
ਸਲੋਹ ਪੁਲਿਸ ਸਟੇਸ਼ਨ ਵਿਚ ਹੁੱਲੜਬਾਜ਼ਾਂ ਵਿਰੁਧ ਸ਼ਿਕਾਇਤ ਹੋਈ ਦਰਜ
ਸਲੋਹ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੀ ਪ੍ਰਬੰਧਕ ਕਮੇਟੀ ਨੇ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਗੁਰੂ ਘਰਾਂ ਵਿੱਚ ਪ੍ਰਚਾਰਕਾਂ ਉਤੇ ਹਮਲੇ ਕਰਨ ਵਾਲੇ ਅਤੇ ਦਸਤਾਰ ਲਾਹੁਣ ਵਾਲੇ ਹੁੱਲੜਬਾਜ਼ਾਂ ਦੀ ਨਿੰਦਾ ਕਰਦੇ ਹੋਏ ਹੁੱਲੜਬਾਜ਼ਾਂ ਨੂੰ ਗੁਰਦੁਆਰਾ ਸਿੰਘ ਸਭਾ ਸਾਊਥਾਲ ਅਤੇ ਹੋਰ ਗੁਰਦੁਆਰਿਆਂ ਵਿਚ ਦਾਖ਼ਲੇ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਗੁਰੂ ਘਰਾਂ ਵਿੱਚ ਅਜਿਹੀਆਂ ਘਟਨਾਵਾਂ ਕਰਨ ਵਾਲਿਆਂ ਪ੍ਰਤੀ ਸੰਗਤਾਂ ਵਿੱਚ ਤੇ ਸਾਰੀ ਦੁਨੀਆ 'ਚ ਹੀ ਇਸ ਵੇਲੇ ਬਹੁਤ ਰੋਸ ਹੈ । ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਨੇ ਵੀ ਆਪਣਾ ਪੱਖ ਸੋਸ਼ਲ ਮੀਡੀਆ ਰਾਹੀਂ ਪ੍ਰਗਟ ਕਰਦਿਆਂ ਇਸ ਘਟਨਾ ਬਾਰੇ ਕੋਈ ਅਫ਼ਸੋਸ ਜ਼ਾਹਰ ਨਹੀਂ ਕੀਤਾ।ਜਦੋਂ ਕਿ ਇਕ ਰੇਡੀਓ ਤੇ ਕਿਸੇ ਵੀ ਕੀਮਤ ਤੇ ਸਮਾਗਮਾਂ ਨੂੰ ਰੋਕਣ ਦੀ ਧਮਕੀ ਭਰੀ ਚੇਤਾਵਨੀ ਦਿੱਤੀ ਗਈ ਹੈ ਤੇ ਉਹ ਅਜੇ ਵੀ ਆਪਣੇ ਸਟੈਂਡ ਤੇ ਉਸੇ ਤਰ੍ਹਾਂ ਹੀ ਹਨ ਜਦ ਕਿ ਸੰਗਤ ਅਤੇ ਬਹੁਤੇ ਗੁਰੂ ਘਰਾਂ ਦੇ ਪ੍ਰਬੰਧਕ ਗੁਰੂ ਘਰਾਂ ਵਿਚਲਾ ਮਾਹੌਲ ਵਿਗਾੜਨ ਦੇ ਹੱਕ ਵਿਚ ਨਹੀਂ ਹਨ। ਇਸ ਸਬੰਧੀ ਗੁਦੁਆਰਾ ਸਾਹਿਬ ਵੱਲੋਂ ਗੁਰੂ ਘਰ ਦੇ ਪ੍ਰਧਾਨ ਭਾਈ ਜੋਗਿੰਦਰ ਸਿੰਘ ਬੱਲ ਦੇ ਦਸਤਖਤਾਂ ਹੇਠ ਮੋਹਰ ਬੰਦ ਲਿਖਤੀ ਬਿਆਨ ਰੋਜ਼ਾਨਾ ਸਪੋਕਸਮੈਨ ਨੂੰ ਮਿਲਿਆ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੀ ਪ੍ਰਬੰਧਕ ਕਮੇਟੀ ਦੀ ਐਮਰਜੈਂਸੀ ਇਕੱਤਰਤਾ ਬੁਲਾਈ ਗਈ, ਜਿਸ ਵਿੱਚ ਪੰਥ ਪ੍ਰਸਿੱਧ ਵਿਦਵਾਨ ਪ੍ਰਚਾਰਕ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਉਤੇ ਹੋਏ ਵਹਿਸ਼ੀ ਹਮਲੇ ਬਾਰੇ ਵਿਚਾਰਾਂ ਕੀਤੀਆਂ ਗਈਆਂ ਜੋ ਕਿ ਪਾਰਕ ਐਵੇਨਿਊ ਗੁਰਦੁਆਰਾ ਸਾਊਥਾਲ ਵਿਚ 7/5/18 ਨੂੰ ਉਨ੍ਹਾਂ ਦੀ ਦਸਤਾਰ ਉਤਾਰੀ ਗਈ, ਕੁੱਟਮਾਰ ਕੀਤੀ ਗਈ ਸੀ।
Bhai Amrik Singh
ਉਹਨਾਂ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਤੇ ਮਾਂਵਾਂ ਭੈਣਾਂ ਦੀਆਂ ਗਾਲ੍ਹਾਂ ਕੱਢੀਆਂ ਗਈਆਂ ਅਤੇ ਕਾਫ਼ੀ ਸਮਾਂ ਉਹਨਾਂ ਨੂੰ ਇਕ ਕਮਰੇ ਵਿੱਚ ਭੈਭੀਤ ਕਰਕੇ ਬਿਠਾਈ ਰੱਖਿਆ ਗਿਆ । ਸਲੋਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਬੰਧਕ ਅਤੇ ਸੰਗਤ ਇਸ ਪੰਥ ਵਿਰੋਧੀ ਕਾਰਵਾਈ ਦੀ ਘੋਰ ਨਿੰਦਾ ਕਰਦੀ ਹੈ ।
ਕਮੇਟੀ ਦੇ ਸਾਂਝੇ ਬਿਆਨ ਵਿੱਚ ਲਿਖਿਆ ਹੈ ਕਿ ਸਾਨੂੰ ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਸਾਊਥਾਲ ਦੇ ਪ੍ਰਬੰਧਕਾਂ ਤੇ ਵੀ ਰੋਸ ਹੈ ਕਿ ਨਾ ਤਾਂ ਉਹਨਾਂ ਨੇ ਪੁਲਿਸ ਬੁਲਾਈ ਅਤੇ ਨਾ ਹੀ ਭਾਈ ਸਾਹਿਬ ਸੱਟਾ ਲੱਗਣ ਦੇ ਬਾਵਜੂਦ ਉਨਾੰ ਨੂੰ ਹਸਪਤਾਲ ਲੈ ਕੇ ਗਏ ।ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਦੀ ਪ੍ਰਬੰਧਕ ਕਮੇਟੀ ਨੇ ਸਰਬਸੰਮਤੀ ਨਾਲ ਪਾਸ ਕੀਤਾ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਦਸਤਾਰ ਲਾਹੁਣ ਵਾਲਿਆਂ ਨੂੰ ਸ੍ਰੀ ਗੁਰੂ ਸਿੰਘ ਸਭਾ ਵਿੱਚੋਂ ਬੈਨ ਕਰਵਾਇਆ ਜਾਵੇ ਅਤੇ ਹੋਰ ਸਾਰੇ ਗੁਰਦੁਆਰਾ ਕਮੇਟੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਗੁਰੂ ਘਰਾਂ ਵਿੱਚ ਹੁੱਲੜਬਾਜ਼ੀ ਕਰਨ ਵਾਲਿਆਂ ਨੂੰ ਅਤੇ ਦਸਤਾਰਾਂ ਲਾਹੁਣ ਵਾਲਿਆਂ ਨੂੰ ਬੈਨ ਕੀਤਾ ਜਾਵੇ ਅਤੇ ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਕੇ ਸਲਾਹ ਲਈ ਜਾਵੇ। ਜਿਕਰਯੋਗ ਹੈ ਕਿ ਸੂਤਰਾਂ ਮੁਤਾਬਿਕ ਪੰਥ ਪ੍ਰਸਿੱਧ ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਵਾਲ਼ਿਆਂ ਤੇ ਹਮਲਾ ਕਰਨ ਵਾਲੇ ਹੁੱਲੜਬਾਜ਼ੀ ਖ਼ਿਲਾਫ਼ ਸਲੋਹ ਪੁਲਸ ਸਟੇਸ਼ਨ ਵਿੱਚ ਕੇਸ ਦਰਜ ਕਰਵਾਇਆਂ ਗਿਆ ਹੈ।