ਸਿਰਫ਼ 763 ਯਾਤਰੀਆਂ ਨੂੰ ਮਿਲਿਆ ਵੀਜ਼ਾ
Pilgrims went to Pakistan from Amritsar News: ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਸ਼ਰਧਾਲੂਆਂ ਦਾ ਇੱਕ ਜੱਥਾ ਪਾਕਿਸਤਾਨ ਲਈ ਰਵਾਨਾ ਹੋਇਆ। ਇਹ ਜੱਥਾ 10 ਦਿਨਾਂ ਬਾਅਦ 23 ਨਵੰਬਰ ਨੂੰ ਭਾਰਤ ਪਰਤੇਗਾ। ਸਤਿਨਾਮ ਵਾਹਿਗੁਰੂ ਦੇ ਜੈਕਾਰਿਆਂ ਨਾਲ 763 ਸ਼ਰਧਾਲੂ ਰਵਾਨਾ ਹੋਏ।
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਗਏ 763 ਸ਼ਰਧਾਲੂਆਂ ਨੂੰ ਵੀਜ਼ੇ ਮਿਲ ਚੁੱਕੇ ਹਨ। ਜਿਨ੍ਹਾਂ ਨੂੰ ਅੱਜ ਪਾਕਿਸਤਾਨ ਭੇਜ ਦਿੱਤਾ ਗਿਆ।
ਇਸ ਸਬੰਧੀ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸ਼ਰਧਾਲੂਆਂ ਨੂੰ ਵੀਜ਼ਿਆਂ ਸਮੇਤ ਉਨ੍ਹਾਂ ਦੇ ਪਾਸਪੋਰਟ ਦਿੱਤੇ ਗਏ ਸਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ 2244 ਸ਼ਰਧਾਲੂਆਂ ਦੇ ਪਾਸਪੋਰਟ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 763 ਸ਼ਰਧਾਲੂਆਂ ਨੂੰ ਦੂਤਾਵਾਸ ਨੇ ਵੀਜ਼ੇ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਦੂਤਾਵਾਸ ਵੱਲੋਂ 1481 ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸਿੱਖ ਸ਼ਰਧਾਲੂਆਂ ਦੇ ਵੀਜ਼ੇ ਰੱਦ ਕੀਤੇ ਜਾਣਾ ਮੰਦਭਾਗਾ ਹੈ। ਉਨ੍ਹਾਂ ਦੱਸਿਆ ਕਿ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਗੁਰਨਾਮ ਸਿੰਘ ਜੱਸਲ ਕਰ ਰਹੇ ਹਨ, ਜਦਕਿ ਜਥੇ ਦੇ ਉਪ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸ਼ਰਨਜੀਤ ਕੌਰ ਅਤੇ ਜਨਰਲ ਮੈਨੇਜਰ ਇੰਚਾਰਜ ਪਲਵਿੰਦਰ ਸਿੰਘ ਤੇ ਗੁਰਮੀਤ ਸਿੰਘ ਹੋਣਗੇ।