ਸਾਕਾ ਸ੍ਰੀ ਨਨਕਾਣਾ ਸਾਹਿਬ ਬਨਾਮ ਸਾਡੇ ਜ਼ਖ਼ਮਾਂ 'ਤੇ ਲੂਣ ਛਿੜਕਦੇ ਮੌਜੂਦਾ ਹਾਕਮ
Published : Apr 14, 2021, 3:16 pm IST
Updated : Apr 14, 2021, 3:41 pm IST
SHARE ARTICLE
 Nankana Sahib
Nankana Sahib

ਕਿਸਮਤ ਨੂੰ ਕੁੱਝ ਹੋਰ ਮਨਜ਼ੂਰ ਸੀ ਸੋ ਬੇਟੀ ਦੀ ਗੰਭੀਰ ਬਿਮਾਰੀ ਕਾਰਨ ਉਸੇ ਵਕਤ ਆਸਟਰੇਲੀਆ ਜਾਣਾ ਪਿਆ, ਚਿਰਾਂ ਤੋਂ ਸਾਂਭ ਰੱਖੀ ਸੱਧਰ ਪੂਰੀ ਨਾ ਹੋ ਸਕੀ।

‘‘ਸ਼ਹੀਦੀ ਬੀੜ ਦੇ 96 ਪੰਨੇ ਭਾਈ ਲਛਮਣ ਸਿੰਘ ਦੇ ਖ਼ੂਨ ਨਾਲ ਰੰਗੇ ਹੋਏ ਸਨ ਤੇ 9 ਗੋਲੀਆਂ ਇਸ ਪਵਿੱਤਰ ਬੀੜ ਵਿਚ ਲਗੀਆਂ ਹੋਈਆਂ ਸਨ। ਪਹਿਲੀ ਗੋਲੀ ਭਾਈ ਲਛਮਣ ਸਿੰਘ ਨੂੰ ਵਿੰਨ੍ਹਦੀ, ਫਿਰ ਗੁਰੂ ਗ੍ਰੰਥ ਸਾਹਿਬ ਨੂੰ ਚੀਰਦੀ ਨਿਕਲੀ ਤਾਂ ਪੰਨਾ 1319 ਨੂੰ ਲਗਦੀ ਹੋਈ 1430 ਪੰਨਾ ਤੋਂ ਚੋਲਾ ਸਾਹਿਬ ਨੂੰ ਚੀਰ ਬਾਹਰ ਨਿਕਲ ਗਈ।’’ ਪ੍ਰਿੰ. ਸਤਬੀਰ ਸਿੰਘ ਦੇ ਇਸ ਕਥਨ ਉਪਰੰਤ, ਮੇਰੀ ਪੀੜ੍ਹੀ ਦੇ ਲੋਕਾਂ ਨੂੰ ਵੀ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਏ ਇਸ ਕਤਲੇਆਮ ਦੀ ਸੱਚਾਈ ਬਾਰੇ ਕੋਈ ਖ਼ਦਸ਼ਾ ਬਾਕੀ ਨਹੀਂ ਬਚਦਾ। ਇਹੀ ਨਹੀਂ ਪ੍ਰੋ. ਸਾਹਬ ਸਿੰਘ ਨੇ ਵੀ ਭਾਈ ਹੀਰਾ ਸਿੰਘ ਰਾਗੀ ਦੀ ਸੰਗਤ ਵਿਚ ਇਸ ਮੁਕੱਦਸ ਬੀੜ ਵਿਚ ਵੱਜੀਆਂ ਗੋਲੀਆਂ ਅੱਖੀਂ ਤਕ ਕੇ ਜ਼ਾਰ-ਜ਼ਾਰ ਅੱਥਰੂ ਵਹਾਏ ਸੀ।

Nankana SahibNankana Sahib

ਇੰਜ ਹਰ ਗੁਰੂ ਨਾਨਕ ਨਾਮ ਲੇਵਾ ਬੰਦੇ ਦੇ ਮਨ-ਮਸਤਕ, ਚੇਤਨਾ ਤੇ ਚੇਤਿਆਂ ਵਿਚ ਵਸਦਾ ਸ੍ਰੀ ਨਨਕਾਣਾ ਸਾਹਿਬ ਬਹੁਤ ਵਿਸ਼ੇਸ਼, ਸਤਿਕਾਰਤ, ਸਰਬਕਾਲੀ ਤੇ ਅਹਿਮ ਸਥੱਲ ਹੈ, ਉਵੇਂ ਜਿਵੇਂ ਈਸਾਈਆਂ ਲਈ ਵੈਟੀਕਨ ਤੇ ਮੁਸਲਮਾਨਾਂ ਲਈ ਮੱਕਾ। ਦੋ ਵੇਲੇ ਦੀ ਸਾਡੀ ਅਰਦਾਸ ਵਿਚ ਉਸ ਲਈ ਉਦਰੇਵਾਂ, ਤੜਪ, ਵੇਦਨਾ, ਲਗਾਉ ਤੇ ਖਿੱਚ ਪੂਰੀ ਸ਼ਿੱਦਤ ਨਾਲ ਬਰਕਰਾਰ ਹੈ। ਅਪਣੇ ਵਡੇਰਿਆਂ, ਮਾਪਿਆਂ ਤੇ ਸਕੇ ਸਬੰਧੀਆਂ ਤੋਂ ਉਥੋਂ ਦੀਆਂ ਰੰਗਲੀਆਂ, ਸੁਹਾਵਣੀਆਂ, ਵੰਨ ਸੁਵੰਨੀਆਂ ਤੇ ਜ਼ਿੰਦਾਦਿਲੀ ਭਰੀਆਂ ਗਾਥਾਵਾਂ ਸੁਣ-ਸੁਣ ਕੇ ਮਨ ਤੜਪ-ਤੜਪ ਕੇ ਉਸ ਨੂੰ ਚਿਤਵਦਾ ਤੇ ਦਰਸ਼ਨਾਂ ਲਈ ਬਿਹਬਲ ਹੁੰਦਾ ਰਿਹਾ ਹੈ ਤੇ ਜਦੋਂ 550ਵੇਂ ਪ੍ਰਕਾਸ਼ ਪੁਰਬ ਉਤੇ ਇਕ ਮੌਕਾ ਅਚਾਨਕ ਹੱਥ ਲੱਗਾ ਤਾਂ ਤੀਰਥ ਯਾਤਰਾਵਾਂ ਵਿਚ ਆਸਥਾ ਨਾ ਰੱਖਣ ਦੇ ਬਾਵਜੂਦ ਦਾਸਰੀ ਅਪਣੀ ਸੰਸਥਾ ਮਾਈ ਭਾਗੋ ਬ੍ਰਿਗੇਡ ਦੇ ਦਰਜਨਾਂ ਮੈਂਬਰਾਂ ਨਾਲ ਸ੍ਰੀ ਨਨਕਾਣਾ ਸਾਹਿਬ ਜਾਣ ਲਈ ਤਿਆਰ ਹੋ ਗਈ।

Nankana Sahib Railway StationNankana Sahib 

ਕਿਸਮਤ ਨੂੰ ਕੁੱਝ ਹੋਰ ਮਨਜ਼ੂਰ ਸੀ ਸੋ ਬੇਟੀ ਦੀ ਗੰਭੀਰ ਬਿਮਾਰੀ ਕਾਰਨ ਉਸੇ ਵਕਤ ਆਸਟਰੇਲੀਆ ਜਾਣਾ ਪਿਆ, ਚਿਰਾਂ ਤੋਂ ਸਾਂਭ ਰੱਖੀ ਸੱਧਰ ਪੂਰੀ ਨਾ ਹੋ ਸਕੀ। ਨਾ ਜਾ ਸਕਣ ਦਾ ਵਿਗੋਚਾ ਦਰਦ, ਟੀਸ ਤੇ ਕੜਵੱਲ ਅੱਜ ਤਕ ਉਸੇ ਤਰ੍ਹਾਂ ਕਾਇਮ ਹਨ। 20 ਫ਼ਰਵਰੀ 1921 ਨੂੰ, ਜਨਮ ਅਸਥਾਨ ਬਾਬਾ ਨਾਨਕ ਜੀ ਵਿਖੇ ਵਾਪਰੇ ਲੂੰ-ਕੰਡੇ ਖੜੇ ਕਰਨ ਵਾਲੇ ਵਾਕਿਆਤ ਨੂੰ ਚਿਤਵਦਿਆਂ ਮਨ ਡਾਹਢਾ ਉਦਾਸ ਹੋ ਉਠਦਾ ਹੈ। ਭਾਵੇਂ ਮੇਰੀ ਪੀੜ੍ਹੀ ਨੇ ਇਹ ਖ਼ੌਫ਼ਨਾਕ ਤੇ ਦੁਖਦਾਈ ਦ੍ਰਿਸ਼ ਅਪਣੇ ਅੱਖੀਂ ਨਹੀਂ ਸੀ ਤਕਿਆ ਪਰ ਸ਼ਤਾਬਦੀ ਪ੍ਰਸੰਗ ਵਿਚ ਛਪੀਆਂ ਪੁਰਾਤਨ ਤਸਵੀਰਾਂ, ਸ਼ਹੀਦੀ ਬਬਾਣ ਦੀਆਂ ਫੋਟੋਆਂ ਤੇ ਵਿਰਲਾਪ ਕਰਦੀਆਂ ਸੰਗਤਾਂ ਦੇ ਦਰਸ਼ਨ ਮਨ ਦਾ ਅਮਨ ਚੈਨ ਖੋਹ ਕੇ ਲੈ ਗਏ। ਗੁਰੂ ਦੀਆਂ ਸੰਗਤਾਂ ਲਈ ਪਵਿੱਤਰ ਧਰਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਅੰਦਰ ਸ਼ਹੀਦੀ ਬਬਾਣ ਦੁਆਲੇ ਖੜੀਆਂ ਅਣਗਿਣਤ ਸੰਗਤਾਂ ਜਿਸ ਬੇਬਸੀ, ਬੇਹਾਲੀ ਤੇ ਬਿਹਬਲਤਾ ਦਾ ਪ੍ਰਗਟਾਵਾ ਕਰਦੀਆਂ ਦਿਸੀਆਂ, ਉਹ ਦ੍ਰਿਸ਼ ਬਰਦਾਸ਼ਤ ਤੋਂ ਬਾਹਰ ਹੋ ਨਿਬੜਿਆ।

ਸੈਂਕੜੇ ਸ਼ਹੀਦਾਂ ਦੇ ਅੱਧ ਜਲੇ ਮਾਸ ਦੇ ਲੋਥੜੇ, ਦੂਰ ਦੁਰਾਡੇ ਟੁੱਟ ਕੇ ਡਿੱਗੇ ਅੰਗ, ਰਾਖ ਮਿੱਝ, ਸੱਭ ਦੇ ਸੱਭ ਸ਼ਹੀਦੀ ਅੰਗੀਠੇ ਵਿਚ ਪਏ ਵੇਖ ਸੌ ਸਾਲ ਪਹਿਲਾਂ ਜਿੰਨੀ ਤਕਲੀਫ਼ ਉਨ੍ਹਾਂ ਸੰਗਤਾਂ ਨੂੰ ਹੋਈ ਹੋਵੇਗੀ, ਉਸ ਤੋਂ ਵੀ ਕਿਤੇ ਵੱਧ ਦਾਸਰੀ ਨੂੰ ਹੁਣ ਹੋਈ ਕਿਉਂਕਿ ਸਾਡੀ ਮੌਜੂਦਾ ਸਰਕਾਰ ਦੀ ਬੇਰੁਖੀ, ਅਣਗੌਲਣਾ ਤੇ ਬੇਕਦਰੀ ਉਸ ਸਮੇਂ ਦੀਆਂ ਦੁਸ਼ਮਣ ਤਾਕਤਾਂ ਤੋਂ ਵੀ ਵੱਧ ਸੀ ਜਿਸ ਨੇ ਕੋਰੋਨਾ ਦੇ ਬਹਾਨੇ, ਸ਼ਰਧਾ ਤੇ ਸਤਿਕਾਰ ਭੇਟ ਕਰਨ ਜਾ ਰਹੀ ਸੰਗਤ ਨੂੰ ਐਨ ਮੌਕੇ ਉਤੇ ਰੋਕ ਕੇ ਇਹ ਦਰਸਾ ਦਿਤਾ ਕਿ 9ਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਰਕਾਰੀ ਤੌਰ ਉਤੇ ਮਨਾਉਣ ਦੇ ਐਲਾਨਨਾਮੇ ਮਹਿਜ਼ ਪਾਖੰਡ, ਵਿਖਾਵਾ ਹੈ। ਜਿਨ੍ਹਾਂ ਨੇ ਅਪਣਾ ਆਪਾ ਵਾਰ ਕੇ ਡੁਬਦੇ ਹਿੰਦ ਨੂੰ ਬਚਾਇਆ ਸੀ। ਇੰਜ, ਸੱਚ ਦੇ ਸੂਰਜ, ਮਨੁੱਖਤਾ ਦੇ ਰਾਖੇ, ਜੱਗ ਦੇ ਤਾਰਨਹਾਰੇ ਸਤਿਗੁਰੂ ਦੀ ਪਰਮਪੂਜ ਭੋਇੰ ਜਿਸ ਉਤੇ ਅੱਲਾਹ ਦੇ ਆਸ਼ਕਾਂ, ਰਾਇ ਬੁਲਾਰ ਤੇ ਭਾਈ ਮਰਦਾਨਾ ਜੀ ਨੇ ਜਨਮ ਲਿਆ, ਵਿਖੇ ਵਾਪਰੇ ਅਣਮਨੁੱਖੀ ਕਾਂਡ ਦੀ ਗੂੰਜ ਪੂਰੀ ਸ਼ਤਾਬਦੀ ਬੀਤ ਜਾਣ ਉਪਰੰਤ ਵੀ ਉਸੇ ਤਰ੍ਹਾਂ ਕਾਇਮ ਹੈ।

Nankana SahibNankana Sahib

ਅਪਣੇ ਸ਼ਾਨਾਂਮੱਤੇ, ਗ਼ੌਰਵਮਈ, ਲਾਸਾਨੀ, ਬੇਜੋੜ ਤੇ ਨਾਯਾਬ ਇਤਿਹਾਸ ਉਤੇ ਨਜ਼ਰਸਾਨੀ ਕਰਦਿਆਂ ਪਤਾ ਲੱਗਾ ਕਿ ਜਗਤਾਰਕ ਬਾਬਾ ਨਾਨਕ ਨੇ ਖ਼ੁਦ ਧਰਮਸਾਲ ਦੀ ਸਥਾਪਨਾ ਕੀਤੀ ਸੀ ਜਿਹੜੀ ਮਗ਼ਰਲੇ ਸਮੇਂ ਵਿਚ ਹਰ ਪ੍ਰਕਾਰੀ ਧਾਰਮਕ, ਸਮਾਜਕ, ਸਭਿਆਚਾਰਕ ਤੇ ਰਾਜਨੀਤਕ ਜੀਵਨ ਦਾ ਧੁਰਾ ਬਣਦੀ ਚਲੀ ਗਈ। ਗ਼ਰੀਬ ਗ਼ੁਰਬੇ ਤੇ ਲੋੜਵੰਦਾਂ ਦੀ ਮਦਦ ਅਤੇ ਸੰਗਤ ਪੰਗਤ ਦਾ ਸਿਧਾਂਤ ਪਰਿਪੱਕ ਹੋਣ ਲੱਗਾ। ਆਰੰਭ ਵਿਚ ਸਤਿਗੁਰਾਂ ਦੀ ਨੇਕ ਸਿਖਿਆ ਅਨੁਸਾਰ, ਧਰਮਸਾਲ ਦੇ ਮੁਖੀਏ, ਚੜ੍ਹਤ ਚੜ੍ਹਾਵੇ ਨੂੰ ਅਪਣੀ ਨਿਜੀ ਜਾਇਦਾਦ ਨਹੀਂ ਸਨ ਸਮਝਦੇ ਪਰ ਹੌਲੀ-ਹੌਲੀ ਇਹ ਵਰਤਾਰਾ ਨਿਜੀ ਹੋਣ ਲੱਗਾ ਜਦੋਂ 18ਵੀਂ ਸਦੀ ਵਿਚ ਸਿੱਖਾਂ ਦਾ ਪੱਤਾ-ਪੱਤਾ ਵੈਰੀ ਹੋ ਗਿਆ। ਉਦੋਂ ਉਹ ਜਾਂ ਤਾਂ ਜੰਗਲਾਂ ਪਹਾੜਾਂ ਵਲ ਨਿਕਲ ਤੁਰੇ ਜਾਂ ਫਿਰ ਉਜਾੜਾਂ-ਛੰਭਾਂ ਵਿਚ ਜਾ ਲੁਕੇ। ਸਾਰੇ ਇਤਿਹਾਸਕ ਗੁਰਦਵਾਰਿਆਂ ਦੀ ਸਾਂਭ ਸੰਭਾਲ ਮਹੰਤਾਂ ਕੋਲ ਆ ਗਈ ਜਿਹੜੇ ਸਿੱਖ ਧਰਮ ਦੇ ਵਿਸ਼ਵਾਸੀ ਤਾਂ ਸਨ ਪਰ ਸਿੱਖੀ ਸਰੂਪ ਤੋਂ ਰਹਿਤ।

1921 ਦੀ ਫ਼ਰਵਰੀ ਵਿਚ ਮਹੰਤ ਨਾਰਾਇਣ ਦਾਸ ਨੇ ਬਦਇਖਲਾਕੀ, ਦੁਸ਼ਟਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ। ਮਹੰਤਗਿਰੀ ਦਾ ਭਾਵ ਵਿਲਾਸਤਾ, ਕੁਕਰਮ, ਆਚਰਨਹੀਣ ਤੇ ਵਾਅਦਾ ਖਿਲਾਫ਼ੀ ਹੁੰਦਾ ਚਲੇ ਗਿਆ ਕਿਉਂਕਿ ਕੀ ਸਾਧੂ ਰਾਮ, ਕੀ ਕਿਸ਼ਨ ਦਾਸ ਤੇ ਮੁੜ ਨਾਰਾਇਣ ਦਾਸ ਸੱਭ ਦੇ ਸੱਭ ਮਹੰਤ ਸ਼ਰਾਬੀ, ਜੁਆਰੀਏ ਤੇ ਗੁੰਡੇ ਸਨ-ਸੰਗਤ ਦੇ ਦਿਲ ਲੂਹਣ ਵਾਲੇ, ਸੱਭ ਦਾ ਖ਼ੂਨ ਗਰਮਾ ਦੇਣ ਵਾਲੇ। ਮਹੰਤ ਦੇ ਚੇਲਿਆਂ ਵਲੋਂ ਪਹਿਲਾਂ 1917 ਵਿਚ ਕਿਸੇ ਸਿੰਧੀ ਅਫ਼ਸਰ ਦੀ ਨਾਬਾਲਗ ਧੀ ਨਾਲ ਜ਼ਬਰਦਸਤੀ ਕੀਤੀ ਫਿਰ ਲਾਇਲਪੁਰੋਂ ਆਈਆਂ ਛੇ ਸੁਆਣੀਆਂ ਦੀ ਗੁਰਦਵਾਰਾ ਸਾਹਿਬ ਵਿਚ ਪੱਤ ਲੁੱਟੀ ਗਈ।  ਸ਼ਿਕਾਇਤ ਕਰਨ ਆਏ ਸਿੱਖ ਆਗੂਆਂ ਨੂੰ ਮਹੰਤ ਨਾਰਾਇਣ ਦਾਸ ਦਾ ਕੋਰਾ ਜਵਾਬ ਸੀ, ‘‘ਅਪਣੀਆਂ ਔਰਤਾਂ ਇਥੇ ਨਾ ਭੇਜਿਆ ਕਰੋ, ਗੁਰਦਵਾਰੇ ਸਾਡੀ ਨਿਜੀ ਮਲਕੀਅਤ ਹਨ।’’ ਸੋ, ਹਰ ਦਿਨ ਵੱਧ ਰਹੀ ਗੁੰਡਾਗਰਦੀ, ਬੁਰਛਾਗਰਦੀ ਤੇ ਹਨੇਰਗਰਦੀ ਨੂੰ ਵੇਖਦਿਆਂ, ਅਕਤੂਬਰ 1920 ਵਿਚ ਸ਼ੇਖ਼ੂਪੁਰਾ ਦੇ ਪਿੰਡ ਧਾਰੋਵਾਲੀ ਵਿਖੇ ਭਾਰੀ ਦੀਵਾਨ ਲੱਗਾ ਜਿਥੇ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰ ਰਹੀਆਂ ਮੰਦਭਾਗੀ ਘਟਨਾਵਾਂ ਉਤੇ ਬੇਹੱਦ ਚਿੰਤਾ ਜ਼ਾਹਰ ਕਰ ਕੇ ਗੁਰਮਤਾ ਪਾਸ ਕੀਤਾ ਗਿਆ। ਸਿਰ ਤੇ ਅੰਗਰੇਜ਼ਾਂ ਦਾ ਹੱਥ ਹੋਣ ਕਰ ਕੇ ਮਹੰਤ ਨੇ ਸੱਭ ਕੁੱਝ ਅਣਗੌਲਿਆਂ ਕਰ ਦਿਤਾ ਤੇ ਗੁਰਧਾਮ ਦੀ ਕਿਲੇ੍ਹਬੰਦੀ ਸ਼ੁਰੂ ਕਰ ਦਿੱਤੀ। 

Nankana SahibNankana Sahib

ਇੱਧਰ ਗੁਰਮਤੇ ਅਨੁਸਾਰ ਮਾਰਚ ਦੀ ਸਿੱਖ ਕਾਨਫ਼ਰੰਸ ਤੋਂ ਪਹਿਲਾਂ, ਮਹੰਤ ਨਾਲ ਦੋ-ਦੋ ਹੱਥ ਕਰਨ ਦੀ ਪ੍ਰਵਾਨਗੀ ਸੀ।’ 23 ਜਨਵਰੀ ਤੋਂ 6 ਫ਼ਰਵਰੀ ਤਕ, ਸ਼੍ਰੋਮਣੀ ਕਮੇਟੀ ਦੇ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਜਿਥੇ ਸ੍ਰੀ ਨਨਕਾਣਾ ਸਾਹਿਬ ਸਬੰਧੀ ਉਚੇਚੀ ਵਿਚਾਰ-ਚਰਚਾ ਕੀਤੀ ਗਈ।  ਫ਼ੈਸਲਾ ਹੋਇਆ ਕਿ ਤਰਨਤਾਰਨ ਦੇ ਗੁਰਦਵਾਰਾ ਸਾਹਿਬ ਨੂੰ ਮਹੰਤਾਂ ਦੇ ਚੁੰਗਲ ਵਿਚੋਂ ਆਜ਼ਾਦ ਕਰਵਾਉਣ ਵਾਲੇ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਕਰਤਾਰ ਸਿੰਘ ਝੱਬਰ ਤੇ ਸ੍ਰ. ਤੇਜਾ ਸਿੰਘ ਚੂਹੜਕਾਣਾ ਆਦਿ ਸਿੰਘਾਂ ਦੀ ਅਗਵਾਈ ਹੇਠ ਅਸਥਾਨ ਦਾ ਕਬਜ਼ਾ ਉਸ ਵੇਲੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇ, ਜਦੋਂ ਮਹੰਤ ਲਾਹੌਰ ਦੀ ਸਨਾਤਨੀ ਕਾਨਫ਼ਰੰਸ ਲਈ ਗਿਆ ਹੋਇਆ ਹੋਵੇ। 20 ਫ਼ਰਵਰੀ ਨੂੰ ਇਥੇ ਪਹੁੰਚਣ ਲਈ ਫ਼ੈਸਲਾ ਹੋਇਆ, ਪ੍ਰੰਤੂ ਮੱਕਾਰ ਮਹੰਤ ਨੇ ਪਹਿਲਾਂ ਹੀ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦਾ ਰਾਹ ਸੁਝਾਇਆ। ਮਗਰੋਂ ਸਮਾਂ ਨਿਯਤ ਕਰ ਕੇ ਵੀ ਨਾ ਪੁੱਜਾ। ਬਾਕੀ ਆਗੂਆਂ ਨੇ ਟਕਰਾਅ ਪਿੱਛੇ ਪਾਉਣ ਦੀ ਸਹਿਮਤੀ ਬਣਾਈ ਪਰੰਤੂ ਸੁਨੇਹਾ ਪਹੁੰਚਣ ਤਕ ਭਾਈ ਲਛਮਣ ਸਿੰਘ ਜੀ ਮਰਨ ਮਿਟਣ ਦਾ ਅਰਦਾਸਾ ਸੋਧ ਚੁੱਕੇ ਸਨ। 19 ਫ਼ਰਵਰੀ ਨੂੰ ਧਾਰੋਵਾਲੀ ਤੋਂ ਤਕਰੀਬਨ ਦੋ ਸੌ ਸਿੰਘਾਂ ਦਾ ਜਥਾ ਲੈ ਕੇ 20 ਫ਼ਰਵਰੀ ਨੂੰ ਸ੍ਰੀ ਨਨਕਾਣਾ ਸਾਹਿਬ ਪੁੱਜੇ ਭਾਈ ਲਛਮਣ ਸਿੰਘ ਆਖ਼ਰੀ ਦਰਸ਼ਨ ਕਰਦਿਆਂ ਨਿਹਾਲ ਨਿਹਾਲ ਹੋ ਗਏ ਤੇ ਮਹਾਰਾਜ ਜੀ ਦੀ ਤਾਬਿਆ ਜਾ ਬੈਠੇ। ਬਾਕੀ ਸਾਥੀਆਂ ਦੇ ਅੰਦਰ ਵੜਦਿਆਂ ਹੀ ਮਹੰਤ ਦੇ ਬਦਮਾਸ਼ਾਂ ਨੇ ਬਾਹਰਲੇ ਦਰਵਾਜ਼ੇ ਬੰਦ ਕਰ ਕੇ ਹਮਲਾ ਕਰ ਦਿਤਾ। ਇਸ ਤੋਂ ਪਹਿਲਾਂ ਕਿ ਸਿੰਘ ਸਮਝ ਸਕਦੇ ਛੱਤਾਂ ਤੋਂ ਗੋਲੀਬਾਰੀ, ਛਵ੍ਹੀਆਂ ਤੇ ਗੰਡਾਸਿਆਂ ਨਾਲ ਵੱਢ ਟੁੱਕ ਸ਼ੁਰੂ ਹੋ ਗਈ। ਗੁਰੂ ਪਿਆਰੇ ਕਿੱਧਰ ਲੁਕਣ।

Shri Nankana SahibShri Nankana Sahib

ਮੌਤ ਚਾਰੇ ਪਾਸੇ ਦਨਦਨਾ ਰਹੀ ਸੀ। ਮਹੰਤ ਦੇ ਖ਼ਰੀਦੇ ਗੁੰਡੇ ਸ਼ਰਾਬ ਦੇ ਨਸ਼ੇ ਵਿਚ ਚੂਰ ਵਾਹੋਦਾਹੀ ਹਮਲੇ ਕਰ ਰਹੇ ਸਨ। ਬੜੀ ਯੋਜਨਾਬੰਦੀ ਨਾਲ ਕਾਤਲਾਂ ਦੀ ਤੈਨਾਤੀ ਕੀਤੀ ਗਈ ਸੀ। ਗੱਲ ਕੀ, ਕੱੁਝ ਹੀ ਸਮੇਂ ਵਿਚ ਪੂਰੀ ਬੇਰਹਿਮੀ, ਬੇਹਯਾਈ ਤੇ ਨਿਰਦੈਤਾ ਨਾਲ ਸਾਰੇ ਜਥੇ ਨੂੰ ਖ਼ਤਮ ਕਰ ਦਿਤਾ ਗਿਆ, ਤਲਾਸ਼ੀ ਲੈ ਕੇ ਸੱਭ ਦਾ ਸਾਮਾਨ ਲੁੱਟ ਲਿਆ ਗਿਆ। ਬਾਅਦ ਵਿਚ ਪੇਸ਼ੀ ਮੌਕੇ ਮੁਲਜ਼ਮਾਂ ਨੇ ਦਸਿਆ ਸੀ ਕਿ ਬਹੁਤ ਸਾਰੇ ਤੜਪਦਿਆਂ ਤੇ ਸਹਿਕਦਿਆਂ ਨੂੰ ਵੀ ਬਲਦੀ ਅੱਗ ਵਿਚ ਸੁੱਟ ਸੁੱਟ ਕੇ ਸਾੜ ਦੇਣ ਦੀ ਕੋਸ਼ਿਸ਼ ਕੀਤੀ ਗਈ। ਸੜਦੇ ਹੋਏ ਢੇਰ ਤੋਂ ਬਾਹਰ ਵੀ ਮਰਜੀਵੜਿਆਂ ਦੇ ਅੰਗ, ਖੋਪੜੀਆਂ ਤੇ ਹੋਰ ਨਿਸ਼ਾਨੀਆਂ ਖਿਲਰੀਆਂ ਪਈਆਂ ਮਿਲੀਆਂ। ਤਾਬਿਆ ਵਿਚ ਜ਼ਖ਼ਮੀ ਹੋ ਚੁੱਕੇ ਭਾਈ ਲਛਮਣ ਸਿੰਘ ਨੂੰ ਬਾਹਰ ਲਿਜਾ ਕੇ ਜੰਡ ਨਾਲ ਬੰਨ੍ਹ ਕੇ ਅੱਗ ਲਗਾ ਦਿਤੀ। ਇੰਜ ਜਿਸ ਧਰਤੀ ਤੋਂ ਸੱਚ, ਹੱਕ, ਇਨਸਾਫ਼, ਆਖੰਡਤਾ, ਸਮਾਨਤਾ ਤੇ ਆਜ਼ਾਦੀ ਦਾ ਹੋਕਾ ਬੁਲੰਦ ਹੋਇਆ ਸੀ, ਉਸੇ ਧਰਤੀ ਉਤੇ ਗੁੰਡਾਗਰਦੀ, ਜ਼ੁਲਮ ਤੇ ਮਹੰਤਗਿਰੀ ਦਾ ਨੰਗਾ ਨਾਚ ਹੋਇਆ।

ਸੌ ਵਰ੍ਹੇ ਪੂਰਵਲੇ ਮਾਰੂ ਹਾਲਾਤ ਦੇ ਜ਼ਿਕਰ ਉਪਰੰਤ ਅਜੋਕੀ ਅਵਸਥਾ ਦੇ ਜ਼ਿਕਰ ਬਿਨਾਂ ਗੱਲ ਅਧੂਰੀ ਰਹੇਗੀ। ਜਿਥੇ ਸਰਕਾਰੇ ਦਰਬਾਰੇ ਸਾਡੇ ਗੁਰਧਾਮਾਂ ’ਤੇ ਗ਼ਲਤ ਫ਼ੈਸਲੇ ਲਏ ਜਾ ਰਹੇ ਹਨ, ਉਥੇ ਸਾਡੀ ਅਪਣੀ ਸ਼੍ਰੋਮਣੀ ਕਮੇਟੀ ਦਾ ਵਰਤਾਰਾ ਵੀ ਬੇਹੱਦ ਪੱਖਪਾਤੀ ਤੇ ਆਪਹੁਦਰਾ ਹੋ ਚੁੱਕਾ ਹੈ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਪੂਰੇ ਸਾਲ ਤੋਂ ਬੰਦ ਕੀਤਾ ਗਿਆ ਹੈ। ਕੋਰੋਨਾ ਦੀ ਮਾਰ ਤੋਂ ਮੰਦਰ ਤਾਂ ਮੁਕਤ ਕਰ ਦਿਤੇ ਗਏ ਪਰ ਗੁਰਦਵਾਰੇ ਨਹੀਂ। ਹਰਿਦੁਆਰ ਵਿਖੇ ਸਤਿਗੁਰੂ ਜੀ ਦੀ ਇਤਿਹਾਸਕ ਫੇਰੀ ਨਾਲ ਜੁੜਿਆ ਸਥਾਨ ਤੇ ਢਾਹ ਢੇਰੀ ਕੀਤਾ ਗੁਰਦਵਾਰਾ, ਜਗਨਨਾਥ ਪੁਰੀ ਦਾ ਮੰਗੂ ਮੱਠ, ਚੁੰਗ ਥਲ (ਅਰਨਾਚਲ ਪ੍ਰਦੇਸ) ਦੀ ਬਰਬਾਦੀ ਤੇ ਸਮੇਂ-ਸਮੇਂ ਮਥਰਾ ਤੇ ਮੱਧ ਪ੍ਰਦੇਸ ਵਿਚਲੇ ਗਈ ਗੁਰਦਵਾਰਿਆਂ ’ਤੇ ਹਕੂਮਤੀ ਮਾਰ ਸਮੇਂ ਸਾਡੀ ਮਾਣਮੱਤੀ ਅਖਵਾਉਂਦੀ ਸੰਸਥਾ ਨੇ ਕੀ ਫ਼ਰਜ਼ ਨਿਭਾਇਆ ਹੈ? ਪੁਰੇਵਾਲ ਦੇ ਅਸਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੁਆਉਣ ਪਿੱਛੇ ਇਹੋ ਬਦਨੀਅਤ ਤਾਕਤਾਂ ਹਨ? ਸੈਂਕੜੇ ਬੀੜਾਂ ਦੇ ਅਲੋਪ ਹੋਣ ਦੀ ਘਟਨਾ ਨੂੰ ਭਾਵੇਂ ਫਿਲਹਾਲ ਦਬਾ ਦਿਤਾ ਗਿਆ ਹੈ। ਕਹਿਣ ਦਾ ਭਾਵ ਧਰਮ ਉੱਪਰ ਸਿਆਸਤ ਦੇ ਦਬਦਬੇ ਨੇ ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸ਼ਾਨਾਂਮੱਤੇ ਇਤਿਹਾਸ ਨੂੰ ਵੀ ਦਾਗੋ ਦਾਗ਼ ਕਰ ਦਿਤਾ ਹੈ। 

(ਡਾ. ਕੁਲਵੰਤ ਕੌਰ
ਸੰਪਰਕ : 98156-20515)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement