
ਲਹਿੰਦੇ ਪੰਜਾਬ ਦੇ ਰਾਜਪਾਲ ਨੇ ਸਥਾਨਕ ਭਾਈਚਾਰੇ ਨੂੰ ਵੰਡਿਆ ਰਾਸ਼ਨ
ਜੰਮੂ, 10 ਮਈ (ਸਰਬਜੀਤ ਸਿੰਘ) : ਨਨਕਾਣਾ ਸਾਹਿਬ ਵਿਖੇ ਲਹਿਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਗੁਰਦਵਾਰਾ ਜਨਮ ਅਸਥਾਨ ਵਿਖੇ ਸਥਾਨਕ ਸਿੱਖ-ਹਿੰਦੂ ਭਾਈਚਾਰੇ ਦੇ ਲੋੜਵੰਦ ਅਤੇ ਯੋਗ ਪਰਵਾਰਾਂ ਵਿਚ ਰਾਸ਼ਨ ਦੀਆਂ ਬੋਰੀਆਂ ਵੰਡੀਆਂ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਨਨਕਾਣਾ ਸਾਹਿਬ ਰਾਜਾ ਮਨਸੂਰ ਅਹਿਮਦ ਅਤੇ ਡੀਪੀਓ ਇਸਮਲ-ਉਰ-ਰਹਿਮਾਨ ਖੜਕ ਸਮੇਤ ਹੋਰ ਜ਼ਿਲ੍ਹਾ ਅਧਿਕਾਰੀਆਂ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਜਰਨਲ ਸਕੱਤਰ ਅਮੀਰ ਸਿੰਘ, ਡਾ. ਮਹਿਪਾਲ ਸਿੰਘ, ਪੰਜਾਬੀ ਸਿੱਖ ਸੰਗਤ ਦੇ ਪ੍ਰਧਾਨ ਅਤੇ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਗੋਪਾਲ ਸਿੰਘ, ਵਕਫ਼ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਨੇ ਰਾਜਪਾਲ ਪੰਜਾਬ ਚੌਧਰੀ ਮੁਹੰਮਦ ਸਰਵਰ ਦਾ ਨਨਕਾਣਾ ਸਾਹਿਬ ਗੁਰਦਵਾਰੇ ਪਹੁੰਚਣ 'ਤੇ ਸਵਾਗਤ ਕੀਤਾ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਕਿਹਾ ਕਿ ਮੌਜੂਦਾ ਸਰਕਾਰ ਜਾਤੀ, ਨਸਲ ਅਤੇ ਰੰਗ ਭੇਦ ਤੋਂ ਉਪਰ ਉਠ ਕੇ ਦੇਸ਼ ਦੇ ਸਾਰੇ ਲੋਕਾਂ ਨੂੰ ਸੇਵਾਵਾਂ ਦੇ ਰਹੀ ਹੈ। ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਕਿਹਾ ਕਿ ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਮੁਸਲਮਾਨਾਂ ਵਿਰੁਧ ਹੋ ਰਹੇ ਬੇਤੁਕੇ ਅਤਿਆਚਾਰ ਅਤੇ ਕੰਟਰੋਲ ਰੇਖਾ ਦੀ ਨਿਰੰਤਰ ਉਲੰਘਣਾ ਦੇ ਬਾਵਜੂਦ, ਸਿੱਖ ਕੌਮ ਨੂੰ ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ 'ਤੇ ਆਉਣ ਦੀ ਖੁੱਲ੍ਹੀ ਆਜ਼ਾਦੀ ਹੈ।
File photo
ਉਨ੍ਹਾਂ ਕਿਹਾ ਕਿ ਕੋਈ ਵੀ ਸਿੱਖ ਭਾਵੇਂ ਕਿਸੇ ਵੀ ਮੁਲਕ ਦਾ ਹੋਵੇ ਪਾਕਿਸਤਾਨ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਜਗਤ ਗੁਰੂ ਬਾਬਾ ਨਾਨਕ ਨੇ ਹਮੇਸ਼ਾਂ ਸ਼ਾਂਤੀ, ਪਿਆਰ ਅਤੇ ਸਹਿਣਸ਼ੀਲਤਾ ਦੀ ਸਿਖਿਆ ਦਿਤੀ ਹੈ। ਰਾਜਪਾਲ ਨੇ ਕਿਹਾ ਕਿ ਪਾਕਿਸਤਾਨ ਵਿਚ ਵਸਦੀਆਂ ਸਾਰੀਆਂ ਘੱਟ ਗਿਣਤੀਆਂ ਨੂੰ ਪੂਰੀ ਧਾਰਮਕ ਆਜ਼ਾਦੀ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਸਰਵਰ ਫਾਉਂਡੇਸ਼ਨ ਵਲੋਂ ਵੱਖ-ਵੱਖ ਸਮਾਜਕ ਸੰਸਥਾਵਾਂ ਦੇ ਸਹਿਯੋਗ ਨਾਲ 5,00,000 ਰਾਸ਼ਨ ਬੈਗ ਵੰਡੇ ਜਾ ਚੁਕੇ ਹਨ।