
ਭੀੜ ਨੇ ਸਿੱਖਾਂ ਦੀਆਂ 6 ਫ਼ੈਕਟਰੀਆਂ ਅਤੇ 297 ਘਰ ਕੀਤੇ ਸਨ ਅੱਗ ਦੀ ਭੇਂਟ
ਕੋਟਕਪੂਰਾ: 1984 ਵਿਚ ਹਰਿਆਣਾ ਵਿਖੇ ਹੋਏ ਸਿੱਖ ਕਤਲੇਆਮ ਦੇ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਲੰਮੇ ਸਮੇਂ ਤੋ ਕਨੂੰਨੀ ਚਾਰਾਜੋਈ ਰਾਹੀ ਲੜਾਈ ਲੜ ਰਹੇ ਹੋਂਦ ਚਿੱਲ~ੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰਿਆਣਾ ਦੇ ਗੁੜਗਾਉਂ ਅਤੇ ਪਟੌਦੀ ਵਿਚ ਹੋਏ 47 ਸਿੱਖਾਂ ਦੇ ਕਤਲੇਆਮ ਸਮੇਤ 83 ਹੋਰ ਪੀੜਤਾਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਾਇਰ ਕੀਤੇ 133 ਮਾਮਲਿਆਂ ਦੀ ਸੁਣਵਾਈ 17 ਅਕਤੂਬਰ ਨੂੰ ਹੋਵੇਗੀ। ਉਨ੍ਹਾਂ ਦਸਿਆ ਕਿ ਹੋਂਦ ਚਿੱਲੜ ’ਚ 32 ਸਿੱਖਾਂ ਦੇ ਕਤਲੇਆਮ ਦੇ ਮਾਮਲੇ ਦੀ ਲੜਾਈ ਦੇ ਨਾਲ-ਨਾਲ ਹੁਣ ਗੜਗਾਉਂ ਅਤੇ ਪਟੌਦੀ ਵਿਚ ਹੋਏ 47 ਸਿੱਖਾਂ ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਹ ਕਾਨੂੰਨੀ ਚਾਰਾਜੋਈ ਰਾਹੀ ਮੁੱਦਾ ਚੁਕਿਆ ਹੈ।
ਭਾਈ ਘੋਲੀਆ ਨੇ ਕਿਹਾ ਕਿ ਉਪਰੋਕਤ ਦੋਨੋ ਸ਼ਹਿਰਾਂ ’ਚ ਹੋਏ ਕਤਲੇਆਮ ਦੌਰਾਨ 297 ਸਿੱਖਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤੇ 6 ਸਿੱਖਾਂ ਦੀਆਂ ਫ਼ੈਕਟਰੀਆਂ ਨੂੰ ਵੀ ਸਾੜ ਦਿਤਾ ਸੀ, ਜਦਕਿ 47 ਸਿੱਖਾਂ ਨੂੰ ਕੋਹ ਕੋਹ ਕੇ ਕਤਲ ਕਰ ਦਿਤਾ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਜ਼ਖ਼ਮੀ ਕਰ ਕੇ ਉਨ੍ਹਾਂ ਦੇ ਘਰਾਂ ਨੂੰ ਅੱਗ ਦੀ ਭੇਟ ਚੜ੍ਹਾ ਕੇ ਜ਼ਖ਼ਮੀਆਂ ਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਤਕ ਨਾ ਦਿਤੀ ਗਈ। ਹੋਂਦ ਚਿੱਲ੍ਹੜ ਸਿੱਖ ਇਨਸਾਫ਼ ਕਮੇਟੀ ਵਲੋਂ ਮੌਕੇ ਦੇ ਗਵਾਹ ਪੀੜਤ ਸੰਤੋਖ ਸਿੰਘ ਸਾਹਨੀ ਰਾਹੀਂ ਰਿਟ ਨੰਬਰ 10904 ਹਾਈ ਕੋਰਟ ਵਿਖੇ ਕੇਸ ਲਾਏ ਗਏ ਹਨ, ਇਸ ਮਾਮਲੇ ਦੀ ਕਾਨੂੰਨੀ ਪੈਰਵਾਈ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਗਗਨ ਪ੍ਰਦੀਪ ਸਿੰਘ ਬੱਲ ਕਰ ਰਹੇ ਹਨ।
ਭਾਈ ਘੋਲੀਆ ਨੇ ਕਿਹਾ ਕਿ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਮੁਤਾਬਕ ਪਹਿਲਾ ਸਿੱਖ ਕਤਲੇਆਮ ਗੁੜਗਾਉਂ ਤੋਂ ਸ਼ੁਰੂ ਹੋਇਆ ਸੀ ਜੋ ਕਿ ਇਕ ਗਿਣੀ ਮਿੱਥੀ ਸਾਜਿਸ਼ ਰਾਹੀ ਕੀਤਾ ਗਿਆ। ਜ਼ਾਲਮਾਂ ਦੀ ਭੀੜ ਨੇ ਦਿੱਲੀ ਤੋਂ ਹੋਂਦ ਚਿੱਲ੍ਹੜ ਪਿੰਡ ਵਿਚ ਸ਼ਰਨ ਲੈਣ ਆਏ ਭਾਰਤੀ ਫ਼ੌਜ ਦੇ ਜਵਾਨ ਇੰਦਰਜੀਤ ਸਿੰਘ ਬਟਾਲਾ ਨੂੰ ਵੀ ਮੌਤ ਦੇ ਘਾਟ ਉਤਾਰ ਦਿਤਾ ਜੋ ਭਾਰਤ ਲਈ ਬਹੁਤ ਹੀ ਸ਼ਰਮਨਾਕ ਅਤੇ ਘਿਨਾਉਣੀ ਘਟਨਾ ਹੈ। ਇਸ ਮੌਕੇ ਉਨ੍ਹਾਂ ਨਾਲ ਗੁਰਦੀਪ ਸਿੰਘ ਕੁਰੂਕਸ਼ੇਤਰ, ਬਲਕਰਨ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੁੜਗਾਉਂ, ਲਖਵੀਰ ਸਿੰਘ ਰੰਡਿਆਲਾ, ਲਖਵਿੰਦਰ ਸਿੰਘ ਰੌਲੀ, ਸੁਖਰਾਜ ਸਿੰਘ ਗੁਰਦਾਸਪੁਰ ਆਦਿ ਵੀ ਹਾਜ਼ਰ ਸਨ।