
ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਦੀ ਜਾਂਚ ਲਈ ਬਣੀ ਸਿਟ ਵਲੋਂ ਜਾਂਚ ਵਿਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ.........
ਤਰਨਤਾਰਨ : ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ਦੀ ਜਾਂਚ ਲਈ ਬਣੀ ਸਿਟ ਵਲੋਂ ਜਾਂਚ ਵਿਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ ਨੂੰ ਬੁਲਾਉਣ ਦੀਆਂ ਕਨਸੋਆਂ ਨੇ ਇਸ ਮਾਮਲੇ 'ਤੇ ਇਨਸਾਫ਼ ਮੰਗ ਰਹੀਆਂ ਧਿਰਾਂ ਦੇ ਚਿਹਰੇ 'ਤੇ ਰੋਣਕਾਂ ਲਿਆਂਦੀਆਂ ਹਨ। ਦਰਅਸਲ ਸਾਰਾ ਮਾਮਲਾ ਸ਼ੁਰੂ ਹੀ ਇਥੋਂ ਹੁੰਦਾ ਹੈ ਤੇ ਡੇਰਾ ਸਿਰਸਾ ਮੁਖੀ ਨੂੰ ਦਿਤੀ ਜਾਣ ਵਾਲੀ ਮਾਫ਼ੀ ਦੀ ਕਹਾਣੀ ਦਾ ਮੁੱਢ ਅਕਸ਼ੈ ਕੁਮਾਰ ਦੀ ਕੋਠੀ ਵਿਚ ਹੋਣ ਵਾਲੀ ਮੀਟਿੰਗ ਤੋਂ ਹੀ ਬਝਦਾ ਹੈ।
ਇਸ ਬਾਰੇ ਪਹਿਲਾ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਟ ਰਾਜਦੇਵ ਸਿੰਘ ਬਰਨਾਲਾ ਨੇ ਕੁੱਝ ਅਖ਼ਬਾਰਾਂ ਵਿਚ ਕੀਤਾ ਸੀ। ਸ. ਬਰਨਾਲਾ ਮੁਤਾਬਕ ਫ਼ਿਲਮੀ ਅਦਾਕਾਰ ਅਕਸ਼ੈ ਕੁਮਾਰ ਦੀ ਮੁੰਬਈ ਵਿਚ ਸਥਿਤ ਕੋਠੀ ਵਿਚ 18 ਸਤੰਬਰ 2015 ਦੇ ਆਸ-ਪਾਸ ਇਕ ਮੀਟਿੰਗ ਹੁੰਦੀ ਹੈ ਜਿਸ ਵਿਚ ਅਕਸ਼ੈ ਕੁਮਾਰ ਦੇ ਨਾਲ-ਨਾਲ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸੌਦਾ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਸ਼ਾਮਲ ਸਨ। ਇਸ ਮੀਟਿੰਗ ਵਿਚ ਮਾਲਵਾ ਖੇਤਰ ਨਾਲ ਸਬੰਧਤ ਇਕ ਜੁਨੀਅਰ ਅਕਾਲੀ ਆਗੂ ਵੀ ਸੀ।
ਮੀਟਿੰਗ ਵਿਚ ਡੇਰਾ ਮੁਖੀ ਦੀ ਫ਼ਿਲਮ ਮੈਸੰਜਰ ਆਫ਼ ਗੋਡ ਨੂੰ ਪੰਜਾਬ ਵਿਚ ਰਿਲੀਜ਼ ਕੀਤੇ ਜਾਣ ਬਾਰੇ ਇਕ ਸਮਝੌਤਾ (ਸੌਦਾ) ਕੀਤਾ ਜਾਂਦਾ ਹੈ। ਡੇਰਾ ਮੁਖੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਚੋਣ ਫ਼ੰਡ ਵਜੋਂ ਮੋਟੀ ਰਕਮ ਦੀ ਪੇਸ਼ਕਸ਼ ਕਰਦਾ ਹੈ ਤੇ ਨਾਲ ਹੀ ਪੰਜਾਬ ਵਿਚ ਅਕਾਲੀ ਉਮੀਦਵਾਰਾਂ ਦੀ ਮਦਦ ਕਰਨ ਦਾ ਭਰੋਸਾ ਦਿੰਦਾ ਹੈ। ਸੱਤਾ ਦੀ ਲਾਲਸਾ ਵਿਚ ਅਕਾਲੀ ਦਲ ਪ੍ਰਧਾਨ ਸੌਦਾ ਦੀ ਪੇਸ਼ਕਸ਼ ਨੂੰ ਸਵੀਕਾਰ ਕਰਦਿਆਂ ਨਾਲ ਬੈਠੇ ਜਥੇਦਾਰ ਭਾਈ ਗੁਰਮੁਖ ਸਿੰਘ ਨੂੰ ਇਸ ਸਾਰੇ ਘਟਨਾਕ੍ਰਮ ਵਿਚਲੀ ਧਾਰਮਕ ਰੁਕਾਵਟ ਨੂੰ ਤੁਰਤ ਖ਼ਤਮ ਕਰਨ ਲਈ ਕਹਿੰਦਾ ਹੈ।