Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (8 ਨਵੰਬਰ 2025)
Published : Nov 8, 2025, 6:26 am IST
Updated : Nov 8, 2025, 6:31 am IST
SHARE ARTICLE
photo
photo

Ajj da Hukamnama Sri Darbar Sahib: ਗੂਜਰੀ ਮਹਲਾ ੪ ਘਰੁ ੨

Ajj da Hukamnama Sri Darbar Sahib: ਗੂਜਰੀ ਮਹਲਾ ੪ ਘਰੁ ੨

ੴ ਸਤਿਗੁਰ ਪ੍ਰਸਾਦਿ ॥

ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥

ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥

ਮਨ ਰੇ ਹਰਿ ਕੀਰਤਿ ਤਰੁ ਤਾਰੀ ॥ ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥ ਰਹਾਉ ॥

ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥

ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥

ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥

ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥

ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥

ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥

ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥

ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥

ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥

ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥੬॥

ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥

ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥

ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥

ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥

ਸ਼ਨਿਚਰਵਾਰ, ੨੩ ਕੱਤਕ (ਸੰਮਤ ੫੫੭ ਨਾਨਕਸ਼ਾਹੀ)

(ਅੰਗ: ੫੦੬)

 

ਪੰਜਾਬੀ ਵਿਆਖਿਆ

ਹੇ ਭਾਈ! ਮੇਰੀ ਕਮਜ਼ੋਰ ਜਿੰਦ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਧੀਰਜ ਨਹੀਂ ਫੜ ਸਕਦੀ, ਜਿਵੇਂ ਛੋਟਾ ਬਾਲ ਦੁੱਧ ਦੇ ਸਹਾਰੇ ਹੀ ਰਹਿ ਸਕਦਾ ਹੈ । ਹੇ ਭਾਈ! ਉਹ ਪ੍ਰਭੂ, ਜੋ ਅਪਹੁੰਚ ਹੈ ਜਿਸ ਤਕ ਜੀਵ ਆਪਣੀ ਸਿਆਣਪ ਦੇ ਬਲ ਨਾਲ ਨਹੀਂ ਪਹੁੰਚ ਸਕਦਾ, ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ,ਇਸ ਵਾਸਤੇ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ।੧।ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਰਾਹੀਂ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦਾ ਜਤਨ ਕਰਿਆ ਕਰ!ਹੇ ਮਨ ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਗੁਰੂ ਦੀ ਸਰਨ ਪਿਆਂ ਮਿਲਦਾ ਹੈ। ਪਰ, ਹੇ ਪ੍ਰਭੂ! ਤੇਰਾ ਨਾਮ-ਜਲ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉਤੇ ਤੇਰੀ ਕਿਰਪਾ ਹੋਵੇ ।੧। ਰਹਾਉ। ਹੇ ਭਾਈ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਸਨਕ ਸਨੰਦਨ ਆਦਿਕ ਰਿਸ਼ੀ ਨਾਰਦ ਆਦਿਕ ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ ਰਹੇ ਹਨ ,ਹਰ ਵੇਲੇ ਪ੍ਰਭੂ ਦਾ ਨਾਮ ਹੀ ਜਪਦੇ ਰਹੇ ਹਨ । ਪ੍ਰਹਲਾਦ ਆਦਿਕ ਜੇਹੜੇ ਜੇਹੜੇ ਭਗਤ ਪਰਮਾਤਮਾ ਦੀ ਸਰਨ ਆਏ, ਪਰਮਾਤਮਾ ਉਹਨਾਂ ਦੀ ਇੱਜ਼ਤ ਬਚਾਂਦਾ ਰਿਹਾ ।੨।ਹੇ ਭਾਈ! ਸਾਰੇ ਜਗਤ ਵਿਚ ਇਕ ਅਦ੍ਰਿਸ਼ਟ ਤੇ ਨਿਰਲੇਪ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੇ ਸੰਸਾਰ ਵਿਚ ਪਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ ।

ਹੇ ਪ੍ਰਭੂ ! ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ । ਸਾਰੇ ਜੀਵ ਤੇਰੇ ਦਰ ਤੇ ਮੰਗਤੇ ਹਨ ਤੇਰੇ ਅੱਗੇ ਹੱਥ ਖਿਲਾਰ ਕੇ ਮੰਗ ਰਹੇ ਹਨ ।੩।ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬਚਨ ਅਮੋਲਕ ਹੋ ਜਾਂਦੇ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ ਸਿਫ਼ਤਿ ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ ।੪।ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ ਦੇ ਪ੍ਰਭਾਵ ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ ਹਨੇਰਾ ਪਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਸੰਤ ਜਨਾਂ ਦੀ ਕੀਤੀ ਹੋਈ ਪਰਮਾਤਮਾ ਦੀ ਸਿਫਤਿ ਸਾਲਾਹ ਦੀ ਗੱਲ ਨਹੀਂ ਸੁਖਾਂਦੀ ਇਸ ਵਾਸਤੇ ਉਹ ਆਪਣੇ ਪਰਵਾਰ ਸਮੇਤ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ ।੫।ਹੇ ਭਾਈ! ਨਿੰਦਾ ਕਰਨ ਵਾਲਾ ਮਨੁੱਖ ਦੂਜਿਆਂ ਦੀ ਨਿੰਦਾ ਕਰ ਕਰ ਕੇ ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ ।

ਹੇ ਭਾਈ! ਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ ਉਹ ਇਸ ਨਿੰਦਾ ਦੇ ਸਮੂੰਦਰ ਵਿਚੋਂ ਨਾਂਹ ਉਰਲੇ ਪਾਸੇ ਆ ਸਕਦੇ ਹਨ, ਨਾਂਹ ਪਰਲੇ ਪਾਸੇ ਲੰਘ ਸਕਦੇ ਹਨ ।੬। ਪਰ ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ ? ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ । ਸਾਰੇ ਜਗਤ ਵਿਚ ਸਿਰਫ਼ ਪਰਮਾਤਮਾ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ ਖਿਚ ਲੈਂਦਾ ਹੈ ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ ਪਰਮਾਤਮਾ ਆਪ ਹੀ ਆਪ ਰਹਿ ਜਾਂਦਾ ਹੈ ।੭।ਹੇ ਭਾਈ! ਜੇਹੜੇ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤਿ ਪਾਰ ਲੰਘਣਾ ਚਾਹੁੰਦੇ ਹਨ ਉਹ ਸਦਾ ਹੀ ਬੜੇ ਪ੍ਰੇਮ ਪਿਆਰ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਨੂੰ ਚੱਖਦੀ ਰਹਿੰਦੀ ਹੈ । ਹੇ ਨਾਨਕ! ਆਖ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਮੰਗਦਾ ਮੈਂ ਇਹੀ ਚਾਹੁੰਦਾ ਹਾਂ ਕਿ ਪਰਮਾਤਮਾ ਦੇ ਨਾਮ ਰਸ ਦੀ ਪ੍ਰੀਤਿ ਪਿਆਰੀ ਲੱਗਦੀ ਰਹੇ ।੮।੧।੭।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement