
ਨਿਊਯਾਰਕ ਵਿਖੇ ਚੌਥੇ ਦੋ ਰੋਜ਼ਾ ਜਨਰਲ ਇਜਲਾਸ ’ਚ ਪੁੱਜੀਆਂ ਸ਼ਖ਼ਸੀਅਤਾਂ
ਕੋਟਕਪੂਰਾ: ਵਰਲਡ ਸਿੱਖ ਪਾਰਲੀਮੈਂਟ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਸੰਯੁਕਤ ਰਾਸ਼ਟਰ ਦੇ ਚਾਰਟਰ ਅਧੀਨ ਸਿੱਖ ਪ੍ਰਭੂਸੱਤਾ ਲਈ ਸਵੈ ਨਿਰਣੈ ਦੇ ਹੱਕ ਰਾਹੀਂ ਆਜ਼ਾਦ ਦੇਸ਼ ਦੀ ਸਥਾਪਕੀ ਤਕ ਮਜ਼ਬੂਤੀ ਨਾਲ ਪਹਿਰਾ ਦੇਣ ਲਈ ਵਚਨਬੱਧ ਹੈ। ਨਿਊਯਾਰਕ ਵਿਖੇ ਵਰਲਡ ਸਿੱਖ ਪਾਰਲੀਮੈਂਟ ਵਲੋਂ ਗਲੋਬਲ ਸੈਸ਼ਨ ਵਿਚ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਸਬੰਧੀ ਕਰਵਾਏ ਗਏ ਚੌਥੇ ਦੋ ਰੋਜ਼ਾ ਜਨਰਲ ਇਜਲਾਸ ਵਿਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੋਆਰਡੀਨੇਟਰ ਹਿੰਮਤ ਸਿੰਘ ਨੇ ਆਖਿਆ ਕਿ ਵਰਲਡ ਸਿੱਖ ਪਾਰਲੀਮੈਂਟ ਨੇ 29 ਅਪ੍ਰੈਲ ਨੂੰ ਸਿੱਖ ਆਜ਼ਾਦੀ ਦੇ ਐਲਾਨਨਾਮੇ ਦਿਹਾੜੇ ਵਜੋਂ ਮਾਨਤਾ ਦੇਣ ਵਾਲੇ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਮਤਾ ਪਾਸ ਕਰ ਕੇ, 2015 ਵਿਚ ਹੋਏ ਸਰਬੱਤ ਖ਼ਾਲਸਾ ਦੇ ਗੁਰਮਤੇ ਨੂੰ ਹੋਰ ਫਿਰ ਤੋਂ ਮਜ਼ਬੂਤੀ ਨਾਲ ਦਿ੍ਰੜ ਕਰਵਾਇਆ ਹੈ।
ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪੈ੍ਰਸ ਨੋਟ ਵਿਚ ਉਨ੍ਹਾਂ ਆਖਿਆ ਕਿ ਵਰਲਡ ਸਿੱਖ ਪਾਰਲੀਮੈਂਟ ਜਿਸ ’ਚ ਵੱਖ-ਵੱਖ ਕੌਂਸਲਾਂ ਅਤੇ ਜਨਰਲ ਬਾਡੀ ਸ਼ਾਮਲ ਹਨ, ਨੇ ਅਪਣੇ ਚੌਥੇ ਜਨਰਲ ਇਜਲਾਸ ਦੇ ਸੈਸ਼ਨ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਲਈ ਮਹੱਤਵਪੂਰਨ ਵਿਚਾਰਾਂ ਤੋਂ ਬਾਅਦ ਮਤੇ ਪਾਸ ਕੀਤੇ। ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰੇ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤ ਨੂੰ ਹੋਰਨਾ ਦੇਸ਼ਾਂ ’ਚ ਅੰਤਰਰਾਸ਼ਟਰੀ ਅਤਿਵਾਦ ਅਤੇ ਜਬਰ ਦੀਆਂ ਗਤੀਵਿਧੀਆਂ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ, ਜਿਥੇ-ਜਿਥੇ ਵੀ ਸਿੱਖ ਕੌਮ ਦੇ ਸਵੈ-ਨਿਰਣੇ ਲਈ ਕੰਮ ਕਰਨ ਵਾਲੇ ਸਿੱਖ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੈਨੇਡਾ ਵਿਚ ਭਾਈ ਹਰਦੀਪ ਸਿੰਘ ਨਿੱਝਰ, ਯੂ.ਕੇ. ਵਿਚ ਭਾਈ ਅਵਤਾਰ ਸਿੰਘ ਖੰਡਾ ਅਤੇ ਪਾਕਿਸਤਾਨ ’ਚ ਭਾਈ ਪਰਮਜੀਤ ਸਿੰਘ ਪੰਜਵੜ ਸਬੰਧੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਨਾਟੋ ਦੇਸ਼ਾਂ ਨੂੰ ਇਨ੍ਹਾਂ ਘਟਨਾਵਾਂ ਦਾ ਨੋਟਿਸ ਲੈਣਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ (ਯੂ.ਐਨ.) ਦੀ ਕੌਂਸਲ ਦੇ ਮੁਖੀ ਭਾਈ ਸਵਰਨਜੀਤ ਸਿੰਘ ਨੇ ਕਿਹਾ,“ਅਸੀਂ ਸੰਯੁਕਤ ਰਾਸ਼ਟਰ, ਇਸ ਦੀਆਂ ਸੰਸਥਾਵਾਂ, ਅੰਤਰਰਾਸ਼ਟਰੀ ਸੰਸਥਾਵਾਂ, ਚੁਣੇ ਹੋਏ ਅਧਿਕਾਰੀਆਂ ਅਤੇ ਕਾਨੂੰਨ ਘਾੜਿਆਂ ਨਾਲ ਉਨ੍ਹਾਂ ਦੇਸ਼ਾਂ ’ਚ ਸਵੈ-ਨਿਰਣੇ ਤੇ ਪ੍ਰਭੂਸੱਤਾ ਦੇ ਹੱਕਾਂ ਦੀ ਗੱਲ ਦੀ ਆਜ਼ਾਦੀ ਪ੍ਰਤੀ ਭਾਰਤ ਵਲੋਂ ਹੋ ਰਹੇ ਹਮਲਿਆਂ ਅਤੇ ਉਲੰਘਣਾਵਾਂ ਦਾ ਮੁਕਾਬਲਾ ਕਰਨ ਲਈ ਸਹਿਯੋਗ ਕਰਾਂਗੇ।’’ ਵਰਲਡ ਸਿੱਖ ਪਾਰਲੀਮੈਂਟ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਹਕੀਕਤ ਨੂੰ ਪਛਾਣਨ ਅਤੇ ਸਿੱਖਾਂ ਦੇ ਸਵੈ ਨਿਰਣੇ ਸਬੰਧੀ ਇਸ ਹੱਕੀ, ਕਾਨੂੰਨੀ ਅਤੇ ਅਤਿ ਲੋੜੀਂਦੇ ਯਤਨਾਂ ਦਾ ਸਮਰਥਨ ਕਰਨ।
ਮਨਪ੍ਰੀਤ ਸਿੰਘ ਅਤੇ ਹਰਦਿਆਲ ਸਿੰਘ ਮੁਤਾਬਕ ਹੋਰ ਮਤਿਆਂ ’ਚ ਡਾਇਸਪੋਰਾ ਸਿੱਖਾਂ ਨੂੰ ਅਪਣੇ ਪਿੰਡਾਂ ਨੂੰ ਸੁਰੱਖਿਅਤ ਰੱਖਣ ਅਤੇ ਵਿਦਿਅਕ ਸੰਸਥਾਵਾਂ ਦੇ ਵਿਕਾਸ ਲਈ ਪ੍ਰੋਜੈਕਟਾਂ ’ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਤ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਭੁੱਲੇ ਵਿਸਰੇ ਹੋਏ ਸਿਕਲੀਗਰ ਅਤੇ ਵਣਜਾਰਾ ਸਿੱਖ ਭਾਈਚਾਰਿਆਂ ਨੂੰ ਗਲਵੱਕੜੀ ’ਚ ਲੈ ਕੇ ਉਨ੍ਹਾਂ ਨੂੰ ਅਪਣੀਆਂ ਮਾਨਵਤਾਵਾਦੀ ਲੋੜਾਂ ਦੇ ਹੱਲ ਲੱਭਣ ਲਈ ਉਤਸ਼ਾਹ ਪੂਰਵਕ ਯਤਨ ਕਰਨ ਲਈ ਕਿਹਾ ਗਿਆ ਹੈ। ਜਥੇਬੰਦੀ ਵਲੋਂ ਕੀਤੇ ਗਏ ਕੰਮ ’ਤੇ ਭਵਿੱਖ ਦੀ ਵਿਉਂਤਬੰਦੀ ਲਈ ਪਾਸ ਕੀਤੇ ਗਏ, ਇਹ ਮਤੇ ਕੌਮ ਲਈ ਨਿਆਂ ਪ੍ਰਾਪਤੀ, ਸਵੈ-ਨਿਰਣੇ ਦੇ ਹੱਕ ਲਈ ਸੰਘਰਸ਼ ਅਤੇ ਸਿੱਖ ਵਿਰਾਸਤ ਦੀ ਸੰਭਾਲ ਪ੍ਰਤੀ ਸਮਰਪਣ ਨੂੰ ਦਰਸਾਉਂਦੇ ਹਨ।