ਹੁਣ ਲੰਡਨ ਸਥਿਤ ਨਿਲਾਮੀ ਘਰ ਨੇ ਮੁਆਫ਼ੀ ਮੰਗੀ ਤੇ ਕਿਹਾ ਕਿ ਇਸ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਹਟਾ ਦਿੱਤਾ ਗਿਆ ਹੈ।
UK News: ਲੰਡਨ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਲੰਡਨ ਵਿਚ ਹੋਣ ਵਾਲੀ ਨਿਲਾਮੀ ਰੋਕਣ ਲਈ ਸਿੱਖ ਭਾਈਚਾਰੇ ਵੱਲੋਂ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਲੰਡਨ ਸਥਿਤ ਨਿਲਾਮੀ ਘਰ ਨੇ ਮੁਆਫ਼ੀ ਮੰਗੀ ਤੇ ਕਿਹਾ ਕਿ ਇਸ ਨਾਲ ਸਬੰਧਿਤ ਦਸਤਾਵੇਜ਼ਾਂ ਨੂੰ ਹਟਾ ਦਿੱਤਾ ਗਿਆ ਹੈ।
ਯੂਨਾਈਟਡ ਸਿੱਖਜ਼ ਦੀ ਅੰਤਰਰਾਸ਼ਟਰੀ ਕਾਨੂੰਨੀ ਡਾਇਰੈਕਟਰ ਮਨਜਿੰਦਰ ਕੌਰ ਵੱਲੋਂ ਦਾਇਕ ਇਸ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਲੰਡਨ ਵਿਚ ਸਥਿਤ ਰੋਜ਼ਬਰੀਸ ਫਾਈਨ ਆਰਟ ਨਿਲਾਮੀ ਘਰ ਵੱਲੋਂ 19 ਜੂਨ 2024 ਨੂੰ ਸੰਨ 1850 ਦੇ ਕਰੀਬ ਹੱਥ ਲਿਖਤ ਸਰੂਪਾਂ ਦੇ 1213 ਤੋਂ 1215 ਤੱਕ ਦੇ ਵੱਡ ਅਕਾਰੀ ਅੰਗ, ਇਸ ਤੋਂ ਇਲਾਵਾ ਅੰਗ ਨੰਬਰ 940 ਗੁਰਬਾਣੀ ਸਟੀਕ ਨਿਲਾਮ ਕੀਤੇ ਜਾ ਰਹੇ ਹਨ।
ਇਸ ਤੋਂ ਇਲਾਵਾ 20ਵੀਂ ਸਦੀ ਇਕ ਛੋਟੇ ਸਰੂਪ ਦੇ 15 ਅੰਗ, ਜਨਮ ਸਾਖੀ ਅਤੇ ਹੋਰ ਗੁਰਬਾਣੀ ਨਾਲ ਜੁੜੇ ਦਸਤਾਵੇਜ਼ ਨਿਲਾਮ ਕੀਤੇ ਜਾ ਰਹੇ ਹਨ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਹਨ, ਗੁਰਬਾਣੀ ਦਾ ਹਰ ਸਿੱਖ ਦੇ ਜੀਵਨ ਵਿੱਚ ਬਹੁਤ ਵੱਡਾ ਮਹੱਤਵ ਹੈ। ਗੁਰਬਾਣੀ ਦੀ ਇਸ ਤਰ੍ਹਾਂ ਨਿਲਾਮੀ ਹੋਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ, ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ।
ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਨਿਲਾਮੀ ਘਰ ਨੂੰ ਗੁਰਬਾਣੀ ਨਾਲ ਜੁੜੇ ਹਰ ਦਸਤਾਵੇਜ਼ ਨੂੰ ਤੁਰੰਤ ਨਿਲਾਮੀ ਤੋਂ ਹਟਾਉਣੇ ਚਾਹੀਦੇ ਹਨ। ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰਦਿਆਂ, ਕਦੇ ਵੀ ਧਾਰਮਿਕ ਗ੍ਰੰਥਾਂ ਦੀ ਨਿਲਾਮੀ ਨਾ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਗੁਰਬਾਣੀ ਅਤੇ ਬਿਰਧ ਸਰੂਪਾਂ ਨੂੰ ਸਿੱਖਾਂ ਦੇ ਹਵਾਲੇ ਕਰਨ ਲਈ ਵਿਚੋਲਗੀ ਕਰਨ ਦੀ ਮੰਗ ਵੀ ਕੀਤੀ ਸੀ।
ਇਸ ਦੇ ਨਾਲ ਹੀ ਆਸ ਪ੍ਰਗਟ ਕੀਤੀ ਹੈ ਕਿ ਨਿਲਾਮੀ ਘਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਅੱਗੋਂ ਕੋਈ ਵੀ ਅਜਿਹਾ ਕਰਨ ਤੋਂ ਗੁਰੇਜ਼ ਕਰੇਗਾ। ਜਿਸ ਤੋਂ ਬਾਅਦ ਜਿੱਥੇ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਪਟੀਸ਼ਨ ‘ਤੇ ਦਸਤਖ਼ਤ ਕੀਤੇ, ਉੱਥੇ ਹੀ ਸੰਬੰਧਿਤ ਨਿਲਾਮੀ ਘਰ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਉਕਤ ਸਾਰੇ ਦਸਤਾਵੇਜ਼ਾਂ ਨੂੰ ਨਿਲਾਮ ਹੋਣ ਤੋਂ ਰੋਕ ਦਿੱਤਾ ਗਿਆ ਹੈ।