
,ਪ੍ਰਸਿੱਧ ਪ੍ਰਚਾਰਕ ਭਾਈ ਅਮਰੀਕ ਸਿੰਘ 'ਤੇ ਸਾਊਥਹਾਲ, ਇੰਗਲੈਂਡ ਦੇ ਗੁਰਦਵਾਰੇ ਵਿਚ ਹੋਏ ਹਮਲੇ ਪਿਛੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ...
ਨਵੀਂ ਦਿੱਲੀ,ਪ੍ਰਸਿੱਧ ਪ੍ਰਚਾਰਕ ਭਾਈ ਅਮਰੀਕ ਸਿੰਘ 'ਤੇ ਸਾਊਥਹਾਲ, ਇੰਗਲੈਂਡ ਦੇ ਗੁਰਦਵਾਰੇ ਵਿਚ ਹੋਏ ਹਮਲੇ ਪਿਛੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਬੇਨਤੀ ਕੀਤੀ ਹੈ ਕਿ ਭਾਈ ਅਮਰੀਕ ਸਿੰਘ 'ਤੇ ਹਮਲੇ ਬਾਰੇ ਉਨ੍ਹਾਂ ਨੂੰ ਚੁੱਪ ਨਹੀਂ ਬੈਠਣਾ ਚਾਹੀਦਾ, ਸਗੋਂ ਉਨ੍ਹਾਂ ਵਿਅਕਤੀਆਂ ਨੂੰ ਬੇਪਰਦ ਕਰਨਾ ਚਾਹੀਦਾ ਹੈ ਜਿਹੜੇ ਟਕਸਾਲ ਦਾ ਨਾਮ ਕਲੰਕਿਤ ਕਰ ਕੇ, ਸਿੱਖਾਂ ਵਿਚ ਭਰਾ ਮਾਰੂ ਜੰਗ ਲਈ ਪੱਬਾ ਭਾਰ ਹਨ।ਉਨ੍ਹਾਂ ਕਿਹਾ, “ਕਦੇ ਸਿੱਖ ਪੰਥ ਵਿਚ ਦਮਦਮੀ ਟਕਸਾਲ ਨੂੰ ਪੰਥ ਦੀ ਤੁਰਦੀ ਫਿਰਦੀ ਯੂਨੀਵਰਸਟੀ ਮੰਨਿਆ ਜਾਂਦਾ ਸੀ ਪਰ ਅਫ਼ਸੋਸ ਕਿ ਇਹ ਪ੍ਰਚਾਰਕ ਅਦਾਰਾ ਅੱਜ ਇਕ ਸਿਆਸੀ ਪਾਰਟੀ ਦਾ ਹਥਿਆਰ ਬਣ ਕੇ ਰਹਿ ਗਿਆ ਹੈ।''
Bhai Amrik Singh
ਸ.ਸਰਨਾ ਨੇ ਮੁੜ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ.ਗੋਬਿੰਦ ਸਿੰਘ ਲੌਂਗੋਵਾਲ ਨੂੰ ਬੇਨਤੀ ਕੀਤੀ ਕਿ ਉਹ ਇਸ ਨਾਜ਼ੁਕ ਮਾਮਲੇ ਵਿਚ ਪੰਥ ਨੂੰ ਅਗਵਾਈ ਦਿੰਦੇ ਹੋਏ ਬਿਨਾਂ ਦੇਰੀ ਪੂਰੇ ਮਾਮਲੇ ਦੀ ਸੰਜੀਦਗੀ ਨਾਲ ਪੜਤਾਲ ਕਰ ਕੇ, ਮਰਿਆਦਾ ਮੁਤਾਬਕ ਕਾਰਵਾਈ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਆਖ਼ਰ ਇਸ ਮਸਲੇ 'ਚ ਗਿਆਨੀ ਗੁਰਬਚਨ ਸਿੰਘ ਕਿਸ ਦੇ ਦਬਾਅ ਅਧੀਨ ਵਿਚਰ ਰਹੇ ਹਨ?