
ਰਾਜਧਾਨੀ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਬੰਗਲਾ ਸਾਹਿਬ ਵਿਚ ਬਣਨ ਵਾਲੀ ਲੰਗਰ ਦੀ ਦਾਲ ਵਿਚ ਪਲਾਸਟਿਕ ਦੀ ਦਾਲ ਬਣਨ ਦੀ ਖਬਰ ਸਾਹਮਣੇ ਆਈ ਹੈ।
ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਇਤਿਹਾਸਕ ਗੁਰਦੁਆਰੇ ਬੰਗਲਾ ਸਾਹਿਬ ਵਿਚ ਬਣਨ ਵਾਲੀ ਲੰਗਰ ਦੀ ਦਾਲ ਵਿਚ ਪਲਾਸਟਿਕ ਦੀ ਦਾਲ ਬਣਨ ਦੀ ਖਬਰ ਸਾਹਮਣੇ ਆਈ ਹੈ। ਇਹ ਸਿਲਸਿਲਾ ਲਗਾਤਾਰ ਦੋ ਦਿਨਾਂ ਤੱਕ ਚੱਲਿਆ। ਇਸ ਕਾਰਨ ਪਹਿਲੇ ਦਿਨ ਕਰੀਬ 30 ਕਿਲੋ ਪੱਕੀ ਹੋਈ ਦਾਲ ਨੂੰ ਸੁੱਟਣਾ ਪਿਆ। ਦੂਜੇ ਦਿਨ ਜ਼ਿਆਦਾ ਨੁਕਸਾਨ ਨਹੀਂ ਹੋਇਆ। ਬਣਨ ਤੋਂ ਪਹਿਲਾਂ ਹੀ ਡਰੱਮ ਵਿਚ ਰੱਖੀ ਨਕਲੀ ਦਾਲ ਦੇਖ ਕੇ ਉਸ ਨੂੰ ਸੁੱਟ ਦਿੱਤਾ ਗਿਆ।
Gurudwara Bangla Sahib
ਇਸ ਘਟਨਾ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਗੁਰਦੁਆਰਿਆਂ ਵਿਚ ਲੰਗਰ ਹਾਲ ਦੀ ਸੁਰੱਖਿਆ ਵਧਾ ਦਿੱਤੀ ਹੈ। ਗੁਰਦੁਆਰਾ ਕਮੇਟੀ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਦਾਨ ਦੇਣ ਵਾਲੀ ਰਸਦ ਨੂੰ ਪੈਕਟਾਂ ਵਿਚ ਹੀ ਦਿੱਤਾ ਜਾਵੇ। ਗੁਰਦੁਆਰੇ ਵਿਚ ਖੁੱਲੀ ਰਸਦ ਮਨਜ਼ੂਰ ਨਹੀਂ ਕੀਤੀ ਜਾਵੇਗੀ।
Langar
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਲੰਗਰ ਪ੍ਰਥਾ ਵੀ ਹੁਣ ਮਿਲਾਵਟ ਦਾ ਸ਼ਿਕਾਰ ਹੋ ਗਈ ਹੈ। ਸੂਤਰਾਂ ਮੁਤਾਬਕ ਗੁਰਦੁਆਰਾ ਕਮੇਟੀ ਨੇ ਅਜਿਹੇ ਲੋਕਾਂ ਨੂੰ ਫੜਨ ਲਈ ਯੋਜਨਾ ਬਣਾਈ ਹੈ। ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਦੱਸ ਦਈਏ ਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਇਲਾਵਾ ਰਕਾਬਗੰਜ ਸਾਹਿਬ, ਸੀਸਗੰਜ ਸਾਹਿਬ, ਨਾਨਕ ਪਿਆਓ, ਮੋਤੀ ਬਾਗ, ਮਜਨੂ ਦਾ ਟੀਲਾ ਵਿਚ 24 ਘੰਟੇ ਲੰਗਰ ਚੱਲਦਾ ਹੈ।
Rakab Ganj
ਹਜ਼ਾਰਾਂ ਲੋਕ ਰੋਜ਼ਾਨਾ ਇਹਨਾਂ ਗੁਰਦੁਆਰਿਆਂ ਵਿਚ ਲੰਗਰ ਛਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਬੰਗਲਾ ਸਾਹਿਬ ਵਿਚ ਸਮਾਂ ਰਹਿੰਦੇ ਹੀ ਲੰਗਰ ਬਣਾਉਣ ਵਾਲਿਆਂ ਨੇ ਦਾਲ ਦੇਖ ਲਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਵੱਡੀ ਹੈਰਾਨੀ ਦੀ ਗੱਲ਼ ਹੈ ਕਿ ਕੋਈ ਲੰਗਰ ਨੂੰ ਬਦਨਾਮ ਕਰਨਾ ਚਾਹੁੰਦਾ ਹੈ।
Manjinder singh sirsa
ਅਜਿਹੇ ਵਿਚ ਸਾਰੇ ਗੁਰਦੁਆਰਿਆਂ ਅਤੇ ਸਿੰਘ ਸਭਾਵਾਂ ਨੂੰ ਇਸ ਦੇ ਲਈ ਸੁਚੇਤ ਰਹਿਣ ਦੀ ਲੋੜ ਹੈ। ਇਸ ਦੇ ਨਾਲ ਹੀ ਜਾਗੋ ਪਾਰਟੀ ਨੇ ਗੁਰਦੁਆਰਾ ਕਮੇਟੀ ‘ਤੇ ਹਮਲਾ ਬੋਲਿਆ ਹੈ। ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰਪਾਲ ਸਿੰਘ ਨੇ ਕਿਹਾ ਕਿ ਸਿਰਸਾ ਇਹ ਤਾਂ ਮੰਨਦੇ ਹਨ ਕਿ ਮਿਲਾਵਟੀ ਦਾਲ ਦੇ ਕਾਰਨ 2 ਵਾਰ ਦਾਲ ਨੂੰ ਸੁੱਟਿਆ ਗਿਆ ਪਰ ਇਹ ਨਹੀਂ ਸਾਫ ਕਰਦੇ ਕਿ ਦਾਲ ਵਿਚ ਮਿਲਾਵਟ ਦਾ ਜ਼ਿੰਮੇਵਾਰ ਕੌਣ ਹੈ?