
ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਦੋਸ਼ੀ ਯਸ਼ਪਾਲ ਦੀ ਪਟੀਸ਼ਨ 'ਤੇ ਪੁਲਿਸ ਤੋਂ ਜਵਾਬ ਮੰਗਿਆ ਹੈ। ਯਸ਼ਪਾਲ ਸਿੰਘ ਨੇ...
ਨਵੀਂ ਦਿੱਲੀ, 12 ਦਸੰਬਰ : ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਦੋਸ਼ੀ ਯਸ਼ਪਾਲ ਦੀ ਪਟੀਸ਼ਨ 'ਤੇ ਪੁਲਿਸ ਤੋਂ ਜਵਾਬ ਮੰਗਿਆ ਹੈ। ਯਸ਼ਪਾਲ ਸਿੰਘ ਨੇ ਸਿੱਖ ਕਤਲੇਆਮ ਮਾਮਲੇ ਵਿਚ ਮਿਲੀ ਮੌਤ ਦੀ ਸਜ਼ਾ ਨੂੰ ਚੁਨੌਤੀ ਦਿਤੀ ਹੈ। ਜਸਟਿਸ ਸਿਧਾਰਥ ਮਰਿਦੁਲ ਅਤੇ ਜਸਟਿਸ ਸੰਗੀਤਾ ਧੀਂਗਰਾ ਸਹਿਗਲ ਦੀ ਬੈਂਚ ਨੇ ਦੋਸ਼ੀ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕਰਨ ਲਈ ਪੇਸ਼ ਮਾਮਲੇ ਵਿਚ ਦੋਸ਼ੀ ਯਸ਼ਪਾਲ ਸਿੰਘ ਨੂੰ ਨੋਟਿਸ ਜਾਰੀ ਕੀਤਾ। ਬੈਂਚ ਨੇ ਯਸ਼ਪਾਲ ਨੂੰ ਪੇਸ਼ੀ ਲਈ ਵਾਰੰਟ ਜਾਰੀ ਕੀਤਾ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਦੀ ਤਰੀਕ 19 ਦਸੰਬਰ ਤੈਅ ਕੀਤੀ ਹੈ।
ਹੇਠਲੀ ਅਦਾਲਤ ਨੇ ਯਸ਼ਪਾਲ ਸਿੰਘ ਨੂੰ ਪਿਛਲੇ ਮਹੀਨੇ ਦੀ 14 ਨਵੰਬਰ ਨੂੰ ਦੋਸ਼ੀ ਠਹਿਰਾਇਆ ਸੀ। ਉਹ ਤਿਹਾੜ ਜੇਲ ਵਿਚ ਬੰਦ ਹੈ। ਅਦਾਲਤ ਨੇ 20 ਨਵੰਬਰ ਨੂੰ ਸਜ਼ਾ ਸੁਣਾਈ ਸੀ। ਦਸਣਯੋਗ ਹੈ ਕਿ ਇਸ ਮਾਮਲੇ ਵਿਚ 34 ਸਾਲ ਬਾਅਦ ਦੋਸ਼ੀ ਯਸ਼ਪਾਲ ਨੂੰ ਸਜ਼ਾ-ਏ-ਮੌਤ ਅਤੇ ਸਹਿ ਦੋਸ਼ੀ ਨਰੇਸ਼ ਸਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਨ੍ਹਾਂ ਦੋਹਾਂ ਨੂੰ ਦਿੱਲੀ ਦੇ ਮਹਿਪਾਲਪੁਰ ਵਿਚ ਦੋ ਸਿੱਖਾਂ ਦੇ ਕਤਲ ਕਰਨ ਦੇ ਮਾਮਲੇ ਵਿਚ ਸਜ਼ਾ ਸੁਣਾਈ ਗਈ। (ਪੀ.ਟੀ.ਆਈ)