
ਮੁੱਖ ਮੰਤਰੀ ਤਰਫ਼ੋਂ ਸੰਤ ਸਮਾਜ ਨੂੰ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸੇਧ ਤੇ ਸੇਵਾ ਸੰਭਾਲ ਦੀ ਅਪੀਲ ਕੀਤੀ
ਚੰਡੀਗੜ੍ਹ : ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਮਨਸੂਰਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16ਵੀਂ ਪੀੜ੍ਹੀ ਵਿਚੋਂ ਸੰਤ ਸਮਾਜ ਦੀ ਉਘੀ ਤੇ ਸਤਿਕਾਰਤ ਸ਼ਖ਼ਸੀਅਤ ਬਾਬਾ ਸਰਬਜੋਤ ਸਿੰਘ ਬੇਦੀ ਨਾਲ ਮੁਲਾਕਾਤ ਕਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸੇਧ ਤੇ ਸੇਵਾ ਸੰਭਾਲ ਲਈ ਅਪੀਲ ਕੀਤੀ।
Sukhjinder Singh Randhawa calls on Baba Sarbjot Singh Bedi
ਇਸ ਮੁਲਾਕਾਤ ਦੇ ਵੇਰਵੇ ਜਾਰੀ ਕਰਦਿਆਂ ਸ. ਰੰਧਾਵਾ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰੀ ਬਣਾਉਣ ਲਈ ਵੱਡੇ ਪੱਧਰ ਉਤੇ ਸਮਾਗਮ ਲਈ ਉਲੀਕੇ ਗਏ ਹਨ ਅਤੇ ਇਨ੍ਹਾਂ ਸਮਾਗਮਾਂ ਨੂੰ ਪੂਰਨ ਗੁਰ ਮਰਿਆਦਾ ਨਾਲ ਨੇਪਰੇ ਚਾੜ੍ਹਨ ਲਈ ਸੰਤ ਸਮਾਜ ਤੋਂ ਸੇਧ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫ਼ੋਂ ਬਾਬਾ ਬੇਦੀ ਵਲੋਂ ਸਮਾਗਮਾਂ ਦੀ ਅਗਵਾਈ ਤੇ ਸੇਵਾ ਸੰਭਾਲ ਲਈ ਅਪੀਲ ਕਰਨ ਆਏ ਅਤੇ ਬਾਬਾ ਬੇਦੀ ਵਲੋਂ ਇਸ ਕਾਰਜ ਲਈ ਹਾਮੀ ਭਰੀ ਗਈ ਹੈ।
Sukhjinder Singh Randhawa calls on Baba Sarbjot Singh Bedi
ਰੰਧਾਵਾ ਨੇ ਕਿਹਾ ਕਿ ਸਾਡੇ ਸਾਰਿਆਂ ਲਈ ਇਹ ਸੁਭਾਗੀ ਤੇ ਮਾਣ ਵਾਲੀ ਘੜੀ ਹੈ ਜਦੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਹੈ ਅਤੇ ਪੰਜਾਬ ਸਰਕਾਰ ਸ਼ਤਾਬਦੀ ਜਸ਼ਨਾਂ ਨੂੰ ਯਾਦਗਾਰੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿਚ ਦੇਸ਼ ਵਿਦੇਸ਼ ਤੋਂ ਸੰਗਤ ਵੱਡੀ ਗਿਣਤੀ 'ਚ ਜੁੜ ਰਹੀ ਹੈ ਅਤੇ ਧਾਰਮਕ ਸ਼ਖ਼ਸੀਅਤਾਂ ਦੀ ਅਗਵਾਈ ਨਾਲ ਇਹ ਸਮਾਗਮ ਪੂਰਨ ਗੁਰ ਮਰਿਆਦਾ ਨਾਲ ਨੇਪਰੇ ਚਾੜ੍ਹੇ ਜਾਣਗੇ। ਇਸ ਮੌਕੇ ਸੰਤ ਸਮਾਜ ਦੀਆਂ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ ਜਿਨ੍ਹਾਂ ਵਿਚ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਗੁਰਮੀਤ ਸਿੰਘ ਤੇ ਭਾਈ ਅਨਮੋਲ ਸਿੰਘ ਸ਼ਾਮਲ ਸਨ।