ਕੀ ਸਿੱਖਾਂ ਨੂੰ ' ਕਛਹਿਰੇ ਦੇ ਬਜਾਏ ਲੰਗੋਟ' ਲਾਉਣਾ ਚਾਹੀਦਾ ਹੈ ?
Published : Apr 14, 2018, 12:31 pm IST
Updated : Apr 14, 2018, 12:31 pm IST
SHARE ARTICLE
nihang singh
nihang singh

ਕੀ ਹੁਣ ਸਿੱਖਾਂ ਨੂੰ ਕਛਹਿਰੇ ਦੀ ਥਾਂ ਲੰਗੋਟ ਲਾਉਣਾ ਚਾਹੀਦਾ ਹੈ? ਸ੍ਰੀਚੰਦ ਤਾਂ ਅਪਣੇ ਪਿੰਡੇ ਤੇ ਸੁਆਹ ਮਲਦੇ ਸਨ

ਮਿਤੀ 07-01-2018 ਨੂੰ ਗੁਰਦੁਆਰਾ ਸਾਹਿਬ, ਗੁਰੂ ਅਰਜਨ ਦੇਵ ਜੀ, ਸੈਕਟਰ-40, ਚੰਡੀਗੜ੍ਹ ਵਿਖੇ ਭਾਈ ਦਿੱਤ ਸਿੰਘ ਪਤ੍ਰਿਕਾ ਦੇ ਮੁੱਖ ਸੰਪਾਦਕ ਸ. ਨਸੀਬ ਸਿੰਘ (ਪ੍ਰਿੰਸੀਪਲ) ਵਲੋਂ ਭਾਈ ਦਿੱਤ ਸਿੰਘ ਜੀ ਦੇ ਜੀਵਨਕਾਲ ਨਾਲ ਸਬੰਧਤ ਕਿਤਾਬ 'ਸਿੱਖ ਕੌਮ ਦੇ ਗੌਰਵਮਈ ਵਿਦਵਾਨ ਗਿਆਨੀ ਦਿੱਤ ਸਿੰਘ', ਜਿਸ ਦੇ ਲੇਖਕ ਵੀ ਉਹ ਆਪ ਹੀ ਹਨ, ਕੌਮ ਨੂੰ ਅਰਪਣ ਕੀਤੀ ਗਈ। ਇਸ ਸਮਾਗਮ ਵਿਚ ਉੱਚ ਕੋਟੀ ਦੇ ਵਿਦਵਾਨਾਂ ਅਤੇ ਕਵੀ ਸੱਜਣਾਂ ਨੇ ਗਿਆਨੀ ਦਿੱਤ ਸਿੰਘ ਨੂੰ ਅਤੇ ਉਨ੍ਹਾਂ ਵਲੋਂ ਕੌਮ ਲਈ ਕੀਤੇ ਕੰਮਾਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਸਿੱਖਾਂ ਨੂੰ ਅਪੀਲ ਕੀਤੀ। ਅਪਣੇ ਆਪ ਵਿਚ ਇਹ ਸਮਾਗਮ ਇਕ ਯਾਦ ਸਾਡੇ ਦਿਲਾਂ ਵਿਚ ਛੱਡ ਗਿਆ।
ਇਸ ਪ੍ਰੋਗਰਾਮ ਦੀ ਜਿਸ ਅਹਿਮ ਗੱਲ ਨੇ ਮੈਨੂੰ ਹਲੂਣ ਦਿਤਾ, ਉਹ ਸੀ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲਿਆਂ ਵਲੋਂ ਕੀਰਤਨ ਦੌਰਾਨ ਕੀਤੀ ਗਈ ਤਕਰੀਰ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਉਸ ਬਿਆਨ ਦਾ ਹਵਾਲਾ ਦਿਤਾ, ਜੋ ਜਥੇਦਾਰ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਸ੍ਰੀ ਚੰਦ ਦੀ ਯਾਦ ਵਿਚ ਕਰਵਾਏ ਸਮਾਗਮ ਵਿਚ ਦਿਤਾ ਸੀ। ਜਥੇਦਾਰ ਨੇ ਉਸ ਸਮਾਗਮ ਵਿਚ ਕਿਹਾ ਸੀ ਕਿ ਸਿੱਖ ਸੰਗਤ ਨੂੰ ਸ੍ਰੀਚੰਦ ਜੀ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਇਸ ਬਿਆਨ ਨੂੰ ਆਧਾਰ ਬਣਾ ਕੇ ਸੰਗਤ ਨੂੰ ਮੁਖ਼ਾਤਬ ਹੋ ਕੇ ਕਿਹਾ ਕਿ ਸ੍ਰੀਚੰਦ ਦੇ ਜੀਵਨ ਤੋਂ ਕੀ ਸੇਧ ਲਈਏ? ਉਹ ਤਾਂ ਲੰਗੋਟ ਲਾਉਂਦੇ ਸਨ। ਕੀ ਹੁਣ ਸਿੱਖਾਂ ਨੂੰ ਕਛਹਿਰੇ ਦੀ ਥਾਂ ਲੰਗੋਟ ਲਾਉਣਾ ਚਾਹੀਦਾ ਹੈ? ਸ੍ਰੀਚੰਦ ਤਾਂ ਅਪਣੇ ਪਿੰਡੇ ਤੇ ਸੁਆਹ ਮਲਦੇ ਸਨ। ਕੀ ਹੁਣ ਸਿੱਖ ਵੀ ਅਪਣੇ ਪਿੰਡੇ (ਸਰੀਰ) ਤੇ ਸੁਆਹ ਮਲਣ? ਉਨ੍ਹਾਂ ਸਾਰੀ ਉਮਰ ਵਿਆਹ ਨਹੀਂ ਕਰਵਾਇਆ, ਉਦਾਸੀ ਸਨ। ਕੀ ਸਿੱਖਾਂ ਨੂੰ ਵੀ ਹੁਣ ਉਦਾਸੀ ਬਣ ਜਾਣਾ ਚਾਹੀਦਾ ਹੈ? ਸਿੱਖਾਂ ਨੂੰ ਹੁਣ ਆਨੰਦ ਕਾਰਜ ਨਹੀਂ ਕਰਵਾਉਣੇ ਚਾਹੀਦੇ? ਗੁਰੂ ਨਾਨਕ ਸਾਹਿਬ ਨੇ ਕਿਥੇ-ਕਿਥੇ ਜਾ ਕੇ, ਸੁਮੇਰ ਪਰਬਤ ਤੇ ਜਾ ਕੇ ਸਿੱਧਾਂ ਨੂੰ, ਜੋਗੀਆਂ ਨੂੰ ਸਮਝਾਇਆ ਸੀ ਕਿ ਤੁਸੀ ਸੰਸਾਰ ਦਾ ਤਿਆਗ ਕਰ ਕੇ, ਇਥੇ ਆ ਕੇ ਧੂਣੀਆਂ ਤਪਾ ਕੇ, ਵਿਹਲੇ ਬੈਠ ਕੇ ਸਮਾਜ ਦਾ, ਲੋਕਾਈ ਦਾ ਕੀ ਭਲਾ ਕੀਤਾ ਹੈ? ਤੁਸੀ ਤਾਂ ਸਮਾਜ ਤੇ ਲੋਕਾਂ ਤੇ ਬੋਝ ਬਣ ਗਏ ਹੋ। ਇਕ ਪਾਸੇ ਤੁਸੀ ਸੰਸਾਰ ਨੂੰ ਮਾੜਾ ਆਖਦੇ ਹੋ, ਦੂਜੇ ਪਾਸੇ ਰੋਟੀ ਕਪੜੇ ਲਈ ਫਿਰ ਉਨ੍ਹਾਂ ਸੰਸਾਰੀ ਲੋਕਾਂ ਅੱਗੇ ਜਾ ਕੇ ਹੱਥ ਫੈਲਾਉਂਦੇ ਹੋ। ਤੁਹਾਡੇ ਨਾਲੋਂ ਇਕ ਗ੍ਰਹਿਸਤੀ ਬੰਦਾ ਜ਼ਿਆਦਾ ਚੰਗਾ ਹੈ ਜੋ ਅਪਣੇ ਪ੍ਰਵਾਰ ਦੇ ਨਾਲ ਨਾਲ ਤੁਹਾਡੇ ਵਰਗੇ ਵਿਹਲੜਾਂ ਦਾ ਢਿੱਡ ਵੀ ਭਰਦਾ ਹੈ। ਹੁਣ ਤੁਸੀ ਦੱਸੋ ਸਾਧ ਸੰਗਤ ਜੀ ਅਸੀ ਕੀ ਸੇਧ ਲਈਏ ਸ੍ਰੀਚੰਦ ਜੀ ਦੇ ਜੀਵਨ ਤੋਂ? ਜੇ ਸ੍ਰੀਚੰਦ ਵਾਂਗ ਗੁਰੂ ਨਾਨਕ ਸਾਹਿਬ ਜੀ ਵੀ ਵਿਆਹ ਨਾ ਕਰਾਉਂਦੇ, ਗ੍ਰਹਿਸਤੀ ਨਾ ਹੁੰਦੇ ਤਾਂ ਕੀ ਸ੍ਰੀਚੰਦ ਨੇ ਜੰਮਣਾ ਸੀ? ਸਾਡੇ ਜਥੇਦਾਰ ਕਹਿ ਰਹੇ ਹਨ ਕਿ ਉਸ ਪੁੱਤਰ ਦੇ ਜੀਵਨ ਤੋਂ ਸੇਧ ਲਵੋ। ਮੈਂ ਹੈਰਾਨ ਹਾਂ ਕਿ ਕੌਮ ਦੀ ਰਹਿਨੁਮਾਈ ਕਰਨ ਵਾਲੇ ਕੌਮ ਨੂੰ ਕਿਸ ਪਾਸੇ ਲੈ ਕੇ ਜਾ ਰਹੇ ਹਨ? ਸੱਚੇ ਪਾਤਸ਼ਾਹ ਸਾਡੇ ਤੇ ਰਹਿਮ ਕਰਨ, ਸਾਨੂੰ ਸੁਮਤਿ ਬਖ਼ਸ਼ਣ, ਸਾਨੂੰ ਅਪਣੀ ਯੋਗ ਅਗਵਾਈ ਬਖ਼ਸ਼ਣ ਤਾਕਿ ਸਿੱਖ ਕੌਮ ਫਿਰ ਚੜ੍ਹਦੀ ਕਲਾ ਵਿਚ ਆਵੇ। 
ਸੱਚਮੁਚ ਰਾਗੀ ਸਿੰਘ ਦੀਆਂ ਇਨ੍ਹਾਂ ਦਲੀਲਾਂ ਨੇ ਸਮਾਗਮ ਵਿਚ ਬੈਠੇ ਹਰ ਸ਼ਖ਼ਸ ਨੂੰ ਝੰਜੋੜ ਕੇ ਰੱਖ ਦਿਤਾ ਅਤੇ ਇਹ ਸੱਚ ਵੀ ਹੈ ਕਿ ਸਾਡੇ ਜਥੇਦਾਰ ਅਜਿਹੇ ਕਾਰਨਾਮੇ ਕਰ ਰਹੇ ਹਨ ਕਿ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਗੁਰਮਤਿ ਦੀ ਗੱਲ ਕਰਨ ਵਾਲਿਆਂ ਨੂੰ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ, ਪ੍ਰੋ. ਗੁਰਮੁਖ ਸਿੰਘ ਜੀ, ਸ. ਜੋਗਿੰਦਰ ਸਿੰਘ 'ਸਪੋਕਸਮੈਨ', ਪ੍ਰੋ. ਸਰਬਜੀਤ ਸਿੰਘ 'ਧੁੰਦਾ', ਪ੍ਰੋ. ਇੰਦਰ ਸਿੰਘ 'ਘੱਗਾ' ਤੇ ਭਾਈ ਰਣਜੀਤ ਸਿੰਘ ਢਡਰੀਆਂ ਵਾਲਿਆਂ ਨੂੰ ਪੰਥ ਵਿਚੋਂ ਛੇਕਿਆ ਜਾ ਰਿਹਾ ਹੈ ਅਤੇ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲਿਆਂ ਸਾਧਾਂ-ਸੰਤਾਂ ਨੂੰ, ਨਾਨਕਸ਼ਾਹੀ ਕੈਲੰਡਰ ਦਾ ਖ਼ਾਤਮਾ ਕਰਨ ਵਾਲਿਆਂ ਨੂੰ, ਸਿੱਖ ਹੋ ਕੇ ਕੇਸ ਕਤਲ ਕਰਨ ਵਾਲਿਆਂ ਨੂੰ ਸਿਰੋਪਾਉ ਦਿਤੇ ਜਾ ਰਹੇ ਹਨ। ਸੱਚਮੁਚ ਅੱਜ ਮੈਨੂੰ ਉਹ ਸਮਾਂ ਮੁੜ ਯਾਦ ਆ ਰਿਹਾ ਹੈ ਜਦ ਗੁਰਮਤਿ ਦੀ ਗੱਲ ਕਰਨ ਵਾਲੇ ਪ੍ਰੋ. ਗੁਰਮੁਖ ਸਿੰਘ ਨੂੰ 1887 ਵਿਚ ਅੰਗਰੇਜ਼ਾਂ ਦੇ ਕਹਿਣ ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਪੰਥ ਵਿਚੋਂ ਛੇਕ ਦਿਤਾ ਸੀ ਅਤੇ ਇਨ੍ਹਾਂ ਜਥੇਦਾਰਾਂ ਨੇ ਹੀ ਗਿਆਨੀ ਦਿੱਤ ਸਿੰਘ ਦੇ ਧਰਮ ਪ੍ਰਚਾਰ ਦੇ ਰਸਤੇ ਵਿਚ ਕਾਫ਼ੀ ਅੜਚਣਾਂ ਪੈਦਾ ਕੀਤੀਆਂ ਤਾਕਿ ਉਹ ਗੁਰਮਤਿ ਦਾ ਪ੍ਰਚਾਰ ਨਾ ਕਰ ਸਕਣ। ਇਨ੍ਹਾਂ ਜਥੇਦਾਰਾਂ ਨੇ ਹੀ ਉਸ ਸਮੇਂ ਜਲਿਆਂ ਵਾਲੇ ਬਾਗ਼ ਕਾਂਡ ਦੇ ਹਤਿਆਰੇ ਜਨਰਲ ਡਾਇਰ ਨੂੰ ਅਕਾਲ ਤਖ਼ਤ ਤੋਂ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਸੀ। ਅੱਜ ਲੋੜ ਹੈ, ਅਕਾਲੀ ਫੂਲਾ ਸਿੰਘ ਵਰਗੇ ਦਲੇਰ ਜਥੇਦਾਰਾਂ ਦੀ, ਜੋ ਦੁਨਿਆਵੀ ਰਾਜਿਆਂ ਤੋਂ ਡਰਨ ਦੀ ਬਜਾਏ ਅਕਾਲ ਪੁਰਖ ਦੇ ਭੈਅ ਵਿਚ ਰਹਿ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਫ਼ੈਸਲੇ ਲੈਣ ਤਾਕਿ ਸਿੱਖ ਪੰਥ ਨੂੰ ਇਨ੍ਹਾਂ ਦੀਆਂ ਹਰਕਤਾਂ ਤੋਂ ਵਾਰ-ਵਾਰ ਸ਼ਰਮਸਾਰ ਨਾ ਹੋਣਾ ਪਵੇ।
ਬਾਬਾ ਕੌਣ?
ਇਸ ਪ੍ਰੋਗਰਾਮ ਵਿਚ ਭੈਣ ਕੁਲਵਿੰਦਰ ਕੌਰ ਨੇ, ਜੋ ਬਾਬਾ ਸੰਗਤ ਸਿੰਘ (ਅਸਲ ਵਿਚ ਭਾਈ ਸੰਗਤ ਸਿੰਘ) ਸੇਵਾ ਦਲ ਦੇ ਜਨਰਲ ਸਕੱਤਰ ਨੇ, ਵੀ ਗਿਆਨੀ ਦਿੱਤ ਸਿੰਘ ਦੇ ਜੀਵਨ ਤੇ ਚਾਨਣਾ ਪਾਇਆ। ਜਦ ਉਨ੍ਹਾਂ ਬਾਬਾ ਸੰਗਤ ਸਿੰਘ ਸੇਵਾ ਦਲ ਕਿਹਾ ਤਾਂ ਮੈਂ ਸੋਚੀਂ ਪੈ ਗਿਆ ਕਿ ਇਹ ਬਾਬਾ ਸੰਗਤ ਸਿੰਘ ਕੌਣ ਨੇ? ਕਿਉਂਕਿ ਇਤਿਹਾਸ ਵਿਚ ਤਾਂ ਸੰਗਤ ਸਿੰਘ ਤਾਂ ਇਕੋ ਹੀ ਹੋਏ ਨੇ ਜਿਨ੍ਹਾਂ ਦੇ ਸਿਰ ਤੇ ਚਮਕੌਰ ਦੀ ਗੜ੍ਹੀ ਵਿਚ ਗੁਰੂ ਸਾਹਿਬ ਜੀ ਨੇ ਆਪ ਕਲਗੀ ਸਜਾ ਕੇ ਦੁਸ਼ਮਣ ਨੂੰ ਭੁਲੇਖਾ ਪਾ ਦਿਤਾ ਸੀ। ਸਮਾਗਮ ਦੀ ਸਮਾਪਤੀ ਤੋਂ ਬਾਅਦ ਮੈਂ ਉਨ੍ਹਾਂ ਨਾਲ ਮਿਲ ਕੇ ਅਪਣੇ ਸ਼ੰਕੇ ਬਾਰੇ ਗੱਲ ਕਰਨਾ ਚਾਹੁੰਦਾ ਸੀ ਪਰ ਉਨ੍ਹਾਂ ਨਾਲ ਮੁਲਾਕਾਤ ਨਾ ਹੋ ਸਕੀ, ਬਾਅਦ ਵਿਚ ਨਸੀਬ ਸਿੰਘ ਨੇ ਮੇਰੇ ਸ਼ੰਕੇ ਦੂਰ ਕਰ ਦਿਤੇ ਕਿ ਇਹ ਬਾਬਾ ਸੰਗਤ ਸਿੰਘ ਅਸਲ ਵਿਚ ਭਾਈ ਸੰਗਤ ਸਿੰਘ ਹੀ ਹਨ। 
ਅਪਣੇ ਇਸ ਲੇਖ ਰਾਹੀਂ ਮੈਂ ਜੋ ਗੱਲ ਆਪ ਸਾਰਿਆਂ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਉਹ ਇਹ ਹੈ ਕਿ ਅਸੀ ਅੱਜ ਹਰ ਕਿਸੇ ਨੂੰ ਹੀ ਬਾਬਾ ਕਿਉਂ ਬਣਾਈ ਜਾ ਰਹੇ ਹਾਂ? ਮੈਨੂੰ ਭੈਣ ਕੁਲਵਿੰਦਰ ਕੌਰ ਨਾਲ ਕੋਈ ਸ਼ਿਕਾਇਤ ਨਹੀਂ। ਅੱਜ ਹਵਾ ਹੀ ਅਜਿਹੀ ਚੱਲ ਰਹੀ ਹੈ, ਰੁਝਾਨ ਹੀ ਅਜਿਹਾ ਚੱਲ ਪਿਆ ਹੈ, ਅਸੀ ਬਿਨਾਂ ਸੋਚੇ-ਸਮਝੇ ਹਰ ਇਕ ਨੂੰ ਬਾਬਾ ਬਣਾਈ ਜਾਂਦੇ ਹਾਂ। ਅਸੀ ਤਾਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਵੀ ਸਾਹਿਬਜ਼ਾਦੇ ਨਾ ਰਹਿਣ ਦਿਤਾ, ਉਨ੍ਹਾਂ ਨੂੰ ਵੀ ਬਾਬੇ ਬਣਾ ਦਿਤਾ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਹੁਣ ਬਾਬਾ ਸੰਗਤ ਸਿੰਘ। ਕਲ ਨੂੰ ਕੋਈ ਪੰਜ ਪਿਆਰਿਆਂ ਨੂੰ ਵੀ ਕਹੇਗਾ ਬਾਬਾ ਦਇਆ ਸਿੰਘ, ਬਾਬਾ ਧਰਮ ਸਿੰਘ ਆਦਿ। ਕੀ ਇਸ ਤਰ੍ਹਾਂ ਲਿਖਣ ਨਾਲ ਇਤਿਹਾਸ ਨਹੀਂ ਵਿਗੜੇਗਾ? ਸਿੱਖ-ਸੰਗਤ ਦੇ ਮਨ ਵਿਚ ਭੁਲੇਖਾ ਨਹੀਂ ਪਵੇਗਾ ਕਿ ਕਿਹੜਾ ਬਾਬਾ ਹੈ? ਅੱਜ ਹਰ ਕੋਈ ਬਾਬਾ ਬਣੀ ਬੈਠਾ ਹੈ। ਲੰਮਾ ਚੋਲਾ ਪਾਇਆ, ਸਿਰ ਤੇ ਗੋਲ ਪੱਗ ਬੰਨੀ, ਬਾਬਾ ਜੀ ਬਣ ਗਏ ਤੇ ਇਨ੍ਹਾਂ ਆਪ ਬਣੇ ਬਾਬਿਆਂ ਦੇ ਕਾਰਨਾਮੇ/ਕੌਤੱਕ ਅੱਜ ਜੱਗ ਜ਼ਾਹਰ ਨੇ। ਇਨ੍ਹਾਂ ਦੀਆਂ ਕਰਤੂਤਾਂ ਨੇ ਸਿੱਖੀ ਨੂੰ ਸ਼ਰਮਸਾਰ ਕਰ ਦਿਤਾ ਹੈ। ਤੁਸੀ ਆਖੋਗੇ ਮੈਂ ਇਨ੍ਹਾਂ ਬਾਬਿਆਂ ਦੇ ਏਨਾ ਵਿਰੁਧ ਕਿਉਂ ਹਾਂ? ਆਉ ਇਸ ਨੂੰ ਗੁਰਬਾਣੀ ਦੀ ਨਜ਼ਰ ਨਾਲ ਤੇ ਇਤਿਹਾਸਕ ਦ੍ਰਿਸ਼ਟੀ ਨਾਲ ਸਮਝਣ ਦਾ ਯਤਨ ਕਰੀਏ।
ਸੱਭ ਤੋਂ ਪਹਿਲਾਂ ਅਸੀ ਗੁਰਬਾਣੀ ਮੁਤਾਬਕ ਸਮਝੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਬਾਬਾ ਲਫ਼ਜ਼ ਜਾਂ ਤਾਂ ਅਕਾਲ ਪੁਰਖ ਵਾਸਤੇ ਵਰਤਿਆ ਹੈ ਜਾਂ ਫਿਰ ਗੁਰੂ ਨਾਨਕ ਸਾਹਿਬ ਵਾਸਤੇ। ਜਿਵੇਂ ਕਿ -
'ਬਾਬਾ ਬਿਖੁ ਦੇਖਿਆ ਸੰਸਾਰੁ' (382)
'ਆਦੇਸੁ ਬਾਬਾ ਆਦੇਸ, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਕਰਿ ਕਰਿ ਦੇਖਿਹਿ ਵੇਸ'।
(417)
ਇਥੇ ਅਕਾਲ ਪੁਰਖ ਨੂੰ ਸੰਬੋਧਤ ਹੈ। 
'ਬਾਬਾ ਨਾਨਕ ਪ੍ਰਭੂ ਸਰਣਾਈ, ਸਭ ਚਿੰਤਾ ਗਣਤ ਮਿਟਾਈ' (623)
'ਬਿਨੁ ਗੁਰ ਪੂਰੇ ਨਾਹੀ ਉਧਾਰੁ, ਬਾਬਾ ਨਾਨਕ ਆਖੈ ਏਹੁ ਬੀਚਾਰੁ।' (886)
'ਗੁਰਿ ਬਾਬੇ ਫਿਟਕੇ ਸੇ ਫਿਟੇ, ਗੁਰਿ ਅੰਗਦ ਕੀਤੇ ਕੁੜਿਆਰੇ' (307)
ਇਥੇ 'ਬਾਬਾ' ਸ਼ਬਦ ਗੁਰੂ ਨਾਨਕ ਸਾਹਿਬ ਨੂੰ ਸੰਬੋਧਤ ਹੈ। ਭਾਈ ਗੁਰਦਾਸ ਨੇ ਵੀ ਅਪਣੀਆਂ ਵਾਰਾਂ ਵਿਚ 'ਬਾਬਾ' ਲਫ਼ਜ਼ ਸਿਰਫ਼ ਅਤੇ ਸਿਰਫ਼ ਗੁਰੂ ਨਾਨਕ ਸਾਹਿਬ ਲਈ ਹੀ ਵਰਤਿਆ ਹੈ। ਉਨ੍ਹਾਂ ਨੇ ਸ਼ੁਰੂ-ਸ਼ੁਰੂ ਵਿਚ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ ਜਿਵੇਂ ਕਿ 'ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗਿ ਚਾਨਣੁ ਹੋਆ।' ਅਤੇ 'ਕਲਿ ਤਾਰਣ ਗੁਰੂ ਨਾਨਕ ਆਇਆ।' ਪਰ ਬਾਅਦ ਵਿਚ ਗੁਰੂ ਨਾਨਕ ਲਿਖਣ ਦੀ ਬਜਾਏ ਸਿਰਫ਼ 'ਬਾਬਾ' ਲਿਖਿਆ, ਜਿਵੇਂ ਕਿ 'ਫਿਰਿ ਬਾਬਾ ਗਿਆ ਬਗਦਾਦ ਨੋ।' ਅਤੇ 'ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਬਾਬੇ ਕੀਤੀ ਸਿਧਿ ਗੋਸਟਿ ਸਬਦਿ ਸਤਿ ਸਿਧਾ ਵਿਚ ਆਈ' ਇਤੀ-ਆਦਿ। ਉਨ੍ਹਾਂ ਨੂੰ ਦੁਬਾਰਾ ਗੁਰੂ ਨਾਨਕ ਲਿਖਣ ਦੀ ਲੋੜ ਹੀ ਨਹੀ ਪਈ ਤੇ ਲੋਕਾਂ ਨੇ ਵੀ ਇਸ ਗੱਲ ਨੂੰ ਸਮਝ ਲਿਆ ਕਿ ਭਾਈ ਗੁਰਦਾਸ ਜੀ ਗੁਰੂ ਨਾਨਕ ਦੀ ਹੀ ਗੱਲ ਕਰ ਰਹੇ ਹਨ, ਕਿਸੇ ਹੋਰ ਦੀ ਨਹੀਂ। ਇਹ ਸ਼ਬਦ ਗੁਰੂ ਨਾਨਕ ਸਾਹਿਬ ਲਈ ਪਛਾਣ ਬਣ ਗਿਆ ਸੀ 'ਬਾਬਾ'। 'ਬਾਬਾ' ਸ਼ਬਦ ਜਿਥੇ ਵੀ ਬੋਲਿਆ, ਸਮਝੋ ਗੁਰੂ ਨਾਨਕ ਦੀ ਗੱਲ ਹੋ ਰਹੀ ਹੈ। ਕਿਸੇ ਨੂੰ ਕੋਈ ਭੁਲੇਖਾ ਨਹੀਂ ਸੀ, ਸ਼ੱਕ ਨਹੀਂ ਸੀ, 'ਬਾਬਾ' ਮਤਲਬ ਗੁਰੂ ਨਾਨਕ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਵੀ ਤੇ ਭਾਈ ਗੁਰਦਾਸ ਮੁਤਾਬਕ ਵੀ, ਪਰ ਅੱਜ ਇਕ ਭੁਲੇਖਾ ਪਾ ਦਿਤਾ ਗਿਐ। ਅੱਜ ਜੇ ਕੋਈ ਆਖੇ ਬਾਬਾ ਜੀ ਆਏ ਨੇ ਤਾਂ ਕਿਸੇ ਨੇ ਨਹੀਂ ਕਹਿਣਾ ਕਿ ਗੁਰੂ ਨਾਨਕ ਜੀ ਆਏ ਨੇ। ਸੱਭ ਪੁੱਛਣਗੇ ਕਿ ਕਿਹੜੇ ਬਾਬਾ ਜੀ ਆਏ ਨੇ ਕਿਉਂਕਿ ਥਾਂ ਥਾਂ ਬਾਬੇ ਪੈਦਾ ਹੋ ਗਏ ਨੇ। ਅਪਣੇ ਨਾਂ ਦੇ ਅੱਗੇ ਬਾਬਾ ਲਿਖ ਕੇ ਅਗਲਾ ਗੁਰੂ ਨਾਨਕ ਬਣ ਕੇ ਅਪਣੇ ਆਪ ਨੂੰ ਮੱਥੇ ਟਿਕਾਣੇ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਬਾਬੇ ਦਾ ਮਤਲਬ ਗੁਰੂ ਨਾਨਕ ਤੇ, ਅਸੀਂ ਵੀ ਜਾਣੇ-ਅਣਜਾਣੇ ਹਰ ਇਕ ਨੂੰ ਗੁਰੂ ਨਾਨਕ ਬਣਾਈ ਜਾ ਰਹੇ ਹਾਂ ਕਿਉਂਕਿ ਜਿਸ ਨੂੰ ਇਕ ਵਾਰ 'ਬਾਬਾ' ਆਖ ਦਿਤਾ ਸਮਝੋ ਗੁਰੂ ਨਾਨਕ ਆਖ ਦਿਤਾ ਤੇ ਅਗਲਾ ਫਿਰ ਗੁਰੂ ਨਾਨਕ ਬਣ ਬੈਠਦਾ ਹੈ।
ਸਿੱਖੀ ਵਿਚ ਸੱਭ ਤੋਂ ਵੱਡਾ ਸਤਿਕਾਰ ਯੋਗ ਸ਼ਬਦ ਜੋ ਹੈ ਉਹ ਹੈ 'ਭਾਈ' ਗੁਰੂ ਨਾਨਕ ਸਾਹਿਬ ਨੇ ਸੱਭ ਤੋਂ ਪਹਿਲਾ ਜਿਸ ਨੂੰ ਅਪਣਾ ਸਾਥੀ ਬਣਾਇਆ ਉਸ ਨੂੰ ਅਪਣਾ ਭਾਈ ਬਣਾਇਆ ਭਾਈ ਮਰਦਾਨਾ। ਮਰਦਾਨਿਆ ਤੂੰ ਮੇਰਾ ਭਾਈ ਹੈ। ਗੁਰੂ ਸਾਹਿਬ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਕ ਜਿੰਨੇ ਵੀ ਸਿੰਘ ਹੋਏ ਸੱਭ ਦੇ ਨਾਂ ਨਾਲ 'ਭਾਈ' ਲਿਖਿਆ ਹੋਇਆ ਮਿਲਦਾ ਹੈ। ਕੋਈ ਸੰਤ ਬਾਬਾ ਉਦੋਂ ਤਕ ਪੈਦਾ ਨਹੀਂ ਸੀ ਹੋਇਆ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਬਚਿੱਤਰ ਸਿੰਘ, ਭਾਈ ਮਹਾਂ ਸਿੰਘ, ਭਾਈ ਸੰਗਤ ਸਿੰਘ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਦਿੱਤ ਸਿੰਘ ਵਗੈਰਾ-ਵਗੈਰਾ। ਅੱਜ ਵੀ ਕਿਸੇ ਨੂੰ ਸਤਿਕਾਰ ਨਾਲ ਬੁਲਾਉਣ ਸਮੇਂ ਆਖਿਆ ਜਾਂਦਾ ਹੈ ਭਾਈ ਸਾਹਿਬ ਭਾਈ ਫਲਾਣਾ ਸਿੰਘ ਜੀ। ਇਹ ਬਾਬੇ ਅੰਗਰੇਜ਼ਾਂ ਨੇ ਪੈਦਾ ਕੀਤੇ ਸਿੱਖ ਪੰਥ ਵਿਚ ਫੁੱਟ ਪਾਉਣ ਵਾਸਤੇ। ਇਨ੍ਹਾਂ ਬਾਬਿਆਂ ਨੇ ਹੀ ਕੱਚੀਆਂ ਧਾਰਨਾ ਪੜ੍ਹ ਕੇ ਲੋਕਾਂ ਨੂੰ ਗੁਰਬਾਣੀ ਨਾਲੋਂ ਤੋੜਿਆ ਤੇ ਅਪਣਿਆਂ ਡੇਰਿਆਂ ਨਾਲ ਜੋੜਿਆ। ਕਹਿੰਦੇ ਨੇ ਕਿਸੇ ਕੌਮ ਨੂੰ ਖ਼ਤਮ-ਕਰਨਾ ਹੋਵੇ ਤਾਂ ਉਸ ਦਾ ਇਤਿਹਾਸ ਵਿਗਾੜ ਦੇਵੋ। ਸਾਡੇ ਸੂਰਬੀਰ ਯੋਧਿਆਂ ਦੇ ਨਾਂ ਨਾਲ 'ਭਾਈ' ਸ਼ਬਦ ਦੀ ਬਜਾਏ 'ਬਾਬਾ' ਲਿਖ ਕੇ ਇਕ ਭੁਲੇਖਾ ਪਾਇਆ ਜਾ ਰਿਹਾ ਹੈ ਕਿ ਇਹ ਸੱਭ ਗੁਰੂ ਸਾਹਿਬ ਦੇ ਨਾਲ ਮੈਦਾਨੇ ਜੰਗ ਵਿਚ ਜੂਝਣ ਵਾਲੇ ਨਹੀਂ ਸਨ ਬਲਕਿ ਭੋਰਿਆਂ ਵਿਚ ਬੈਠ ਕੇ ਮਾਲਾ ਫੇਰਨ ਵਾਲੇ ਸਨ। ਸੋ ਆਉ, ਇਸ ਹਕੀਕਤ ਨੂੰ ਸਮਝੀਏ। ਨਾ ਕਿਸੇ ਨੂੰ ਬਾਬਾ ਕਹੀਏ, ਨਾ ਕਿਸੇ ਤੋਂ ਬਾਬਾ ਕੁਹਾਈਏ, ਆਪਸ ਵਿਚ 'ਭਾਈ' ਬਣੀਏ, ਇਕ ਦੂਜੇ ਨੂੰ ਸੰਬੋਧਨ ਕਰਨ ਵੇਲੇ ਵੀ 'ਭਾਈ ਸਾਹਿਬ' ਕਹਿ ਕੇ ਹੀ ਬੁਲਾਈਏ ਕਿਉਂਕਿ ਸਿੱਖੀ ਵਿਚ ਸੱਭ ਤੋਂ ਵੱਡਾ ਸਤਿਕਾਰ ਏਹੀ ਹੈ।
ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਇਸ ਗੱਲ ਦੀ ਜ਼ਿੰਦਾ ਮਿਸਾਲ ਨੇ। ਪਹਿਲਾਂ ਉਹ ਅਪਣੇ ਨਾ ਦੇ ਨਾਲ ਸੰਤ ਬਾਬਾ ਲਿਖਦੇ ਸਨ ਪਰ ਜਦ ਉਨ੍ਹਾਂ ਨੂੰ ਗੁਰਮਤਿ ਦੀ ਸਮਝ ਆਈ ਤਾਂ ਉਨ੍ਹਾਂ ਅਪਣੇ ਨਾਂ ਨਾਲੋਂ ਸੰਤ ਬਾਬਾ ਹਟਾ ਕੇ ਭਾਈ ਲਿਖਣਾ ਸ਼ੁਰੂ ਕਰ ਦਿਤਾ ਤੇ ਸਾਨੂੰ ਵੀ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ।
ਰਣਬੀਰ ਸਿੰਘ ਸੰਪਰਕ : 94633-86747

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement