
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ .............
ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਭਗਵੰਤਪਾਲ ਸਿੰਘ ਸੱਚਰ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਸਤਾਰ ਦੀ ਬੇਅਦਬੀ ਕਰਨ ਦਾ ਦੋਸ਼ ਲਾਇਆ ਹੈ ਕਿ ਜਿਨ੍ਹਾਂ ਨੂੰ ਪੱਗ ਦੀ ਅਹਿਮੀਅਤ ਦਾ ਪਤਾ ਨਹੀਂ ਅਕਾਲੀ ਆਗੂ ਅਜਿਹੀਆਂ ਸ਼ਖ਼ਸੀਅਤਾਂ ਤੋਂ ਇਸ ਦਾ ਨਿਰਾਦਰ ਕਿਉੁਂ ਕਰਵਾਉਂਦੇ ਹਨ? ਸੱਚਰ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ 'ਜਥੇਦਾਰਾਂ' ਵਲੋਂ ਖਾਮੋਸ਼ੀ ਧਾਰਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਲੋਟ ਰੈਲੀ ਵਿਚ ਦਸਤਾਰ ਨਾਲ ਹੀ ਲੰਗਰ ਦੀ ਵੀ ਬੇਅਦਬੀ ਹੋਈ ਹੈ।
ਸਿੱਖ ਧਰਮ ਵਿਚ ਲੰਗਰ ਪ੍ਰਥਾ ਦਾ ਸੱਭ ਤੋਂ ਜ਼ਿਆਦਾ ਸਤਿਕਾਰ ਹੈ ਜਿਥੇ ਪੰਗਤ ਵਿਚ ਬੈਠ ਕੇ ਸੱਭ ਪ੍ਰਸ਼ਾਦਾ ਛਕਦੇ ਹਨ ਪਰ ਜਿਸ ਤਰ੍ਹਾਂ ਮਲੋਟ ਰੈਲੀ ਵਿਚ ਲੰਗਰ ਲੋਕਾਂ ਦੇ ਪੈਰਾਂ ਵਿਚ ਰੁਲਿਆ ਉਨ੍ਹਾਂ ਨੇ ਸਿੱਖ ਕੌਮ ਦੀ ਨਾ ਵਰਨਣਯੋਗ ਹੇਠੀ ਕਾਰਵਾਈ ਹੈ। ਦਸਤਾਰ ਤੇ ਲੰਗਰ ਦੀ ਬੇਅਦਬੀ ਹੋਣ ਨਾਲ ਸਿੱਖ ਕੌਮ ਦੇ ਹਿਰਦੇ ਵਲੂੰਧਰੇ ਗਏ ਹਨ।
ਸੱਚਰ ਨੇ ਦੋਸ਼ ਲਾਇਆ ਕਿ ਜਿਸ ਢੰਗ ਨਾਲ ਸ਼ਵੇਤ ਮਲਿਕ ਪ੍ਰਧਾਨ ਪੰਜਾਬ ਭਾਜਪਾ ਨੇ ਨਰਿੰਦਰ ਮੋਦੀ ਦੇ ਸਿਰ ਉਪਰ ਦਸਤਾਰ ਸਜਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਸੱਭ ਨੇ ਵੇਖਿਆ ਹੈ। ਦੂਸਰੇ ਪਾਸੇ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਸਿਰ 'ਤੇ ਦਸਤਾਰ ਸਜਾਉਣ ਬਾਅਦ ਪੱਗ ਨੂੰ ਉਤਾਰਿਆ ਉਹ ਵੀ ਇਤਰਾਜ਼ਯੋਗ ਹੈ। ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਦੀ ਵੀ ਫੂਕ ਉਸ ਸਮੇਂ ਨਿਕਲ ਗਈ ਜਦ ਲੋਕਾਂ ਨੇ ਲੰਗਰ ਨੂੰ ਪੈਰਾਂ ਵਿਚ ਰੋਲਿਆ।