
ਸ਼੍ਰੋਮਣੀ ਕਮੇਟੀ ਦੀ ਰਿਪੋਰਟ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਠਹਿਰਾਇਆ ਕਸੂਰਵਾਰ
Panthak News: ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਦੀ ਗਠਤ ਕੀਤੀ ਜਾਂਚ ਕਮੇਟੀ ਨੂੰ ਮਾਨਤਾ ਨਾ ਦੇਣ, ਵਿਰੋਧ ਕਰਨ ਦੇ ਬਾਵਜੂਦ ਵੀ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਦੀ ਪੜਤਾਲ ਕਰ ਰਹੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਜਨਤਕ ਹੋ ਗਈ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਦੀ ਪੜਤਾਲ ਕਰਨ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜਰਨਲ ਸਕੱਤਰ ਸ਼ੇਰ ਸਿੰਘ ਮੰਡ ਵਾਲਾ ਅਤੇ ਅੰਤਿ੍ਰੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਸਬੰਧੀ ਜਾਰੀ ਰਿਪੋਰਟ ਮੁਤਾਬਕ ਪੰਜ ਪਿਆਰਿਆਂ (ਭਾਈ ਗੁਰਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ) ਨੂੰ ਗੁਰਦੁਆਰਾ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਮਿਲ ਕੇ ਦਿਤੇ ਸਪੱਸ਼ਟੀਕਰਨ ਬਾਰੇ ਵਿਚਾਰਾਂ ਕੀਤੀਆਂ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੰਜ ਪਿਆਰਿਆਂ ਦੀ ਲਿਖਤ ਮੁਤਾਬਕ ਜਥੇਦਾਰ ਨੇ ਅਪਣਾ ਨਿਜੀ ਸਪੱਸ਼ਟੀਕਰਨ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਨਹੀਂ ਦਿਤਾ ਅਤੇ ਮੈਨੇਜਰ ਤਖ਼ਤ ਸਾਹਿਬ ਦੀ ਲਿਖਤ ਮੁਤਾਬਕ ਸਪੱਸ਼ਟੀਕਰਨ ਦੇਣ ਸਮੇਂ ਤਖ਼ਤ ਸਾਹਿਬ ਵਿਖੇ 10 ਤੋਂ 15 ਮਿੰਟ ਤਕ ਕੀਰਤਨ ਬੰਦ (ਰੁਕਿਆ) ਰਿਹਾ। ਸਬ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਤਖ਼ਤ ਸਾਹਿਬ ਤੇ ਸ਼ਬਦ ਕੀਰਤਨ ਬੰਦ ਕਰ ਕੇ ਜਾਂ ਰੋਕ ਕੇ ਅਪਣਾ ਨਿਜੀ ਸਪੱਸ਼ਟੀਕਰਨ ਬਿਨਾਂ ਪੰਜ ਪਿਆਰਿਆਂ ਨੂੰ ਦਸਿਆ ਜਾਂ ਲਿਖਤ ਦੇਣ ਤੋਂ ਬਗ਼ੈਰ ਦੇਣਾ ਪੰਜ ਪਿਆਰਿਆਂ ਦੀ ਤੌਹੀਨ ਅਤੇ ਸ਼ਬਦ ਕੀਰਤਨ ਦੀ ਮਰਿਆਦਾ ਵੀ ਭੰਗ ਹੋਈ ਹੈ।
ਰਿਪੋਰਟ ਵਿਚ ਅੱਗੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਵਲੋਂ ਵੀ ਸਬ ਕਮੇਟੀ ਨੂੰ ਮਿਲ ਕੇ ਗਿਆਨੀ ਹਰਪ੍ਰੀਤ ਸਿੰਘ ’ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਗਏ, ਜਿਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਅਨੰਦ ਕਾਰਜ ਦੀ ਅਰਦਾਸ ਕਰਨਾ, ਰਾਘਵ ਚੱਢਾ ਦੀ ਮੰਗਣੀ ’ਤੇ ਜਾਣਾ, ਉਥੇ ਫ਼ਿਲਮੀ ਹੀਰੋਇਨਾਂ ਨੂੰ ਮਿਲਣਾ ਜਥੇਦਾਰ ਦੇ ਅਹੁਦੇ ’ਤੇ ਹੋ ਕੇ ਇਸ ਤਰ੍ਹਾਂ ਕਰਨਾ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਉਣਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ।
ਸਬ ਕਮੇਟੀ ਦੇ ਨੋਟਿਸ ਵਿਚ ਆਇਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਦੇਸ਼-ਵਿਦੇਸ਼ ਵਿਚ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਹਨ, ਇਨ੍ਹਾਂ ਵਲੋਂ ਕਦੀ ਵੀ ਪਹਿਲੇ ਸਿੰਘ ਸਾਹਿਬਾਨ ਦੀ ਤਰ੍ਹਾਂ ਪ੍ਰਚਾਰ ਸਹਾਇਤਾ ਜਮ੍ਹਾਂ ਨਹੀਂ ਕਰਵਾਈ ਗਈ, ਜੋ ਕਿ ਉਚਿਤ ਨਹੀਂ ਹੈ। ਗੁਰਪ੍ਰੀਤ ਸਿੰਘ ਮੁਕਤਸਰ ਵਲੋਂ ਜੋ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਦੀ ਪਤਨੀ ਦੇ ਗਿਆਨੀ ਹਰਪ੍ਰੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ ਜਿਸ ਕਰ ਕੇ ਉਸ ਦਾ ਘਰ ਨਹੀਂ ਵਸਿਆ ਅਤੇ ਗੱਲ ਤਲਾਕ ਤਕ ਦੀ ਨੌਬਤ ਆਈ ਹੈ।
ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਪੰਜ ਪਿਆਰੇ ਸਾਹਿਬਾਨ, ਮੈਨੇਜਰ ਤਖ਼ਤ ਸਾਹਿਬ ਦੀ ਲਿਖਤ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਪਣਾ ਨਿਜੀ ਸਪੱਸ਼ਟੀਕਰਨ ਵਿਚਾਰ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦੇਣਾ, ਕੀਰਤਨ ਬੰਦ ਹੋਣਾ, ਵਲਟੋਹਾ ਵਲੋਂ ਲਾਏ ਦੋਸ਼ਾਂ ਨੂੰ ਸਹੀ ਮੰਨਦਿਆਂ, ਗੁਰਪ੍ਰੀਤ ਸਿੰਘ ਵਲੋਂ ਸਬ ਕਮੇਟੀ ਦੇ ਸਾਹਮਣੇ ਦਿਤੇ ਬਿਆਨਾਂ ਅਨੁਸਾਰ ਉਸ ਦੀ ਘਰਵਾਲੀ ਨੂੰ ਅਪਣੇ ਘਰ ਬੁਲਾ ਕੇ ਉਸ ਨੂੰ ਝਗੜੇ ਦੀ ਹੱਲਾਸ਼ੇਰੀ ਦੇ ਕੇ ਉਸ ਦੇ ਘਰ ਵਿਚ ਝਗੜਾ ਕਰਵਾ ਕੇ ਉਸ ਦਾ ਤਲਾਕ ਬਿਨਾਂ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੋਂ ਕਰਵਾਉਣਾ ਅਤੇ ਉਸ ਦੀਆਂ ਬੇਟੀਆਂ ਨੂੰ ਵੀ ਅਪਣੀਆਂ ਬੇਟੀਆਂ ਕਹਿ ਕੇ ਅਪਣੇ ਘਰ ਰੱਖਣਾ ਆਦਿ, ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ’ਤੇ ਅਜਿਹੇ ਇਲਜ਼ਾਮ ਲੱਗਣਾ ਸਿੱਖ ਪੰਥ ਲਈ ਉਚਿਤ ਨਹੀਂ ਅਤੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਵਿਦੇਸ਼ ਯਾਤਰਾਵਾਂ ’ਤੇ ਇਕ ਬੀਬੀ ਨੂੰ ਨਾਲ ਲੈ ਕੇ ਜਾਣਾ ਵੀ ਉਚਿਤ ਨਹੀਂ । ਸਬ ਕਮੇਟੀ ਮਹਿਸੂਸ ਕਰਦੀ ਹੈ ਗਿਆਨੀ ਹਰਪ੍ਰੀਤ ਸਿੰਘ ’ਤੇ ਲੱਗੇ ਉਕਤ ਇਲਜ਼ਾਮਾਂ ਤਹਿਤ ਕਾਰਵਾਈ ਕਰਨੀ ਬਣਦੀ ਹੈ।