
ਭਾਈ ਧਿਆਨ ਸਿੰਘ ਮੰਡ ਬੇਸ਼ਕ ਇਹ ਦਾਅਵਾ ਕਰ ਰਹੇ ਹਨ ਕਿ ਬਰਗਾੜੀ ਮੋਰਚਾ ਸਫ਼ਲ ਰਿਹਾ ਹੈ ਪਰ ਉਹ ਇਸ ਮੋਰਚੇ ਦੀ ਪ੍ਰਾਪਤੀ ਦਸਣ ਵਿਚ ਅਸਫ਼ਲ ਰਹੇ ਹਨ...........
ਅੰਮ੍ਰਿਤਸਰ/ਤਰਨਤਾਰਨ : ਭਾਈ ਧਿਆਨ ਸਿੰਘ ਮੰਡ ਬੇਸ਼ਕ ਇਹ ਦਾਅਵਾ ਕਰ ਰਹੇ ਹਨ ਕਿ ਬਰਗਾੜੀ ਮੋਰਚਾ ਸਫ਼ਲ ਰਿਹਾ ਹੈ ਪਰ ਉਹ ਇਸ ਮੋਰਚੇ ਦੀ ਪ੍ਰਾਪਤੀ ਦਸਣ ਵਿਚ ਅਸਫ਼ਲ ਰਹੇ ਹਨ। ਜਦ ਭਾਈ ਧਿਆਨ ਸਿੰਘ ਮੰਡ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਆਏ ਤਾਂ ਉਹ ਇਹ ਅਹਿਸਾਸ ਕਰਵਾਉਣ ਦੀ ਅਸਫ਼ਲ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਸਨ ਕਿ ਉਹ ਇਕ ਜੇਤੂ ਜਰਨੈਲ ਵਾਂਗ ਵੱਡਾ ਮੋਰਚਾ ਸਰ ਕਰ ਕੇ ਆਏ ਹਨ। ਅਪਣੀਆਂ ਪ੍ਰਾਪਤੀਆਂ ਸੁਣਾਉਂਦਿਆਂ ਭਾਈ ਮੰਡ ਨੇ ਕਿਹਾ ਕਿ 192 ਦਿਨ ਦੇ ਇਸ ਮੋਰਚੇ ਨਾਲ ਇਕ ਬੰਦੀ ਸਿੰਘ ਰਿਹਾਅ ਹੋਇਆ ਹੈ
ਤੇ ਬਾਕੀ 17 ਬਾਰੇ ਸਰਕਾਰ ਦੂਜੇ ਰਾਜਾਂ ਨਾਲ ਲਿਖਾ ਪੜ੍ਹੀ ਕਰ ਰਹੀ ਹੈ ਹਾਲਾਂਕਿ 1 ਜੂਨ 2018 ਨੂੰ ਅਤੇ ਬਾਅਦ ਵਿਚ ਵੱਖਵੱਖ ਸਮੇਂ 'ਤੇ ਭਾਈ ਮੰਡ ਨੇ ਹੀ ਐਲਾਨ ਕੀਤਾ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਤਕ ਡਟੇ ਰਹਿਣਗੇ। ਭਾਈ ਮੰਡ ਨੇ ਇਹ ਵੀ ਕਿਹਾ ਕਿ ਮੋਰਚੇ ਕਾਰਨ ਹੀ ਬਰਗਾੜੀ ਦਾ ਨਾਮ ਬਰਗਾੜੀ ਸਾਹਿਬ ਹੋ ਗਿਆ ਹੈ। ਸੰਗਤ ਵਿਚ ਸਵਾਲ ਉਠ ਰਿਹਾ ਹੈ ਕਿ ਬਰਗਾੜੀ ਪਿੰਡ ਦੇ ਨਾਮ ਨਾਲ ਸਾਹਿਬ ਲਗਾਉਣ ਦੀ ਗੁਪਤ ਮੰਗ ਭਾਈ ਮੰਡ ਨੇ ਕਦੋਂ ਰੱਖ ਦਿਤੀ ਸੀ। ਦਰਅਸਲ ਬਰਗਾੜੀ ਮੋਰਚੇ ਦੀਆਂ ਤਿੰਨ ਮੰਗਾਂ ਸਨ
ਜਿਨ੍ਹਾਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜੇਲਾਂ ਵਿਚ ਬੰਦ ਕਰਨ, ਨਜ਼ਰਬੰਦ ਸਿੰਘਾਂ ਦੀ ਰਿਹਾਈ ਅਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਵਿਰੁਧ ਕਾਨੂੰਨੀ ਕਾਰਵਾਈ ਕਰਨਾ ਸੀ। ਭਾਈ ਮੰਡ ਇਹ ਦਾਅਵਾ ਕਰਦੇ ਹਨ ਕਿ ਮੋਰਚਾ ਖ਼ਤਮ ਨਹੀਂ ਹੋਇਆ ਬਲਕਿ ਇਸ ਦਾ ਇਕ ਪੜਾਅ ਖ਼ਤਮ ਹੋਇਆ ਹੈ। ਹੁਣ 20 ਦਸੰਬਰ ਤੋਂ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ। ਭਾਈ ਮੰਡ ਤੇ ਸਾਥੀ ਜਥੇਦਾਰਾਂ ਦੀ ਨਿਯੁਕਤੀ ਜਿਸ ਸਰੱਬਤ ਖ਼ਾਲਸਾ ਵਿਚ ਹੋਈ ਸੀ
ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਹੀ 10 ਨਵੰਬਰ 2015 ਨੂੰ ਕੀਤਾ ਗਿਆ ਸੀ। ਜਥੇਦਾਰ ਬਣਨ ਤੋਂ ਬਾਅਦ ਕਰੀਬ ਦੋ ਸਾਲ ਤਕ ਜਥੇਦਾਰ ਇਹ ਫ਼ੈਸਲਾ ਹੀ ਨਹੀਂ ਲੈ ਸਕੇ ਕਿ ਬੇਅਦਬੀ ਮਾਮਲੇ 'ਤੇ ਰਣਨੀਤੀ ਕੀ ਹੋਵੇ। ਜਦ ਇਹ ਰਣਨੀਤੀ ਤਿਆਰ ਕੀਤੀ ਤਾਂ ਬਰਗਾੜੀ ਵਿਚ ਜਾ ਬੈਠੇ। ਇਹ ਠੀਕ ਹੈ ਕਿ ਬਰਗਾੜੀ ਮੋਰਚਾ ਭਾਈ ਧਿਆਨ ਸਿੰਘ ਦੀ ਖਾਮੋਸ਼ੀ ਅਤੇ ਸਫ਼ਲ ਨੀਤੀ ਘਾੜੇ ਦੀ ਸੋਚ ਕਾਰਨ 192 ਦਿਨ ਤਕ ਚਲ ਗਿਆ ਪਰ ਇਸ ਤੋਂ ਪ੍ਰਾਪਤ ਕੀ ਹੋਇਆ? ਇਹ ਸ਼ਾਇਦ ਭਾਈ ਮੰਡ ਦੀ ਜਾਣਕਾਰੀ ਵਿਚ ਨਹੀਂ ਹੈ।