
ਕੌਂਸਲਰ ਮਾਰਵਿਨ ਰੌਟਰੈਂਡ ਦੇ ਮਤੇ 'ਚ ਮੁਸਲਿਮ ਔਰਤਾਂ ਨੂੰ ਹਿਜ਼ਾਬ ਪਹਿਨਣ ਦੀ ਖੁੱਲ੍ਹ ਦਿਤੇ ਜਾਣ ਦੀ ਵੀ ਵਕਾਲਤ ਕੀਤੀ ਹੈ।
ਮਾਂਟਰੀਅਲ ਦੇ ਇਕ ਕੌਂਸਲਰ ਨੇ ਮਤਾ ਪਾਸ ਕਰਦਿਆਂ ਉਸ ਕਾਨੂੰਨ ਵਿਚ ਸੋਧ ਕਰਨ ਦੀ ਵਕਾਲਤ ਕੀਤੀ ਹੈ ਜੋ ਸਿੱਖਾਂ ਨੂੰ ਦਸਤਾਰ ਸਮੇਤ ਪੁਲਿਸ ਸੇਵਾ ਸ਼ਾਮਲ ਹੋਣ ਦੇ ਰਾਹ ਵਿਚ ਅੜਿੱਕਾ ਬਣਦੇ ਹਨ। ਕੌਂਸਲਰ ਮਾਰਵਿਨ ਰੌਟਰੈਂਡ ਦੇ ਮਤੇ 'ਚ ਮੁਸਲਿਮ ਔਰਤਾਂ ਨੂੰ ਹਿਜ਼ਾਬ ਪਹਿਨਣ ਦੀ ਖੁੱਲ੍ਹ ਦਿਤੇ ਜਾਣ ਦੀ ਵੀ ਵਕਾਲਤ ਕੀਤੀ ਹੈ। ਭਾਵੇਂ ਅਜਿਹੀਆਂ ਤਜਵੀਜ਼ਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਕਿਊਬੇਕ ਵਿਚ ਕਈ ਅਜਿਹੀਆਂ ਤਾਕਤਾਂ ਮੌਜੂਦ ਹਨ ਜੋ ਧਾਰਮਕ ਸਹਿਣਸ਼ੀਲਤਾ ਦਾ ਰਾਹ ਸਾਫ਼ ਨਹੀਂ ਹੋਣ ਦੇਣਗੀਆਂ ਅਤੇ ਅਪਣੇ ਸਿਆਸੀ ਫ਼ਾਇਦੇ ਲਈ ਲੋਕ ਭਾਵਨਾਵਾਂ ਨੂੰ ਭੜਕਾਉਣ ਤੋਂ ਗੁਰੇਜ਼ ਨਹੀਂ ਕਰਨਗੀਆਂ। ਮਾਂਟਰੀਅਲ ਦੀ ਮੇਅਰ ਵੈਲਰੀ ਪਲਾਂਟ ਦੀ ਇਸ ਤਜਵੀਜ਼ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹੋਰਨਾਂ ਕੈਨੇਡੀਅਨ ਸ਼ਹਿਰਾਂ ਵਿਚ ਸਿੱਖਾਂ ਨੂੰ ਦਸਤਾਰ ਸਮੇਤ ਪੁਲਿਸ ਸੇਵਾ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਮਿਲ ਚੁੱਕੀ ਹੈ ਅਤੇ ਤਜਵੀਜ਼ 'ਤੇ ਵਿਚਾਰ ਕਰਨ ਲਈ ਤਿਆਰ ਹਾਂ।
Turban
ਮੇਅਰ ਦੀ ਟਿਪਣੀ ਆਉਂਦਿਆਂ ਹੀ ਤਜਵੀਜ਼ ਦਾ ਵਿਰੋਧ ਸ਼ੁਰੂ ਹੋ ਗਿਆ ਅਤੇ ਕੋਲੀਸ਼ਨ ਐਵੇਨਿਰ ਕਿਊਬੇਕ ਪਾਰਟੀ ਨੇ ਬਿਆਨ ਜਾਰੀ ਕਰ ਦਿਤਾ ਕਿ ਪੁਲਿਸ ਮਹਿਕਮੇ ਵਿਚ ਧਾਰਮਕ ਪਹਿਰਾਵੇ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਪਾਰਟੀ ਨੇ ਦਾਅਵਾ ਕੀਤਾ ਕਿ ਅਕਤੂਬਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਮੁੱਦੇ ਨੂੰ ਉਛਾਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਗ਼ੈਰ ਕਿਊਬੇਕ ਵਿਚ ਦਸਤਾਰਧਾਰੀ ਪੁਲਿਸ ਅਫ਼ਸਰ ਵੇਖਣੇ ਮੁਸ਼ਕਲ ਹੋਣਗੇ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ 1990 ਵਿਚ ਸਿੱਖਾਂ ਨੂੰ ਦਸਤਾਰ ਸਮੇਤ ਪੁਲਿਸ ਸੇਵਾ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿਤੀ ਸੀ। ਪਾਰਟੀ ਕਿਊਬੇਕ ਦੇ ਕਈ ਮੈਂਬਰ ਵੀ ਧਾਰਮਕ ਪਹਿਰਾਵੇ 'ਤੇ ਪਾਬੰਦੀ ਲਾਗੂ ਰੱਖੇ ਜਾਣ ਦੀ ਹਮਾਇਤ ਕਰਦੇ ਵੇਖੇ ਜਾ ਸਕਦੇ ਹਨ।