
ਪਵਿੱਤਰ ਸਰੋਵਰ ’ਚ ਸੰਗਤਾਂ ਨੇ ਲਗਾਈ ਡੁਬਕੀ
ਸ੍ਰੀ ਮੁਕਤਸਰ ਸਾਹਿਬ (ਰਣਜੀਤ ਸਿੰਘ/ਗੁਰਦੇਵ ਸਿੰਘ) : ਚਾਲੀ ਮੁਕਤਿਆਂ ਦੀ ਯਾਦ ਵਿਚ ਮਨਾਇਆ ਜਾਣ ਵਾਲਾ ਮੇਲਾ ਮਾਘੀ ਇਸ ਵਾਰ ਪੂਰੀ ਧਾਰਮਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। 14 ਜਨਵਰੀ ਨੂੰ ਮਾਘੀ ਇਸ਼ਨਾਨ ਦੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਈਆਂ। ਸੰਗਤਾਂ ਦੀ ਆਮਦ 13 ਅਤੇ 14 ਜਨਵਰੀ ਦੀ ਦਰਮਿਆਨੀ ਰਾਤ ਹੀ ਸ਼ੁਰੂ ਹੋ ਗਈ ਸੀ।
Sri Darbar Sahib
ਰਾਤ 12 ਵਜੇ ਤੋਂ ਬਾਅਦ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਪਵਿੱਤਰ ਸਰੋਵਰ ਵਿਖੇ ਇਸ਼ਨਾਨ ਸ਼ੁਰੂ ਕਰ ਦਿਤਾ। ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਸੰਗਤਾਂ ਵੱਡੀ ਗਿਣਤੀ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈਆਂ, ਜਿਨ੍ਹਾਂ ਨੇ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਸੰਗਤ ਦੀ ਆਮਦ ਨੂੰ ਵੇਖ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਮੁੱਖ ਮਾਰਗਾਂ ’ਤੇ ਸ਼ਹਿਰ ਦੀਆਂ ਵਖ-ਵਖ ਸੰਸਥਾਵਾਂ ਅਤੇ ਸੰਗਤ ਵਲੋਂ ਲੰਗਰ ਲਾਏ ਗਏ। ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਰਿਹਾਇਸ਼ ਅਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ।
Sri Muktsar Sahib
ਇਸ ਮੌਕੇ ਭਾਈ ਮਹਾ ਸਿੰਘ ਦੀਵਾਨ ਹਾਲ ਵਿਖੇ ਧਾਰਮਕ ਦੀਵਾਨ ਸਜਾਏ ਗਏ, ਜਿਥੇ ਰਾਗੀ ਢਾਡੀ ਅਤੇ ਪ੍ਰਚਾਰਕ ਸਿੰਘਾਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੇ ਪ੍ਰਵਾਹ ਚੱਲਦੇ ਰਹੇ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤ ਦੀਆਂ ਬੀਤੀ ਰਾਤ ਬਾਰਾਂ ਵਜੇ ਤੋਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ।
Darbar Sahib
ਗੁਰਦੁਆਰਾ ਸਾਹਿਬ ਦੇ ਬਾਹਰ ਮੁੱਖ ਸੱਤ ਗੇਟਾ ਉੱਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ। ਸੱਤ ਗੇਟਾਂ ’ਤੇ ਜਿਥੇ ਪੁਲਿਸ ਪ੍ਰਸ਼ਾਸਨ ਵਲੋਂ ਸਹਾਇਤਾ ਕੇਂਦਰ ਬਣਾਏ ਗਏ, ਉਥੇ ਹੀ ਸ਼ਹਿਰ ਦੀਆਂ ਵਖ-ਵਖ ਸੜਕਾਂ ’ਤੇ ਵੱਡੀ ਗਿਣਤੀ ’ਚ ਸੰਗਤ ਦੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ। ਕੋਰੋਨਾ ਦੇ ਇਸ ਦੌਰ ’ਚ ਹਦਾਇਤਾਂ ਦੀ ਪਾਲਣਾ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਜਾਗਰੂਕ ਕਰਦੀਆਂ ਰਹੀਆਂ।
ਦੱਸਣਯੋਗ ਹੈ ਕਿ ਚੋਣ ਜ਼ਾਬਤਾ ਲਗਿਆ ਹੋਣ ਕਾਰਨ ਇਸ ਵਾਰ ਮੇਲਾ ਮਾਘੀ ’ਤੇ ਰਾਜਸੀ ਕਾਨਫ਼ਰੰਸਾਂ ਨਹੀਂ ਹੋ ਰਹੀਆਂ। ਬੀਤੀ ਦੇਰ ਰਾਤ ਤੋਂ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ ਦਿਨ ਚੜ੍ਹਦਿਆਂ ਹੋਰ ਵਧਦੀ ਗਈ। ਪਵਿੱਤਰ ਸਰੋਵਰ ਵਿਚ ਆਸਥਾ ਦੀ ਇਹ ਡੁਬਕੀ ਕੋਰੋਨਾ ਅਤੇ ਕੜਾਕੇ ਦੀ ਠੰਢ ਤੇ ਭਾਰੀ ਪੈਂਦੀ ਨਜ਼ਰ ਆਈ। ਵੱਡੀ ਗਿਣਤੀ ’ਚ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ ਸੰਗਤਾਂ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਗੁਰਦੁਆਰਾ ਤੰਬੂ ਸਾਹਿਬ
ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਗੁਰਦੁਆਰਾ ਮਾਤਾ ਭਾਗ ਕੌਰ, ਗੁਰਦੁਆਰਾ ਟਿੱਬੀ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ, ਗੁਰਦੁਆਰਾ ਦਾਤਣਸਰ ਸਾਹਿਬ ਗੁਰਦੁਆਰਾ ਤਰਨ ਤਾਰਨ ਸਾਹਿਬ ਵਿਖੇ ਨਤਮਸਤਕ ਹੋਈਆਂ। 12 ਜਨਵਰੀ ਤੋਂ ਆਰੰਭ ਹੋਏ ਮੇਲੇ ਸਬੰਧੀ ਧਾਰਮਕ ਸਮਾਗਮਾਂ ਦੀ ਸਮਾਪਤੀ 15 ਜਨਵਰੀ ਨੂੰ ਹੋਵੇਗੀ। 15 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਤਕ ਨਗਰ ਕੀਰਤਨ ਸਜਾਏ ਜਾਣਗੇ।