
‘ਕੋਟਕਪੂਰਾ ਗੋਲੀਕਾਂਡ ਸਬੰਧੀ ਜਾਂਚ ਏਜੰਸੀ ਨੂੰ ਦਿਤੇ ਬਿਆਨ ਦਾ ਰੋਸ ਹੈ ਤਾਂ ਵਲਟੋਹਾ ਜੀ ਸਪੱਸ਼ਟ ਬੋਲੋ, ਘੁਮਾ ਫਿਰਾ ਕੇ ਝੂਠੇ ਦੋਸ਼ ਨਾ ਲਗਾਉ’
ਅਬੋਹਰ (ਤੇਜਿੰਦਰ ਸਿੰਘ ਖਾਲਸਾ) : ‘ਜੇਕਰ ਕਿਸੇ ਗਲਤ ਅਨਸਰ ਨਾਲ ਤਸਵੀਰ ਸਾਹਮਣੇ ਆਵੇ ਤਾਂ ਉਸ ਨਾਲ ਕੋਈ ਦੋਸ਼ੀ ਸਾਬਤ ਨਹੀਂ ਹੋ ਜਾਂਦਾ, ਜੇ ਇਸ ਤਰ੍ਹਾਂ ਹੁੰਦਾ ਤਾਂ ਸਾਰੇ ਲੀਡਰਾਂ ਦੀਆਂ ਕਈ ਤਸਵੀਰਾਂ ਗਲਤ ਅਨਸਰਾਂ ਨਾਲ ਅਕਸਰ ਵੇਖਣ ਨੂੰ ਮਿਲ ਜਾਂਦੀਆਂ ਹਨ। ਗੁਰਜੀਤ ਸਿੰਘ ਰਾਣੋਂ ਵਰਗੇ ਵੱਡੇ ਡਰੱਗ ਮਾਫ਼ੀਏ ਨਾਲ ਤਾਂ ਤੁਹਾਡੇ ਲੀਡਰਾਂ ਦੀਆਂ ਵੀ ਫ਼ੋਟੋਆਂ ਹੋਣਗੀਆਂ।’ ਉਕਤ ਵਿਚਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਪੱਤਰਕਾਰ ਸੰਮੇਲਨ ਦੌਰਾਨ ਲਾਏ ਦੋਸ਼ਾਂ ਦੇ ਜਵਾਬ ਵਿਚ ਬੀਤੀ ਦੇਰ ਸ਼ਾਮ ਵੀਡੀਉ ਜਾਰੀ ਕਰ ਕੇ ਦਿਤੇ।
Ranjit Singh Dhadrian Wale
ਜ਼ਿਕਰਯੋਗ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਤਰਨਤਾਰਨ ਇਲਾਕੇ ਦੇ ਗੰਨਮੈਨ ਰਹੇ ਰਾਮ ਸਿੰਘ ਦੇ ਭਤੀਜੇ ਨੂੰ ਮਹਾਂਰਾਸ਼ਟਰ ਪੁਲਿਸ ਨੇ ਬੰਦਰਗਾਹ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ ਸੀ, ਇਸ ਮਾਮਲੇ ਵਿਚ ਵਿਰਸਾ ਸਿੰਘ ਵਲਟੋਹਾ ਨੇ ਢੱਡਰੀਆਂ ਵਾਲੇ ਵਿਰੁਧ ਵੀ ਜਾਂਚ ਕਰਨ ਦੀ ਮੰਗ ਪੱਤਰਕਾਰ ਮਿਲਣੀ ਦੌਰਾਨ ਕੀਤੀ। ਹਰ ਮਾਮਲੇ ਵਿਚ ਅਪਣੀ ਨਿਰਪੱਖ ਰਾਏ ਰੱਖਣ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬੀਤੀ ਦੇਰ ਸ਼ਾਮ ਵੀਡੀਓ ਜਾਰੀ ਕਰਕੇ ਸ. ਵਲਟੋਹਾ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਤੁਹਾਡੇ ਵਲੋਂ ਲਾਏ ਇਲਜਾਮ ਬਾਬਤ ਹੁਣ ਸਪੱਸ਼ਟ ਹੋਣਾ ਚਾਹੀਦਾ ਹੈ
Virsa Singh Valtoha
ਉਕਤ ਦੋਸ਼ ਤੁਸੀਂ ਅਪਣੇ ਵਲੋਂ ਜਾਂ ਅਪਣੀ ਪਾਰਟੀ ਅਕਾਲੀ ਦਲ ਵਲੋਂ ਲਗਾ ਰਹੇ ਹੋ ਕਿਉਂ ਕਿ ਤੁਸੀ ਅਪਣੀ ਪਾਰਟੀ ਦੀ ਸੀਨੀਅਰ ਆਗੂ ਅਤੇ ਬੁਲਾਰੇ ਦੇ ਤੌਰ ’ਤੇ ਕੰਮ ਕਰਦੇ ਰਹੇ ਹੋ। ਉਨ੍ਹਾਂ ਕਿਹਾ ਕਿ ਮੇਰੇ ਗੰਨਮੈਨ ਰਾਮ ਸਿੰਘ ਦੇ ਭਤੀਜੇ ਕੋਲੋਂ ਨਸ਼ੀਲੇ ਪਦਾਰਥ ਮਿਲਣ ਕਾਰਨ ਤੁਸੀ ਮੈਨੂੰ ਦੋਸ਼ੀ ਸਾਬਤ ਕਰਨ ਲੱਗੇ ਹੋਏ ਹੋ ਫਿਰ ਤਾਂ ਤੁਹਾਡੇ ਲੀਡਰਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।
ਵਿਰਸਾ ਸਿੰਘ ਵਲਟੋਹਾ ਨੇ ਢੱਡਰੀਆਂ ਵਾਲੇ ਕੋਲੋਂ ਮਹਿੰਗੀਆਂ ਗੱਡੀਆਂ ਅਤੇ ਮੋਬਾਇਲ ਤੇ ਚੁੱਕੇ ਸਵਾਲ ਦੇ ਜਵਾਬ ਵਿਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਕਿ 2008 ਵਿਚ ਮੈਂ ਲੈਂਡ ਕਰੂਜ਼ਰ ਗੱਡੀ ਵਿਚ ਪ੍ਰਚਾਰ ਕੀਤਾ ਸੀ ਤਾਂ ਤੁਹਾਡੀ ਟਕਸਾਲ ਨਾਲ ਗੰਢਤੁਪ ਹੈ ਜਿਨ੍ਹਾਂ ਦੇ ਬੰਦਿਆਂ ਨੇ ਕਈ 2016 ਵਿਚ ਛਬੀਲ ਦੀ ਆੜ ਵਿਚ ਮੇਰੇ ਤੇ ਹਮਲਾ ਕਰ ਕੇ ਮੇਰੇ ਸਾਥੀ ਦਾ ਕਤਲ ਕੀਤਾ, ਉਸ ਉਪਰੰਤ ਉਹ ਗੱਡੀ 5 ਸਾਲ ਥਾਣੇ ਖੜੀ ਰਹੀ, ਜਿਸ ਨੂੰ ਚੰਡੀਗੜ੍ਹ ਤੋਂ ਠੀਕ ਕਰਵਾ ਕੇ ਮੁੜ ਸੜਕ ਤੇ ਪ੍ਰਚਾਰ ਲਈ ਤੋਰਿਆ। ਉਨ੍ਹਾਂ ਕਿਹਾ ਕਿ ਤੁਹਾਨੂੰ 1 ਕਰੋੜ 65 ਲੱਖ ਦੀ ਗੱਡੀ ਲੱਗਦੀ ਹੈ ਤਾਂ ਤੁਸੀ 65 ਲੱਖ ਹੀ ਦੇ ਦਿਉ ਅਤੇ ਗੱਡੀ ਲੈ ਜਾਉ ਸ਼ਾਇਦ ਉਸ ਨੂੰ ਤੁਸੀ 1 ਕਰੋੜ 65 ਲੱਖ ਵਿਚ ਵੇਚ ਕੇ ਅਪਣੇ ਭਵਨ ਦੇ ਬਿਜਲੀ ਬਿੱਲ ਭਰ ਸਕੋ।
Virsa Singh Valtoha
ਮੇਰੇ ਕੋਲ ਕਰੋੜ ਦੇ ਮੋਬਾਇਲ ਦੀ ਅਫ਼ਵਾਹ ਨੂੰ ਵੀ ਤੁਸੀ ਵੈਰੀਫਾਈ ਕਰਨਾ ਮੁਨਾਸਿਬ ਨਹੀਂ ਸਮਝਿਆ ਜਦ ਕਿ ਇਸ ਵਿਚ ਕੋਈ ਸੱਚਾਈ ਨਹੀਂ। ਢੱਡਰੀਆਂ ਵਾਲੇ ਨੇ ਕਿਹਾ ਕਿ ਵਲਟੋਹਾ ਜੀ ਜੇਕਰ ਤੁਹਾਨੂੰ ਕੋਟਕਪੂਰਾ ਗੋਲੀਕਾਂਡ ਸਬੰਧੀ ਜਾਂਚ ਏਜੰਸੀ ਨੂੰ ਦਿਤੇ ਬਿਆਨ ਦਾ ਖਦਸ਼ਾ ਹੈ ਤਾਂ ਸਪੱਸ਼ਟ ਬੋਲੋ ਪਰ ਇਸ ਤਰ੍ਹਾਂ ਦੇ ਘੁੰਮਾ ਫਿਰਾ ਕੇ ਕੋਈ ਝੂਠੇ ਦੋਸ਼ ਨਾ ਲਗਾਉ। ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਤੁਹਾਡੇ ਬਾਬਿਆਂ ਕੋਲ 500-500 ਕਿੱਲੇ ਜਮੀਨ ਬੋਲਦੀ ਹੈ ਪਰ ਮੇਰੇ ਨਾਮ 5 ਕਿੱਲੇ ਜ਼ਮੀਨ ਵੀ ਨਹੀਂ। ਭਾਈ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਪ੍ਰਮੇਸ਼ਰ ਦੁਆਰ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਤੁਸੀ ਮੇਰੇ ਕੋਲ ਆ ਕੇ ਵੀ ਲੈ ਸਕਦੇ ਹੋ
Ranjit Singh Dhadrian Wale
ਜਦ ਕਿ ਸਾਨੂੰ ਪਿਆਰ ਕਰਨ ਵਾਲੇ ਵਿਦੇਸ਼ ਬੈਠੇ ਸਾਡੇ ਭਰਾ ਪ੍ਰਮੇਸ਼ਰ ਦੁਆਰ ਦੀ ਚਿੰਤਾ ਵੀ ਕਰਦੇ ਹਨ ਅਤੇ ਇਸ ਦੇ ਪ੍ਰਬੰਧਾਂ ਨੂੰ ਚਲਾਉਣ ਵਿਚ ਸਹਿਯੋਗ ਕਰਦੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੂੰ ਸੱਭ ਪਤਾ ਹੈ ਕਿ ਕਿਥੇ ਕੀ ਗਲਤ ਕੰਮ ਹੋ ਰਿਹਾ ਹੈ, ਤੁਹਾਨੂੰ ਜ਼ਿਆਦਾ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ। ਭਾਈ ਢੱਡਰੀਆਂ ਵਾਲੇ ਨੇ ਕਿਹਾ ਕਿ ਤੁਹਾਨੂੰ ਰੱਬ ਦੀ ਪਰਿਭਾਸ਼ਾ ਬਦਲਣ ਦਾ ਵੀ ਸ਼ਿਕਵਾ ਹੈ ਪਰ ਸਾਡਾ ਰੱਬ ਨੂੰ ਮੰਨਣ ਦਾ ਨਜ਼ਰੀਆ ਹੋਰ ਹੈ ਜੋ ਕਿ ਲੋਕਾਂ ਨੂੰ ਅਪਣੇ ਪੈਰਾਂ ਤੇ ਖੜ੍ਹਾ ਕਰਦਾ ਹੈ ਪਰ ਤੁਹਾਡੇ ਨਜ਼ਰੀਏ ਵਿਚ ਲੋਕ ਪੁਜਾਰੀਵਾਦ ਰਾਹੀਂ ਬਣਾਏ ਰੱਬ ਦੇ ਗੁਲਾਮ ਰਹਿਣ ਤਾਂ ਜੋ ਤੁਹਾਡੀ ਲੀਡਰੀ ਚਮਕਾਈ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਅੱਜ ਤਕ ਕਿਸੇ ਵੀ ਜਾਂਚ ਤੋਂ ਨਹੀਂ ਭੱਜਿਆ, ਤੁਸੀ ਜਿਥੋਂ ਮਰਜ਼ੀ ਜਾਂਚ ਕਰਵਾ ਲਉ ਪਰ ਨਾਲ ਤੁਹਾਡੇ ਲੀਡਰਾਂ ਦੀ ਵੀ ਜਾਂਚ ਹੋਵੇਗੀ।