
ਪੰਜਾਬ ਸਰਕਾਰ ਨੂੰ ਸਹਿਯੋਗ ਦੇਵੇਗੀ ਫ਼ਾਊਂਡੇਸ਼ਨ : ਕ੍ਰਿਸ਼ਨ ਕੁਮਾਰ ਬਾਵਾ
ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਪੰਜਾਬ ਸਰਕਾਰ ਨੂੰ ਪੂਰਨ ਸਹਿਯੋਗ ਦੇਵੇਗੀ। ਇਹ ਪ੍ਰਗਟਾਵਾ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਦੇ ਪ੍ਰਧਾਨ ਅਤੇ ਪੀ.ਐਸ.ਆਈ.ਡੀ.ਸੀ. ਦੇ ਨਵ-ਨਿਯੁਕਤ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਦੇਸ਼-ਵਿਦੇਸ਼ ਅੰਦਰ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
Krishan Kumar Bawa
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫ਼ਾਊਂਡੇਸ਼ਨ ਕਨੇਡਾ, ਅਮਰੀਕਾ ਵਿਚ 11 ਸਮਾਗਮ ਆਯੋਜਿਤ ਕਰੇਗੀ, ਜਿਸ ਦੀ ਜ਼ਿੰਮੇਵਾਰੀ ਫ਼ਾਊਂਡੇਸ਼ਨ ਦੇ ਅਮਰੀਕਾ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਕੈਨੇਡਾ ਦੇ ਪ੍ਰਧਾਨ ਹਰਬੰਤ ਸਿੰਘ ਦਿਉਲ, ਚੇਅਰਮੈਨ ਫ਼ਾਊਂਡੇਸ਼ਨ ਅਸ਼ੋਕ ਬਾਵਾ ਅਤੇ ਰਿਟਾਇਡ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਮੁੱਖ ਸਰਪ੍ਰਸਤ ਕੈਨੇਡਾ ਵਿਚ ਨਿਭਾਉਣਗੇ।
Guru Purb
ਬਾਵਾ ਨੇ ਦਸਿਆ ਕਿ ਕੈਥਲ (ਹਰਿਆਣਾ) ਵਿਚ ਉਮਰਾਓ ਸਿੰਘ ਪ੍ਰਧਾਨ ਫ਼ਾਊਂਡੇਸ਼ਨ ਹਰਿਆਣਾ ਸਮਾਗਮ ਆਯੋਜਿਤ ਕਰ ਰਹੇ ਹਨ ਅਤੇ ਕਲਕੱਤਾ ਵਿਚ ਮੇਘ ਸਿੰਘ ਸਿੱਧੂ ਸਮਾਗਮ ਆਯੋਜਿਤ ਕਰਨਗੇ। ਇਸੇ ਤਰ੍ਹਾਂ ਬੰਬਈ 'ਚ ਸੁਖਵਿੰਦਰ ਸਿੰਘ ਗਿੱਲ ਅਤੇ ਹਰਚੰਦ ਸਿੰਘ ਸੱਗੂ ਵਲੋਂ ਸਮਾਗਮ ਆਯੋਜਿਤ ਕੀਤਾ ਜਾਵੇਗਾ।