ ਕੋਲੋਂ ਮੈਦਾਨ-ਏ-ਜੰਗ ਵਿਚ ਜਾਣ ਦੀ ਆਗਿਆ ਮੰਗੀ ਤਾਂ ਕਲਗੀਧਰ ਪਾਤਸ਼ਾਹ ਨੇ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਅਤੇ ਕਿਹਾ, ''ਲਾਲ ਜੀਓ! ਜਦ ਮੈਂ ਅਪਣੇ ਪਿਤਾ (ਗੁਰੂ ਤੇਗ਼ ਬਹਾਦਰ) ਜੀ ਨੂੰ ਸ਼ਹੀਦ ਹੋਣ ਲਈ ਘਲਿਆ ਸੀ ਤਾਂ ਉਸ ਸਮੇਂ ਮੈਂ ਅਪਣਾ ਧਰਮੀ ਪੁੱਤਰ ਹੋਣ ਦਾ ਫ਼ਰਜ਼ ਅਦਾ ਕੀਤਾ ਸੀ।  ਉਸੇ ਹੀ ਤਰਜ਼ ਤੇ ਅੱਜ ਮੈਂ ਤੈਨੂੰ ਰਣ-ਤੱਤੇ ਵਲ ਭੇਜ ਕੇ ਧਰਮੀ ਪਿਤਾ ਬਣਨਾ ਚਾਹੁੰਦਾ ਹਾਂ। ਵਾਹਿਗੁਰੂ ਨੇ ਮੈਨੂੰ ਏਥੇ ਭੇਜਿਆ ਹੀ ਇਸ ਵਾਸਤੇ ਹੈ।''

ਦਸਵੇਂ ਪਾਤਸ਼ਾਹ ਨੇ ਏਨੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਸਾਹਿਬਜ਼ਾਦੇ ਨੂੰ ਜੰਗ ਵਲ ਤੋਰਿਆ ਜਿੰਨੇ ਨਾਲ ਜੰਞ ਚਾੜ੍ਹੀਦੀ ਹੈ। ਸੀਸ ਉਪਰ ਹੀਰਿਆਂ ਨਾਲ ਜੜੀ ਸੁੰਦਰ ਕਲਗੀ ਝਲਕਾਂ ਮਾਰ ਰਹੀ ਸੀ। ਜਦੋਂ ਉਹ ਬਾਹਰ ਨਿਕਲੇ ਤਾਂ ਮੁਗ਼ਲਾਂ ਦੀਆਂ ਫ਼ੌਜਾਂ ਨੂੰ ਭਾਸਿਆ ਕਿ ਜਿਵੇ ਹਜ਼ੂਰ ਆਪ ਹੀ ਗੜ੍ਹੀ ਵਿਚੋਂ ਬਾਹਰ ਆ ਗਏ ਹੋਣ। ਜਿਧਰ ਕਿਸੇ ਨੂੰ ਰਾਹ ਮਿਲਿਆ ਉਧਰ ਹੀ ਡਰਦਾ ਹੋਇਆ ਦੌੜ ਗਿਆ।

Chamkaur War Chamkaur War

ਵੱਡੀ ਗਿਣਤੀ ਵਿਚ ਵੈਰੀਆਂ ਨੂੰ ਸਦਾ ਦੀ ਨੀਂਦ ਬਖ਼ਸ਼ ਕੇ ਸਾਹਿਬਜ਼ਾਦਾ ਅਜੀਤ ਸਿੰਘ ਆਪ ਵੀ ਸ਼ਾਹਦਤ ਪ੍ਰਾਪਤ ਕਰ ਗਏ। ਸਾਰਾ ਜਿਸਮ ਤੀਰਾਂ ਅਤੇ ਤਲਵਾਰਾਂ ਨਾਲ ਛਲਣੀ ਹੋਇਆ ਪਿਆ ਸੀ, ਪਰ ਆਤਮਾ ਪਰਮਾਤਮਾ ਵਿਚ ਲੀਨ ਹੋ ਚੁੱਕੀ ਸੀ। ਅਪਣੇ ਪੁੱਤਰ ਦੀ ਬਹਾਦਰੀ ਵੇਖ ਕੇ ਦਸਮੇਸ਼ ਪਿਤਾ ਜੀ ਕਹਿ ਰਹੇ ਸਨ, ''ਬੇਟਾ ਅਜੀਤ! ਤੇਰੀ ਸ਼ਹਾਦਤ ਨੇ ਸਹੀ ਅਰਥਾਂ ਵਿਚ ਮੈਨੂੰ ਅਕਾਲ ਪੁਰਖ ਵਲੋਂ ਸੁਰਖ਼ਰੂ ਕਰ ਦਿਤਾ ਹੈ।''

-ਰਮੇਸ਼ ਬੱਗਾ ਚੋਹਲਾ
ਸੰਪਰਕ : 94631-32719

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement