
ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਅਰਦਾਸ ਕਰ ਕੇ......
ਨਵੀਂ ਦਿੱਲੀ: ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਅਰਦਾਸ ਕਰ ਕੇ, ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਬੇਨਤੀ ਕੀਤੀ ਗਈ। 84 ਦੇ ਇਨਸਾਫ਼ ਵਾਸਤੇ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਜਗਤ ਨੂੰ ਇਸ ਬਾਰੇ ਅਰਦਾਸ ਕਰਨ ਦਾ ਸੱਦਾ ਦਿਤਾ ਗਿਆ ਸੀ ਜਿਸ ਪਿਛੋਂ ਵੱਡੀ ਤਾਦਾਦ 'ਚ ਸੰਗਤ ਨੇ ਅਰਦਾਸ ਕੀਤੀ। ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, “ਨਵੰਬਰ 84 ਵਿਚ ਦਿੱਲੀ, ਕਾਨਪੁਰ, ਬੋਕਾਰੋ ਸਣੇ ਹੋਰਨਾਂ ਸੂਬਿਆਂ ਵਿਚ ਬੇਕਸੂਰ ਸਿੱਖਾਂ ਦਾ
ਕਤਲੇਆਮ ਕੀਤਾ ਗਿਆ, ਪਰ ਅੱਜ 34 ਸਾਲ ਬੀਤਣ ਦੇ ਬਾਵਜੂਦ ਸਿੱਖ ਇਨਸਾਫ਼ ਲਈ ਲੜਾਈ ਲੜ ਰਹੇ ਹਨ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਪਿਛੋਂ ਸਿੱਖਾਂ ਨੂੰ ਖ਼ਤਮ ਕਰਨ ਲਈ ਵੋਟਰ ਲਿਸਟਾਂ ਸਹਾਰੇ, ਦੋਸ਼ੀਆਂ ਨੂੰ ਕੈਮੀਕਲ, ਪਾਊਡਰ, ਸਰਕਾਰੀ ਬੱਸਾਂ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਬਾਰੇ ਵੀ ਜਾਣੂ ਕਰਵਾਇਆ 'ਤੇ ਇਸ ਪਿਛੋਂ ਦੇਸ਼ ਦੇ ਵੇਲੇ ਦੇ ਪ੍ਰਧਾਨ ਮੰਤਰੀ ਦੇ ਰੋਲ ਨੂੰ ਜ਼ਾਲਮਾਨਾ ਦਸਿਆ। ਇਸ ਮੌਕੇ ਕਮੇਟੀ ਮੈਂਬਰ ਸ.ਮਨਮੋਹਨ ਸਿੰਘ, ਸ.ਪਰਮਜੀਤ ਸਿੰਘ ਚੰਢੋਕ, ਸ.ਕੁਲਵੰਤ ਸਿੰਘ ਬਾਠ, ਸ.ਦਲਜੀਤ ਸਿੰਘ ਸਰਨਾ ਤੇ ਹੋਰ ਸ਼ਾਮਲ ਹੋਏ।