
ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਤ ਯਾਦਗਾਰ ਚੱਪੜਚਿੜੀ ਵਿਖੇ ਸਥਿਤ ਹੈ।
Baba Banda Singh Bahadar, Sirhind Fateh Divas: ਖ਼ਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਜੀ ਦਾ ਜਨਮ 27 ਅਕਤੂਬਰ, 1670 ਨੂੰ ਜੰਮੂ ਤੋਂ 130 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਕਸਬੇ ਰਾਜੌਰੀ ਵਿਖੇ ਹੋਇਆ। ਇਨ੍ਹਾਂ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਬਚਪਨ ਵਿਚ ਇਨ੍ਹਾਂ ਨੂੰ ਘੋੜ-ਸਵਾਰੀ ਕਰਨ, ਸ਼ਿਕਾਰ ਖੇਡਣ ਅਤੇ ਹਥਿਆਰ ਚਲਾਉਣ ਦਾ ਬੇਹੱਦ ਸ਼ੌਕ ਸੀ।
15 ਸਾਲ ਦੀ ਉਮਰ ਵਿਚ ਇਨ੍ਹਾਂ ਨੇ ਇਕ ਹਿਰਨੀ ਨੂੰ ਅਪਣਾ ਸ਼ਿਕਾਰ ਬਣਾਇਆ। ਉਸ ਨੂੰ ਅਤੇ ਉਸ ਦੇ ਨਵਜਨਮੇ ਬੱਚਿਆਂ ਨੂੰ ਅਪਣੀ ਅੱਖੀਂ ਮਰਦਿਆਂ ਵੇਖ ਕੇ ਦੁਨਿਆਦਾਰੀ ਤੋਂ ਇਨ੍ਹਾਂ ਦਾ ਮੋਹ ਭੰਗ ਹੋਣ ਲੱਗਾ ਤੇ ਇਹ ਵੈਰਾਗੀ ਬਣ ਗਏ। ਇਸੇ ਲਈ ਇਨ੍ਹਾਂ ਨੂੰ ਮਾਧੋ ਦਾਸ ਵੀ ਕਿਹਾ ਗਿਆ। ਸਰਹਿੰਦ ਦੀ ਇੱਟ ਨਾਲ ਇੱਟ ਵਜਾਉਣ, ਵਜ਼ੀਰ ਖ਼ਾਨ ਦੇ ਖ਼ਾਤਮੇ, ਜਿੰਮੀਦਾਰੀ ਪ੍ਰਥਾ ਦੇ ਖ਼ਾਤਮੇ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਕਰਨ ਕਾਰਨ ਹੀ ਇਨ੍ਹਾਂ ਦਾ ਨਾਂ ਇਤਿਹਾਸ ਦੇ ਪੰਨਿਆਂ ਵਿਚ ਸੁਨਹਿਰੀ ਅਖ਼ਰਾਂ ਵਿਚ ਦਰਜ ਹੈ।
ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਚਾਰ ਸਾਲਾਂ ਮਗਰੋਂ ਗੋਦਾਵਰੀ ਦੇ ਕੰਢੇ ਲਛਮਣ ਦੇਵ (ਜੋ ਬਾਅਦ ’ਚ ਬਾਬਾ ਬੰਦਾ ਸਿੰਘ ਅਖਵਾਏ) ਦਾ ਗੁਰੂੁ ਗੋਬਿੰਦ ਸਿੰਘ ਜੀ ਨਾਲ ਮਿਲਣ ਦਾ ਸਬੱਬ ਬਣਿਆ। ਗੁਰੂ ਜੀ ਨੇ ਜ਼ੁਲਮ ਦੇ ਖ਼ਾਤਮੇ ਲਈ ਅਤੇ ਸਿੱਖਾਂ ਦੀ ਤਾਕਤ ਨੂੰ ਇਕੱਠਾ ਕਰਨ ਲਈ ਬੰਦਾ ਬਹਾਦਰ ਨੂੰ ਪੰਜਾਬ ਭੇਜਿਆ। ਨਾਲ ਹੀ ਗੁਰੂ ਜੀ ਨੇ ਇਕ ਹੁਕਮਨਾਮਾ ਵੀ ਦਿਤਾ, ਜਿਸ ਵਿਚ ਸਿੱਖਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ੁਲਮ ਵਿਰੁਧ ਲੜੀ ਜਾ ਰਹੀ ਲੜਾਈ ’ਚ ਹਿੱਸਾ ਲੈਣ ਲਈ ਪ੍ਰੇਰਿਆ।
ਅਕਤੂਬਰ 1708 ਵਿਚ ਬੰਦਾ ਬਹਾਦਰ ਪੰਜਾਬ ਲਈ ਰਵਾਨਾ ਹੋਏ। ਦਿੱਲੀ ਪੁੱਜਣ ’ਤੇ ਹਜ਼ਾਰਾਂ ਸਿੱਖ ਉਨ੍ਹਾਂ ਦੇ ਇਸ਼ਾਰੇ ’ਤੇ ਇਕੱਠੇ ਹੋ ਗਏ। ਸੋਨੀਪਤ, ਸਮਾਣਾ, ਸ਼ਾਹਬਾਦ, ਮੁਸਤਫ਼ਾਬਾਦ, ਕਪੂਰੀ ਅਤੇ ਬਨੂੜ ’ਤੇ ਜਿੱਤ ਪ੍ਰਾਪਤ ਕਰਨ ਉਪਰੰਤ ਬਾਬਾ ਬੰਦਾ ਸਿੰਘ ਅਪਣੀ ਫ਼ੌਜ ਨਾਲ ਵਜ਼ੀਰ ਖ਼ਾਨ ਨਾਲ ਲੋਹਾ ਲੈਣ ਲਈ ਸਰਹਿੰਦ ਲਈ ਰਵਾਨਾ ਹੋਏ।
ਦੂਜੇ ਪਾਸੇ ਵਜ਼ੀਰ ਖ਼ਾਨ ਵੀ ਅਪਣੀ ਸੈਨਾ ਨਾਲ ਖ਼ਾਲਸਾ ਫ਼ੌਜ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਸੀ। ਜਿੱਥੇ ਮੁਗ਼ਲ ਸੈਨਾ ਕੋਲ ਤੋਪਾਂ, ਘੋੜੇ, ਹਾਥੀ ਸਨ, ਉੱਥੇ ਸਿੱਖਾਂ ਕੋਲ ਕੇਵਲ ਤਲਵਾਰਾਂ ਤੇ ਛੋਟੇ ਹਥਿਆਰ ਸਨ। ਦੋਵੇਂ ਫ਼ੌਜਾਂ ਦਰਮਿਆਨ 12 ਮਈ, 1710 ਨੂੰ ਚੱਪੜਚਿੜੀ ਦੇ ਮੈਦਾਨ ਵਿਚ ਟਕਰਾਅ ਹੋਇਆ।
ਸਰਹਿੰਦ ’ਤੇ ਜਿੱਤ ਪ੍ਰਾਪਤ ਕਰਨੀ ਆਸਾਨ ਕੰਮ ਨਹੀਂ ਸੀ। ਨਵਾਬ ਵਜ਼ੀਰ ਖ਼ਾਨ ਕੋਲ ਭਾਰੀ ਮਾਤਰਾ ’ਚ ਹਥਿਆਰ ਤੇ ਸੈਨਾ ਸੀ।
ਖ਼ਾਨ ਨੇ ਖ਼ਾਲਸਾ ਫ਼ੌਜ ਦਾ ਸਾਹਮਣਾ ਕਰਨ ਲਈ ਖ਼ੂਬ ਤਿਆਰੀ ਕੀਤੀ ਸੀ। ਉਸ ਨੇ ਸਿੱਖਾਂ ਵਿਰੁਧ ‘ਜਿਹਾਦ’ ਭਾਵ ਧਾਰਮਕ ਲੜਾਈ ਦਾ ਐਲਾਨ ਕੀਤਾ। ਖ਼ਾਨ ਦੇ ਇਸ ਬੁਲਾਵੇ ’ਤੇ ਭਾਰੀ ਸੰਖਿਆ ਵਿਚ ਗ਼ਾਜ਼ੀਆਂ ਅਤੇ ਧਾਰਮਕ ਯੋਧਿਆਂ ਨੇ ਸਾਥ ਦਿੱਤਾ। ਦੂਜੇ ਪਾਸੇ ਬੰਦਾ ਸਿੰਘ ਨੇ ਅਪਣੀ ਫ਼ੌਜ ਨੂੰ ਦੋ ਜੱਥਿਆਂ ਵਿਚ ਵੰਡ ਲਿਆ। ਪਹਿਲਾ ਜੱਥਾ ਮਲਵਈਆਂ ਦਾ ਸੀ, ਜਿਸ ਦੀ ਅਗਵਾਈ ਫ਼ਤਿਹ ਸਿੰਘ, ਕਰਮ ਸਿੰਘ, ਧਰਮ ਸਿੰਘ ਅਤੇ ਆਲੀ ਸਿੰਘ ਨੇ ਕੀਤੀ। ਦੂਜੇ ਜੱਥੇ ’ਚ ਮਝੈਲ ਸਿੰਘ ਸਨ, ਜਿਨ੍ਹਾਂ ਦੀ ਅਗਵਾਈ ਬਾਬਾ ਬਿਨੋਦ ਸਿੰਘ, ਭਾਈ ਬਾਜ਼ ਸਿੰਘ, ਰਾਮ ਸਿੰਘ ਅਤੇ ਸ਼ਾਮ ਸਿੰਘ ਨੇ ਕੀਤੀ।
ਸਿੰਘਾਂ ਨੇ ‘ਸਤਿ ਸ੍ਰੀ ਅਕਾਲ’ ਦੇ ਆਕਾਸ਼ ਗੂੰਜਵੇਂ ਜੈਕਾਰਿਆਂ ਅਤੇ ਮੁਸਲਮਾਨਾਂ ਨੇ ‘ਅਲੀ-ਅਲੀ’ ਦੇ ਨਾਅਰੇ ਲਾਉਂਦਿਆਂ ਯੁੱਧ ਦਾ ਐਲਾਨ ਕੀਤਾ। ਪਹਿਲਾਂ ਮੁਸਲਮਾਨਾਂ ਨੇ ਕਾਫ਼ੀ ਤਬਾਹੀ ਕੀਤੀ। ਇਸ ਤਬਾਹੀ ਨੂੰ ਵੇਖਦਿਆਂ ਸ੍ਰੀ ਗੁਰੂ ਕਲਗੀਧਰ ਦੇ ਸਿਪਾਹੀਆਂ ਨੇ ‘ਕਰੋ ਜਾਂ ਮਰੋ’ ਦੇ ਨਿਸ਼ਚੈ ਨਾਲ ਤੋਪਖਾਨੇ ’ਤੇ ਹਮਲਾ ਬੋਲ ਦਿਤਾ। ਭਾਵੇਂ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਅਤੇ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਪਰ ਸਿੰਘ ਤੋਪਾਂ ’ਤੇ ਕਬਜ਼ਾ ਕਰਨ ’ਚ ਕਾਮਯਾਬ ਹੋ ਗਏ।
ਸੋਹਣ ਸਿੰਘ ਦੇ ਸ਼ਬਦਾਂ ਵਿਚ, ‘‘ਬੰਦਾ ਸਿੰਘ ਇਕ ਭੁੱਖੇ ਸ਼ੇਰ ਵਾਂਗ ਅਪਣੀ ਗੁਫ਼ਾ ’ਚੋਂ ਨਿਕਲਿਆ ਅਤੇ ਆਸਮਾਨੀ ਬਿਜਲੀ ਵਾਂਗ ਦੁਸ਼ਮਣਾਂ ਦੀ ਸੈਨਾ ’ਤੇ ਕੜਕਿਆ। ਉਸ ਦੀ ਮੌਜੂਦਗੀ ਨੇ ਜਿੱਥੇ ਸਿੰਘਾਂ ’ਚ ਉਤਸ਼ਾਹ ਪੈਦਾ ਕਰ ਦਿਤਾ, ਉੱਥੇ ਦੁਸ਼ਮਣਾਂ ਦੀ ਫ਼ੌਜ ਡਰ ਨਾਲ ਕੰਬ ਗਈ। ਬੰਦਾ ਸਿੰਘ ਨੇ ਸਾਰੇ ਮਾਹੌਲ ਨੂੰ ਬਦਲ ਦਿਤਾ।’’
ਖ਼ਜ਼ਾਨ ਸਿੰਘ ਦੇ ਸ਼ਬਦਾਂ ਵਿਚ, ‘‘ਜਦੋਂ ਯੁੱਧ ਹੋ ਰਿਹਾ ਸੀ, ਇਕ ਤੇਜ਼ ਤੂਫ਼ਾਨ ਆਇਆ, ਉਸ ਤੂਫ਼ਾਨ ਵਿਚ ਸਿੰਘਾਂ ਨੇ ਤਲਵਾਰਾਂ ਨਾਲ ਦੁਸ਼ਮਣਾਂ ’ਤੇ ਹਮਲਾ ਬੋਲ ਦਿਤਾ। ਇਸੇ ਮਾਹੌਲ ’ਚ ਦੁਸ਼ਮਣਾਂ ਦੇ ਹਾਥੀ, ਘੋੜੇ ਡਿੱਗ ਪਏ।’’ ਇਸ ਸਥਿਤੀ ਵਿਚ ਵਜ਼ੀਰ ਖ਼ਾਨ ਫ਼ਤਿਹ ਸਿੰਘ ਦੀ ਤਲਵਾਰ ਦਾ ਸ਼ਿਕਾਰ ਹੋ ਗਿਆ। ਦੋ ਦਿਨਾਂ ਦੀ ਇਸ ਲੜਾਈ ਦਾ ਅੰਤ ਸਿੰਘਾਂ ਦੀ ਜਿੱਤ ਦੇ ਜੈਕਾਰਿਆਂ ਦੀ ਗੂੰਜ ਨਾਲ ਹੋਇਆ।
ਬੰਦਾ ਸਿੰਘ ਨੇ 14 ਮਈ 1710 ਨੂੰ ਸਰਹਿੰਦ ਦੀ ਇੱਟ ਨਾਲ ਇੱਟ ਵਜਾਉਂਦਿਆਂ ਉਸ ’ਤੇ ਕਬਜ਼ਾ ਕਰ ਲਿਆ। 24 ਮਈ, 1710 ਨੂੰ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਨਗਰ ’ਚ ਪੈਰ ਧਰਿਆ। ਇਸ ਜਿੱਤ ਤੋਂ ਪਿੱਛੋਂ ਪਟਿਆਲਾ ਪੰਜਾਬ ’ਚ ਸੁਤੰਤਰ ਸਿੱਖ ਰਾਜ ਦਾ ਪਹਿਲਾ ਕੇਂਦਰ ਬਣ ਗਿਆ। ਸਤਲੁਜ ਤੋਂ ਯਮੁਨਾ, ਸ਼ਿਵਾਲਿਕ ਪਹਾੜੀਆਂ ਤੋਂ ਕੁੰਜਪੁਰਾ, ਕਰਨਾਲ ਤੋਂ ਕੈਥਲ ਤਕ ਦਾ ਸਰਹਿੰਦ ਦਾ ਸਾਰਾ ਇਲਾਕਾ ਬੰਦਾ ਸਿੰਘ ਦੇ ਕਬਜ਼ੇ ਹੇਠ ਆ ਗਿਆ
ਜਿਸ ਤੋਂ ਉਸ ਨੂੰ ਇਕ ਲੱਖ ਦਾ ਮਾਲੀਆ ਇਕੱਠਾ ਹੁੰਦਾ ਸੀ। ਬਾਜ਼ ਸਿੰਘ ਨੂੰ ਸਰਹਿੰਦ ਦਾ ਗਵਰਨਰ ਨਿਯੁਕਤ ਕੀਤਾ ਗਿਆ। ਸਾਰੇ ਸਿੰਘ ਉਸ ਦੇ ਡਿਪਟੀ ਬਣਾਏ ਗਏ। ਫ਼ਤਹਿ ਸਿੰਘ ਨੇ ਸਮਾਣਾ ਦੀ ਕਮਾਨ ਸੰਭਾਲੀ। ਰਾਮ ਸਿੰਘ ਥਾਨੇਸਰ ਦਾ ਮੁਖੀ ਬਣ ਗਿਆ। ਬਿਨੋਦ ਸਿੰਘ ਨੇ ਮਾਲ ਮੰਤਰੀ ਦੀ ਭੂਮਿਕਾ ਨਿਭਾਉਣ ਦੇ ਨਾਲ-ਨਾਲ ਕਰਨਾਲ ਅਤੇ ਪਾਣੀਪਤ ਦਾ ਪ੍ਰਸ਼ਾਸਨ ਸੰਭਾਲਿਆ। ਬੰਦਾ ਸਿੰਘ ਅਪਣੀ ਰਾਜਧਾਨੀ ਲੋਹਗੜ੍ਹ ’ਚ ਆ ਗਿਆ ਤੇ ਜਿੰਮੀਦਾਰੀ ਪ੍ਰਥਾ ਪੂਰੇ ਖੇਤਰ ’ਚ ਖ਼ਤਮ ਕਰ ਦਿਤੀ ਗਈ।
27 ਮਈ, 1710 ਨੂੰ ਸਰਹਿੰਦ ਵਿਖੇ ਭਾਰੀ ਦੀਵਾਨ ਸਜਾਇਆ ਗਿਆ। ਇਸ ਭਾਰੀ ਇਕੱਠ ’ਚ ਬੰਦਾ ਸਿੰਘ ਨੇ ਮੁਗ਼ਲ ਸ਼ਾਸਨ ਦੇ ਜ਼ੁਲਮ ਦੇ ਖ਼ਾਤਮੇ ਅਤੇ ਸਰਹਿੰਦ ਵਿਖੇ ਸਿੱਖਾਂ ਦੇ ਸ਼ਾਸਨ ਦੀ ਸਥਾਪਨਾ ਦਾ ਐਲਾਨ ਕੀਤਾ ਤੇ ਲੋਹਗੜ੍ਹ ਵਿਖੇ ਅਪਣੀ ਰਾਜਧਾਨੀ ਸਥਾਪਤ ਕੀਤੀ। ਸਰਹਿੰਦ ਦੀ ਇਸ ਪੂਰੀ ਲੜਾਈ ’ਚ ਇਹ ਗੱਲ ਜ਼ਿਕਰਯੋਗ ਹੈ ਕਿ ਭਾਵੇਂ ਬੰਦਾ ਸਿੰਘ ਨੇ ਸਰਹਿੰਦ ਦੀ ਇੱਟ ਨਾਲ ਇੱਟ ਵਜਾ ਦਿਤੀ ਤੇ ਮੁਗਲ ਸ਼ਾਸਨ ਦਾ ਖ਼ਾਤਮਾ ਕਰ ਦਿਤਾ ਪਰ ਫਿਰ ਵੀ ਉਨ੍ਹਾਂ ਨੇ ਮੁਸਲਮਾਨਾਂ ਦੇ ਧਾਰਮਕ ਸਥਾਨਾਂ ਨੂੰ ਹੱਥ ਨਹੀਂ ਲਗਾਇਆ। ਅੱਜ ਵੀ ਮਸਜਿਦਾਂ ਸਰਹਿੰਦ ਵਿਖੇ ਮੌਜੂਦ ਹਨ।
ਬਾਬਾ ਬੰਦਾ ਸਿੰਘ ਦੀ ਇਸ ਚੜ੍ਹਤ ਨੂੰ ਵੇਖਦਿਆਂ ਦਿੱਲੀ ਦੇ ਮੁਗ਼ਲ ਸ਼ਾਸਕ ਬਹਾਦਰ ਸ਼ਾਹ ਵਿਚ ਡਰ ਬੈਠ ਗਿਆ। ਦਸੰਬਰ 1710 ਵਿਚ ਮੁਗ਼ਲ ਸ਼ਾਸਕਾਂ ਨੇ ਲੋਹਗੜ੍ਹ ਕਿਲ੍ਹੇ ਨੂੰ ਘੇਰਾ ਪਾ ਲਿਆ। ਬਾਬਾ ਬੰਦਾ ਸਿੰਘ ਰਾਤ ਦੇ ਹਨੇਰੇ ਵਿਚ ਉਥੋਂ ਨਿਕਲਣ ਵਿਚ ਕਾਮਯਾਬ ਹੋ ਗਏ ਅਤੇ ਜੰਮੂ ਵਲ ਵਧੇ। 1711 ਵਿਚ ਬਹਾਦਰ ਸ਼ਾਹ ਲਾਹੌਰ ਪੁੱਜਾ ਪਰ ਬੰਦਾ ਸਿੰਘ ਨੂੰ ਪਕੜਨ ਦੀਆਂ ਉਸ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। 1712 ਵਿਚ ਬਹਾਦਰ ਸ਼ਾਹ ਦੀ ਬੀਮਾਰੀ ਕਾਰਨ ਮੌਤ ਹੋ ਗਈ। ਇਕ ਸਾਲ ਬਹਾਦਰ ਸ਼ਾਹ ਦੇ ਵਾਰਸਾਂ ਵਿਚ ਦਿੱਲੀ ਦੇ ਤਖ਼ਤ ’ਤੇ ਕਬਜ਼ਾ ਕਰਨ ਲਈ ਜੰਗ ਜਾਰੀ ਰਹੀ। ਇਸੇ ਦੌਰਾਨ ਬਾਬਾ ਬੰਦਾ ਸਿੰਘ ਨੇ ਕਈ ਹੋਰ ਇਲਾਕਿਆਂ ’ਤੇ ਕਬਜ਼ਾ ਕਰ ਲਿਆ।
ਫ਼ਰਵਰੀ 1713 ਵਿਚ ਫ਼ਰੁਖ਼ਸੀਅਰ ਹਿੰਦੁਸਤਾਨ ਦਾ ਰਾਜਾ ਬਣਿਆ ਅਤੇ ਉਸ ਨੇ ਉੱਤਰੀ ਭਾਰਤ ਦੇ ਸਾਰੇ ਗਵਰਨਰਾਂ ਨੂੰ ਬਾਬਾ ਬੰਦਾ ਸਿੰਘ ਨੂੰ ਮਾਰਨ ਜਾਂ ਗਿ੍ਰਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ। ਜਦ ਬਾਬਾ ਬੰਦਾ ਸਿੰਘ ਗੁਰਦਾਸਪੁਰ ਵਿਖੇ ਕੱਚੀ ਗੜ੍ਹੀ ਵਿਖੇ ਠਹਿਰੇ ਸਨ ਤਾਂ ਮੁਗ਼ਲਾਂ ਨੇ ਘੇਰਾ ਪਾ ਲਿਆ। ਬੰਦਾ ਸਿੰਘ ਕੋਲ ਸੀਮਤ ਮਾਤਰਾ ਵਿਚ ਹਥਿਆਰ ਅਤੇ ਭੋਜਨ ਸੀ।
ਮੁਗ਼ਲਾਂ ਨੇ ਭੋਜਨ ਦੀ ਸਪਲਾਈ ’ਤੇ ਰੋਕ ਲਗਾ ਦਿਤੀ। ਗੜ੍ਹੀ ਦੀ ਅੰਦਰਲੀ ਸਥਿਤੀ ਦਿਨ-ਬ-ਦਿਨ ਖ਼ਰਾਬ ਹੋ ਰਹੀ ਸੀ। ਬੰਦਾ ਸਿੰਘ ਅਤੇ ਉਸ ਦੀ ਫ਼ੌਜ ਨੇ ਪੱਤਿਆਂ, ਦਰਖ਼ਤਾਂ ਨੂੰ ਉਬਾਲ ਕੇ ਖਾਧਾ। ਫ਼ੌਜ ਦੇ ਕਈ ਸਿਪਾਹੀ ਬੀਮਾਰ ਪੈ ਗਏ। ਅੱਠ ਮਹੀਨਿਆਂ ਦੇ ਘਿਰਾਉ ਤੋਂ ਬਾਅਦ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਬੋਲ ਦਿਤਾ। ਅਜਿਹੀ ਹਾਲਤ ਵਿਚ ਵੀ ਬੰਦਾ ਸਿੰਘ ਦੀ ਫ਼ੌਜ ਨੇ ਡੱਟ ਕੇ ਸਾਹਮਣਾ ਕੀਤਾ। ਖ਼ੁਦ ਬੰਦਾ ਸਿੰਘ ਨੇ 50-60 ਮੁਗ਼ਲ ਸਿਪਾਹੀ ਮਾਰ ਡੇਗੇ। ਅੰਤ ਬੰਦਾ ਸਿੰਘ ਅਤੇ ਉਸ ਦੀ ਫ਼ੌਜ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਤੇ ਕਈ ਤਸੀਹੇ ਦਿੱਤੇ ਗਏ।
ਜਾਂਚ-ਪੜਤਾਲ ਲਈ ਬੰਦਾ ਸਿੰਘ ਅਤੇ ਉਸ ਦੇ ਕੁੱਝ ਸਿਪਾਹੀਆਂ ਨੂੰ ਛੱਡ ਕੇ ਬਾਕੀ ਸਾਰੇ ਸਿਪਾਹੀਆਂ ਦੇ ਖ਼ੂਨੀ ਦਰਵਾਜ਼ੇ ’ਤੇ ਸਿਰ ਕਲਮ ਕਰ ਦਿੱਤੇ ਗਏ। ਆਖਰ 9 ਜੂਨ, 1716 ਨੂੰ ਸਿੱਖ ਇਤਿਹਾਸ ਵਿਚ ਉਹ ਕਾਲਾ ਦਿਨ ਆਇਆ ਜਦ ਬੰਦਾ ਸਿੰਘ ਨੂੰ ਬੇਦਰਦੀ ਨਾਲ ਸ਼ਹੀਦ ਕਰ ਦਿਤਾ ਗਿਆ। ਉਨ੍ਹਾਂ ਦੇ ਚਾਰ ਸਾਲਾਂ ਦੇ ਬੱਚੇ ਦਾ ਦਿਲ ਕੱਢ ਕੇ ਜਬਰਨ ਉਨ੍ਹਾਂ ਦੇ ਮੂੰਹ ਵਿਚ ਪਾਇਆ ਗਿਆ ਅਤੇ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰ ਦਿਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਤ ਯਾਦਗਾਰ ਚੱਪੜਚਿੜੀ ਵਿਖੇ ਸਥਿਤ ਹੈ।
ਪ੍ਰੋ. ਰੀਨਾ ਕੌਰ (ਮੋਹਾਲੀ)
ਮੋ. 9780022733