
ਮੈਡੀਕਲ ਤੇ ਤਕਨੀਕੀ ਸੰਸਥਾਨਾਂ 'ਚ ਵਿਦਿਆਰਥੀਆਂ ਦੀ ਕੀਤੀ ਜਾਂਦੀ ਮਦਦ..............
ਚੰਡੀਗੜ੍ਹ : ਸਿੱਖ ਧਰਮ ਤੇ ਸਿੱਖੀ ਸਿਧਾਂਤਾਂ 'ਤੇ ਸਥਾਪਤ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਪਿਛਲੇ 7 ਸਾਲਾਂ ਤੋਂ ਚਲਾਈ ਜਾ ਰਹੀ ਭਾਈ ਜੈਤਾ ਜੀ ਫ਼ਾਊਂਡੇਸ਼ਨ ਦੇ ਕਰਤਾ ਧਰਤਾ ਸ. ਹਰਪਾਲ ਸਿੰਘ ਸ਼ਿਕਾਗੋ ਅਤੇ ਪੀਜੀਆਈ ਦੇ ਸਾਬਕਾ ਡਾਇਰੈਕਟਰ ਸ. ਬੀ ਐਨ ਐਸ ਵਾਲੀਆ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਤੋਂ ਗ਼ਰੀਬ ਪਰ ਪੜ੍ਹਾਈ ਵਿਚ ਚੋਟੀ ਦੇ ਨੰਬਰ ਲੈਣ ਵਾਲੇ ਸੈਂਕੜੇ ਬੱਚਿਆਂ ਦੀ ਮਦਦ ਜਾਰੀ ਹੈ। ਸਾਰੇ ਧਰਮਾਂ ਨਾਲ ਜੁੜੇ ਇਨ੍ਹਾਂ ਹੋਣਹਾਰ ਮੁੰਡੇ ਕੁੜੀਆਂ ਨੂੰ ਪਹਿਲਾਂ 11ਵੀਂ ਤੇ 12ਵੀਂ ਜਮਾਤਾਂ 'ਚ ਦਾਖ਼ਲਾ ਦੁਆ ਕੇ ਯੋਗ ਅਧਿਆਪਕਾਂ ਤੇ ਮਾਹਰਾਂ ਰਾਹੀਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਵਧੀਆ ਨਤੀਜਿਆਂ ਲਈ ਪ੍ਰੇਰਿਤ ਕੀਤਾ ਜਾਂਦਾ ਹੈ
ਅਤੇ ਫਿਰ ਆਈ.ਆਈ.ਟੀ, ਨਿਟ, ਆਈ.ਆਈ.ਐਸ.ਈ.ਆਰ, ਇੰਜੀਨੀਅਰਿੰਗ ਅਤੇ ਮੈਡੀਕਲ, ਡੈਂਟਲ ਤੇ ਨਰਸਿੰਗ ਸਮੇਤ ਹੋਰ ਚੋਟੀ ਦੇ ਕੋਰਸਾਂ ਵਿਚ ਦਾਖ਼ਲਾ ਦੁਆਇਆ ਜਾਂਦਾ ਹੈ। ਸ.ਹਰਪਾਲ ਸਿੰਘ ਸ਼ਿਕਾਗੋ ਤੇ ਸ. ਵਾਲੀਆ ਨੇ ਮੀਡੀਆ ਨੂੰ ਦਸਿਆ ਕਿ ਕਿਵੇਂ ਅਨੁਸੂਚਿਤ ਜਾਤੀ ਤੇ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਦੀ ਇਕ ਲਿਖਤੀ ਤੇ ਜ਼ੁਬਾਨੀ ਪ੍ਰੀਖਿਆ ਰਾਹੀਂ ਚੋਣ ਕਰਕੇ, ਮਾਹਰਾਂ ਰਾਹੀਂ ਟ੍ਰੇਨਿੰਗ ਦੇ ਕੇ ਐਤਕੀਂ 22 ਬੱਚੇ ਰੁੜਕੀ, ਦਿੱਲੀ, ਰਾਇਪੁਰ, ਮੁਹਾਲੀ ਦੇ ਸਾਇੰਸ ਇੰਸਟੀਚਿਊਟ ਅਤੇ ਹੋਰ ਮੈਡੀਕਲ ਤੇ ਇੰਜੀਨੀਅਰਿੰਗ ਕਾਲਜਾਂ ਵਿਚ ਭੇਜੇ ਜਾ ਰਹੇ ਹਨ।
ਇਨ੍ਹਾਂ ਦੀ ਫ਼ੀਸ, ਹੋਸਟਲ, ਦਾਖ਼ਲਾ ਖ਼ਰਚਾ ਜੈਤਾ ਜੀ ਫ਼ਾਊਂਡੇਸ਼ਨ ਵਲੋਂ ਦਿਤਾ ਜਾਂਦਾ ਹੈ। ਫ਼ਾਊਂਡੇਸ਼ਨ ਨੂੰ ਟਰੱਸਟੀ ਚਲਾਉਂਦੇ ਹਨ ਜਿਨ੍ਹਾਂ ਲਈ ਸਹਿਯੋਗ ਨਿਸ਼ਕਾਮ ਸੇਵਾ, ਸਤਿਨਾਮ ਸਰਬ ਕਲਿਆਣ ਟਰੱਸਟ, ਇੰਟਰਨੈਸ਼ਨਲ ਸਿੱਖ ਕਨਫ਼ੈਡਰੇਸ਼ਨ, ਜੁਗਰਾਜ ਸਿੰਘ ਗਿੱਲ ਚੈਰੀਟੇਬਲ ਟਰੱਸਟ ਤੇ ਹੋਰ ਸੰਸਥਾਵਾਂ ਦੇ ਰਹੀਆਂ ਹਨ। ਜ਼ਿਆਦਾ ਹਿੱਸਾ ਲਗਭਗ 10 ਲੱਖ ਡਾਲਰ ਦਾ, ਸ. ਹਰਪਾਲ ਸਿੰਘ ਸ਼ਿਕਾਗੋ ਤੇ ਉਨ੍ਹਾਂ ਦੇ ਪਰਵਾਰ ਵਲੋਂ ਪਾਇਆ ਗਿਆ ਹੈ। ਉਨ੍ਹਾਂ ਦਸਿਆ ਕਿ 2016 'ਚ 31 ਵਿਦਿਆਰਥੀਆਂ ਨੂੰ ਫਾਊਂਡੇਸ਼ਨ ਨੇ ਮਦਦ ਕੀਤੀ ਜਿਨ੍ਹਾਂ ਵਿਚੋਂ 15 ਨੇ ਆਈ.ਆਈ.ਟੀ, ਆਈ.ਆਈ.ਐਸ.ਈ.ਆਰ, ਪੈੱਕ ਅਤੇ ਬਾਕੀਆਂ ਨੇ ਨਰਸਿੰਗ,
ਮੈਡੀਕਲ ਅਤੇ ਬੀ.ਐਸ.ਸੀ ਵਿਚ ਨਾਮਣਾ ਖੱਟਿਆ। 2017 'ਚ 33 ਬੱਚਿਆਂ ਵਿਚੋਂ ਤਿੰਨ ਨੇ ਆਈ.ਆਈ.ਟੀ, 14 ਨੇ ਪੈੱਕ ਇੰਜੀਨੀਅਰਿੰਗ 'ਤੇ ਨਿੱਟ ਵਿਚ ਦਾਖ਼ਲਾ ਲਿਆ। 9 ਨੂੰ ਮੇਡੀਕਲ ਕਾਲਜ ਤੇ 2 ਨੂੰ ਏਮਜ਼ ਦਿੱਲੀ ਪੜ੍ਹਾਈ ਕਰਨ ਭੇਜਿਆ। ਮੌਜੂਦਾ 35 ਬੱਚਿਆਂ ਵਿਚੋਂ 22 ਸਿੱਖ ਅਤੇ ਬਾਕੀ ਹਿੰਦੂ, ਮੁਸਲਿਮ ਤੇ ਈਸਾਈ ਪਰਵਾਰਾਂ ਦੇ ਹਨ ਜੋ 11ਵੀਂ ਤੇ 12ਵੀਂ ਵਿਚ, ਭਾਈ ਜੈਤਾ ਫ਼ਾਊਂਡੇਸ਼ਨ ਦੀ ਮਾਲੀ ਤੇ ਟ੍ਰੇਨਿੰਗ ਦੀ ਮਦਦ ਨਾਲ ਅੱਗੇ ਮੁਕਾਬਲਿਆਂ ਦੀ ਪ੍ਰੀਖਿਆਵਾਂ ਲਈ ਤਿਆਰੀ ਕਰਦੇ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਬਰਿਆੜ ਪਿੰਡ ਤੋਂ ਆਏ ਨਵਦੀਪ ਨੇ ਦਸਿਆ ਕਿ ਉਸ ਨੂੰ ਏਮਜ਼ ਦੇ ਰਾਏਪੁਰ ਕਾਲਜ਼ 'ਚ ਮੈਡੀਕਲ ਸੀਟ ਮਿਲੀ ਹੈ,
ਉਹ ਕੈਂਸਰ ਦੀ ਬਿਮਾਰੀ ਲਈ ਇਲਾਜ ਦਾ ਡਾਕਟਰ ਬਣਨਾ ਚਾਹੁੰਦਾ ਹੈ, ਕੁਝ ਸਾਲ ਪਹਿਲਾਂ ਉਸਦੇ ਮਾਤਾ-ਪਿਤਾ ਗੁਜ਼ਰ ਗਏ ਸਨ। ਮੋਰਿੰਡਾ 'ਚ ਰਹਿੰਦੇ ਇਕ ਗਰੀਬ ਵਰਕਰ ਦੀ ਲੜਕੀ ਸ਼ੈਲੀ ਕੰਬੋਜ ਨੂੰ ਮੈਡੀਕਲ ਕਾਲਜ ਫਰੀਦਕੋਟ 'ਚ ਸੀਟ ਮਿਲੀ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਤੋਂ 93.6 ਫੀ ਸਦੀ ਨੰਬਰਾਂ ਵਾਲੇ ਨਵਜੀਤ ਸਿੰਘ ਨੇ ਆਈ.ਆਈ.ਟੀ ਦੀ ਰੁੜਕੀ 'ਚ ਸੀਟ ਮਿਲਣ ਤੇ ਖਰਚਾ ਸਾਰਾ ਜੈਤਾ ਫਾਊਂਡੇਸ਼ਨ ਵਲੋਂ ਦੇਣ 'ਤੇ ਧੰਨਵਾਦ ਕੀਤਾ ਅਤੇ ਦਸਿਆ ਕਿ ਉਸਦਾ ਗਰੀਬ ਬਾਪ ਡੇਅਰੀ -ਦੁੱਧ ਦਾ ਕੰਮ ਕਰਦਾ ਹੈ। ਭਾਈ ਜੈਤਾ ਫਾਊਂਡੇਸ਼ਨ ਨਾਲ ਕਈ ਸਾਲਾਂ ਤੋਂ ਜੁੜੀ ਸ਼ਖ਼ਸੀਅਤ ਬੀਬੀ ਜਸਬੀਰ ਬਾਵਾ ਨੇ ਦਸਿਆ ਕਿ ਅਮਨਦੀਪ ਸਿੰਘ
ਇਥੋਂ ਹੀ ਟ੍ਰੇਨਿੰਗ ਅਤੇ ਮਦਦ ਲੈ ਕੇ ਜਰਮਨੀ 'ਚ ਅਗਲੇਰੀ ਸਾਇੰਸ, ਕੈਮਿਸਟਰੀ 'ਚ ਪੜ੍ਹਾਈ ਕਰ ਰਿਹਾ ਹੈ। ਜਲੰਧਰ ਨੇੜੇ ਪਿੰਡ ਜਮਸ਼ੇਰ ਤੋਂ ਆਈ.ਆਈ.ਟੀ. ਦਿੱਲੀ ਵਾਸਤੇ ਸਿਲੈਕਟ ਹੋਏ ਅਮਰਜੀਤ ਨੇ ਦਸਿਆ ਕਿ ਉਸ ਦਾ ਪਿਤਾ ਰੇਸ਼ਮ ਚੰਦ ਕਬਾੜੀ ਦਾ ਕੰਮ ਕਰਦਾ ਹੈ। ਬੱਚੇ-ਬੱਚੀਆਂ ਨੂੰ 11ਵੀਂ ਅਤੇ 12ਵੀਂ ਜਮਾਤ 'ਚ ਪੜ੍ਹਾਈ ਦੌਰਾਨ, ਹੋਸਟਲ 'ਚ ਰਹਿੰਦੇ ਸਮੇਂ,
ਧਰਮ ਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਸਮਝਾਉਣ ਜਾਂ ਪਾਠ-ਪੂਜਾ 'ਚ ਲਾਉਣ ਸਬੰਧੀ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ 88 ਸਾਲਾ ਸ.ਹਰਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਫਾਊਂਡੇਸ਼ਨ ਦਾ ਮੁੱਖ ਮੰਤਵ ਪੰਜਾਬ ਦੇ ਪੇਂਡੂ ਖੇਤਰਾਂ 'ਚ ਗ਼ਰੀਬ ਮਾਂ-ਬਾਪ ਦੇ ਹੋਣਹਾਰ ਤੇ ਲਾਇਕ ਬੱਚਿਆਂ ਨੂੰ ਵਧੀਆਂ ਟ੍ਰੇਨਿੰਗ ਕਿੱਤਾ-ਮੁਖੀ ਸਿਖਲਾਈ 'ਚ ਮਦਦ ਕਰ ਕੇ ਸਮਾਜ ਦੀ ਭਲਾਈ ਕਰਨਾ ਹੈ ਨਾ ਕਿ ਧਰਮ ਦੇ ਸਿਧਾਂਤ ਉਨ੍ਹਾਂ 'ਤੇ ਥੋਪਣਾ ਹੈ।