
ਉਨ੍ਹਾਂ ਕਿਹਾ ਕਿ ਪੰਜਾਬ ਜੋ ਸਿੱਖ ਕੌਮ ਦਾ ਧੁਰਾ ਹੈ ਇੱਥੇ ਨਸ਼ਿਆਂ ਦਾ ਸੰਚਾਰ ਅਤੇ ਤੰਬਾਕੂ ਆਦਿ ਦਾ ਸੇਵਨ ਸ਼ਰੇਆਮ ਹੋ ਰਿਹਾ ਹੈ
Kuldeep Singh Gargajj: ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਕੌਮ ਨੂੰ ਉਸ ਦੇ ਖਿੱਤੇ ਵਿਚ ਹੀ ਡੂੰਘੀਆਂ ਵੰਗਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਜੋ ਸਿੱਖ ਕੌਮ ਦਾ ਧੁਰਾ ਹੈ ਇੱਥੇ ਨਸ਼ਿਆਂ ਦਾ ਸੰਚਾਰ ਅਤੇ ਤੰਬਾਕੂ ਆਦਿ ਦਾ ਸੇਵਨ ਸ਼ਰੇਆਮ ਹੋ ਰਿਹਾ ਹੈ ਇਸ ਲਈ ਕੌਮ ਇਹ ਵੱਡੀ ਚੁਣੌਤੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਉਹ ਭਾਰਤ-ਪਾਕਿਸਤਾਨ ਦਰਮਿਆਨ ਚੱਲ ਰਹੇ ਤਣਾਅ ਦੇ ਖ਼ਾਤਮੇ ਅਤੇ ਵਿਸ਼ਵ ਸ਼ਾਂਤੀ ਦੀ ਸਥਾਪਤੀ ਲਈ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਅਰਦਾਸ ਸਮਾਗਮ ਤੋਂ ਬਾਅਦ ਸੰਗਤ ਨਾਲ ਆਪਣੇ ਵਿਚਾਰ ਕਰ ਰਹੇ ਸਨ।
ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਨਾਲ ਨਿਪਟਣ ਲਈ ਪੰਜਾਬ ਵਿਚ ਭਾਈਚਾਰਕ ਸਾਂਝ ਦੀ ਬਹੁਤ ਜ਼ਰੂਰਤ ਹੈ। ਤਾਂ ਜੋ ਪੰਜਾਬ ਤੇ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਸਮਰੱਥ ਤਰੀਕੇ ਨਾਲ ਟਾਕਰਾ ਕੀਤਾ ਜਾ ਸਕੇ।
ਬੀਤੇ ਸਮੇਂ ਵਿਚ ਪ੍ਰਵਾਸੀ ਮਜ਼ਦੂਰਾਂ ਵਲੋਂ ਦੋ ਪੰਜਾਬੀ ਨੌਜਵਾਨਾਂ ਦੇ ਕਤਲ ਸਬੰਧੀ ਗੱਲ ਕਰਦਿਆਂ ਗੜਗੱਜ ਨੇ ਕਿਹਾ, ‘‘ਇਹ ਸਾਰੇ ਕੰਡੇ ਅਸੀਂ ਆਪ ਹੀ ਬੀਜੇ ਹਨ। ਕਿਉਂਕਿ ਸਾਡੀ ਕੌਮ ਨੇ ਆਪਣੇ ਘਰ ਬਾਰ ਪ੍ਰਵਾਸੀਆਂ ਦੇ ਹਵਾਲੇ ਕਰ ਕੇ ਆਪ ਵਿਦੇਸ਼ਾਂ ਵਿਚ ਉਡਾਰੀ ਮਾਰ ਦਿੱਤੀ ਤੇ ਇਹ ਲੋਕ ਇੱਥੇ ਪੱਕੇ ਵਸਿੰਦੇ ਬਣ ਕੇ ਬੈਠ ਗਏ।
ਉਨ੍ਹਾਂ ਕਿਹਾ ਕਿ ਮੁਹਾਲੀ ਇਲਾਕਾ ਸ਼ਹੀਦਾਂ-ਸਿੰਘਾਂ ਦੀ ਪਵਿੱਤਰ ਧਰਤੀ ਹੈ, ਇੱਥੇ ਤੰਬਾਕੂ, ਬੀੜੀ, ਪਾਨ ਅਤੇ ਹਲਾਲ ਮੀਟ ਦੀਆਂ ਦੁਕਾਨਾਂ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੀਆਂ ਦੁਕਾਨਾਂ ਬੰਦ ਕਰਵਾਉਣ ਲਈ ਛੇਤੀ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇਗੀ।