Panthak News: ਸੁਖਬੀਰ ਸਿੰਘ ਬਾਦਲ ਨੂੰ ‘ਤਨਖ਼ਾਹੀਆ’ ਕਰਾਰ ਦੇਣ ਵਾਲਾ ‘ਹੁਕਮਨਾਮਾ’ ਸੰਗਤਾਂ ਤੇ ਮੀਡੀਆ ਤੋਂ ਲੁਕਾ ਕੇ ਕਿਉਂ ਰਖਿਆ ਗਿਐ?
Panthak News: ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ਸਾਹਿਬ ਤੋਂ ‘ਤਨਖ਼ਾਹੀਆ’ ਕਰਾਰ ਦਿਤੇ ਜਾਣ ’ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਦਿੱਲੀ ਦੇ ਐਡਵੋਕੇਟ ਸਰਬਜੀਤ ਸਿੰਘ ਨੇ ਜਥੇਦਾਰ ਨੂੰ ਪੁਛਿਆ ਹੈ ਕਿ ਕੀ ਪੰਜਾਬ ਤੇ ਪੰਥਕ ਸਿਆਸਤ ਵਿਚ ਅਕਾਲੀ ਦਲ ਨੂੰ ਖੋਰੇ ਕਰ ਕੇ, ਕੀ ‘ਤਨਖ਼ਾਹੀਆ ਸ਼ਤਰੰਜ’ ਅਕਾਲੀਆਂ ਦੀ ਹੀ ਕਿਸੇ ਡੂੰਘੀ ਸਿਆਸਤ ਦਾ ਹਿੱਸਾ ਹੈ, ਜਿਸ ਅਧੀਨ ਪੰਥਕ ਸੰਸਥਾਵਾਂ ’ਤੇ ਬਾਦਲ ਦਲ ਦਾ ਕਬਜ਼ਾ ਪਹਿਲਾਂ ਵਾਂਗ ਹੀ ਬਹਾਲ ਰਖਿਆ ਜਾ ਸਕੇ ਅਤੇ ਸਿੱਖਾਂ ਵਿਚ ਉਨ੍ਹਾਂ ਦਾ ਮੁੜ ਉਭਾਰ ਹੋ ਸਕੇ।
ਵਕੀਲ ਸਰਬਜੀਤ ਸਿੰਘ ਨੇ ਅਕਾਲ ਤਖ਼ਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਪੀਡ ਪੋਸਟ ਰਾਹੀਂ ਚਿੱਠੀ ਭੇਜ ਕੇ 25 ਸਵਾਲ ਪੁਛ ਕੇ, ਸੁਖਬੀਰ ਸਿੰਘ ਬਾਦਲ ਨੂੰ ‘ਤਨਖ਼ਾਹੀਆ’ ਕਰਾਰ ਦੇਣ ਦੀ ‘ਤਿਕੜਮਬਾਜ਼ੀ’ ਬਾਰੇ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਹੈ।
‘ਜਥੇਦਾਰ’ ਨੂੰ ਭੇਜੀ ਚਿੱਠੀ ਦੀ ਕਾਪੀ, ਉਨ੍ਹਾਂ ‘ਸਪੋਕਸਮੈਨ’ ਨੂੰ ਵੀ ਭੇਜੀ ਹੈ ਜਿਸ ਵਿਚ ਉਨ੍ਹਾਂ ਪੁਛਿਆ ਹੈ ਕਿ ਕੀ ਇਹ ਅਕਾਲੀ ਦਲ ਦੀ ਗਵਾਚੀ ਸਿਆਸੀ ਜ਼ਮੀਨ ਹਾਸਲ ਕਰਨ ਲਈ ਤਖ਼ਤਾਂ ਦੇ ਜਥੇਦਾਰਾਂ ਦੇ ਨਾਂਅ ’ਤੇ ਅਕਾਲੀ ਦਲ ਬਾਦਲ ਤੇ ਬੀਜੇਪੀ ਦੇ ਲੁਕਵੇਂ ਤੇ ਅੰਦਰੂਨੀ ਗਠਜੋੜ ਨਾਲ ਵਿਉਂਤੀ ਗਈ ਵਿਉਂਤ ਤਾਂ ਨਹੀਂ ਜਿਸ ਨਾਲ ਸੁਖਬੀਰ ਸਿੰਘ ਬਾਦਲ ਨੂੰ ‘ਤਨਖ਼ਾਹੀਆ’ ਕਰਾਰ ਦੇ ਕੇ, ਸਿੱਖਾਂ ਵਿਚ ਮੁੜ ਉਸ ਦਾ ਵਕਾਰ ਬਹਾਲ ਹੋ ਜਾਵੇ ਅਤੇ ਸਿੱਖ ਬਾਦਲਾਂ ਦੇ ਧਾਰਮਕ ਅਸਥਾਨਾਂ ’ਤੇ ਕਬਜ਼ੇ ਬਾਰੇ ਵੀ ਵਿਰੋਧ ਨਾ ਕਰ ਸਕਣ।
ਕੀ ਕਿਸਾਨ ਅੰਦੋਲਨ ਵਿਚ ਅਕਾਲੀ ਦਲ ਤੇ ਭਾਜਪਾ ਨੂੰ ਪੰਜਾਬ ਵਿਚ ਹੋਏ ਭਾਰੀ ਨੁਕਸਾਨ ਕਾਰਨ ਵੀ ਇਹ ਧਰਮ ਦੇ ਨਾਂਅ ’ਤੇ ਇਹ ਖੇਡ ਨਹੀਂ ਖੇਡੀ ਜਾ ਰਹੀ? ਉਨ੍ਹਾਂ ਕਿਹਾ ਹੈ ਕਿ, ‘ਕੀ ਸੰਗਤ ਨੂੰ ਨਹੀਂ ਦਸਿਆ ਜਾਣਾ ਚਾਹੀਦਾ ਕਿ ਸੁਖਬੀਰ ਬਾਦਲ ਨੇ ਕਿਹੜੀਆਂ ਗ਼ਲਤੀਆਂ/ਗ਼ੁਨਾਹ ਕੀਤੇ ਸਨ ਤੇ ਉਸ ਨਾਲ ਸਿੱਖਾਂ ਦਾ ਕਿਹੜਾ ਨੁਕਸਾਨ ਹੋਇਆ ਤੇ ਕਿਹੜੀ ਗ਼ਲਤੀ ਬਦਲੇ ਸੁਖਬੀਰ ਬਾਦਲ ਨੂੰ ਕਿਹੜੀ ਸਜ਼ਾ ਲਾਈ ਜਾ ਰਹੀ ਹੈ?’
ਉਨ੍ਹਾਂ ਚਿੱਠੀ ਵਿਚ ਪੁਛਿਆ ਹੈ ਕਿ ‘ਕੀ ਇਹ ਹੈਰਾਨੀਜਨਕ ਤੇ ਨਮੋਸ਼ੀਜਨਕ ਨਹੀਂ ਕਿ ਕੀ ਸਿੱਖਾਂ ਦੇ ‘ਸਰਬਉੱਚ ਧਾਰਮਕ ਅਸਥਾਨ’ ਦੇ ਜਥੇਦਾਰਾਂ ਨੂੰ ਉਸ ਬੰਦੇ ਦੇ ਸਿੱਖ ਵਿਰੋਧੀ ਕੰਮਾਂ ਬਾਰੇ ਜਾਣਕਾਰੀ ਹੀ ਨਹੀਂ ਸੀ ਮਿਲ ਸਕੀ, ਜੋ ਪੰਜਾਬ ਦਾ ਉਪ ਮੁੱਖ ਮੰਤਰੀ ਰਿਹਾ, ਇਸ ਦੇ ਉਲਟ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਨੂੰ ਬ੍ਰਾਹਮਣਵਾਦੀ ਰੰਗਤ ਤੋਂ ਨਿਖੇੜ ਕੇ, ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਵਿਰੁਧ ‘ਫ਼ਤਵੇ’/ਹੁਕਮਨਾਮੇ’ ਜਾਰੀ ਕਰਨ ਲਈ ਤੁਹਾਨੂੰ (ਜਥੇਦਾਰਾਂ ਨੂੰ) ਬੜੀ ਛੇਤੀ ਜਾਣਕਾਰੀ ਮਿਲ ਜਾਂਦੀ ਹੈ?
ਤਖ਼ਤਾਂ ਦੇ ਜਥੇਦਾਰਾਂ ਨੇ ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫ਼ੀ ਦੇ ਕੇ, ਸੁਖਬੀਰ ਬਾਦਲ ਦਾ ਸਾਥ ਦਿਤਾ ਤੇ ਸਿੱਖਾਂ ਵਿਚ ਵਿਰੋਧ ਹੋਣ ਪਿਛੋਂ ਸੌਦਾ ਸਾਧ ਨੂੰ ਦਿਤੀ ਮਾਫ਼ੀ ਰੱਦ ਕਰ ਕੇ, ਜਥੇਦਾਰਾਂ ਨੇ ਅਪਣੀ ਰਹਿੰਦੀ ‘ਭਰੋਸੇਯੋਗਤਾ’ ਵੀ ਬਿਲਕੁਲ ਗਵਾ ਲਈ।’ ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ‘ਤਨਖ਼ਾਹੀਆ’ ਕਰਾਰ ਦੇਣ ਵਾਲੇ ‘ਗੋਲ ਮੋਲ’ ਸ਼ਬਦਾਬਲੀ ਕਿਉਂ ਵਰਤੀ ਗਈ? ਜੇ ਉਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਵਲੋਂ ਗ਼ਲਤੀਆਂ ਕੀਤੀਆਂ ਗਈਆਂ ਸਨ, ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗ਼ਲਤੀਆਂ ਨਹੀਂ ਕੀਤੀਆਂ ਹੋਣਗੀਆਂ, ਫਿਰ ਕੀ ਪਹਿਲਾਂ ਜਥੇਦਾਰਾਂ ਨੂੰ ਉਨ੍ਹਾਂ ਦਾ ‘ਫ਼ਖਰ ਏ ਕੌਮ’ ਐਵਾਰਡ ਵਾਪਸ ਨਹੀਂ ਲੈਣਾ ਚਾਹੀਦਾ?
ਅਪਣੀ ਚਿੱਠੀ ਵਿਚ ਵਕੀਲ ਸਰਬਜੀਤ ਸਿੰਘ ਨੇ ਕਿਹਾ, ਸੁਖਬੀਰ ਸਿੰਘ ਬਾਦਲ ਵਿਰੁਧ ਜੋ ‘ਫ਼ਤਵਾ’ ਜਾਰੀ ਕੀਤਾ ਗਿਆ ਹੈ, ਉਸ ਦੀ ਕਾਪੀ ‘ਸੰਗਤਾਂ ਜਾਂ ਪ੍ਰੈੱਸ/ ਮੀਡੀਆ’ ਲਈ ਜਾਰੀ ਨਾ ਕਰ ਕੇ, ਐਨਾ ‘ਗੁਪਤ’ ਕਿਉਂ ਰਖਿਆ ਗਿਆ ਹੈ? ਜਥੇਦਾਰ ਮੁਤਾਬਕ ਸੁਖਬੀਰ ਸਿੰਘ ਬਾਦਲ ਦੇ ਉਪ ਮੁੱਖ ਮੰਤਰੀ ਰਹਿੰਦੇ ਹੋਏ 2007 ਤੋਂ 2017 ਹੋਈਆਂ ਅਖੌਤੀ ਗ਼ਲਤੀਆਂ/ਸਿੱਖ ਵਿਰੋਧੀ ਕੰਮਾਂ ਬਾਰੇ ਜਥੇਦਾਰਾਂ ਨੂੰ ਕਦੋਂ ਪਤਾ ਲੱਗਾ ਤੇ ਉਹ ਅੱਜ ਤਕ ਚੁੱਪ ਕਿਉਂ ਰਹੇ?