
ਸ਼੍ਰੋਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਜਦ ਤਕ ਤਖ਼ਤਾਂ ਦੇ ਜਥੇਦਾਰ ਸਿਆਸਤ ਤੋਂ ਪ੍ਰਭਾਵਤ ਹੋ ਕੇ ਕੌਮੀ ਭਾਵਨਾਵਾਂ ਤੋਂ ਉਲਟ ...
ਤਰਨਤਾਰਨ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਜਦ ਤਕ ਤਖ਼ਤਾਂ ਦੇ ਜਥੇਦਾਰ ਸਿਆਸਤ ਤੋਂ ਪ੍ਰਭਾਵਤ ਹੋ ਕੇ ਕੌਮੀ ਭਾਵਨਾਵਾਂ ਤੋਂ ਉਲਟ ਫ਼ੈਸਲੇ ਲੈਂਦੇ ਰਹਿਣਗੇ, ਉਦੋਂ ਤਕ ਇਹ ਜਥੇਦਾਰ ਕੌਮੀ ਰੋਹ ਦੇ ਸ਼ਿਕਾਰ ਹੁੰਦੇ ਰਹਿਣਗੇ ਤੇ ਇਨ੍ਹਾਂ ਨੂੰ ਸਰਕਾਰੀ ਸੁਰੱਖਿਆ ਦੀ ਲੋੜ ਰਹੇਗੀ।
ਉਨ੍ਹਾਂ ਕਿਹਾ ਕਿ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਤੇ ਇਹ ਵੀ ਪ੍ਰਬੰਧ ਸਕੀਮ ਮੁਤਬਿਕ ਡਿਊਟੀ ਦੇਣ ਪਰ ਮੌਜੂਦਾ ਸਮੇਂ ਜਥੇਦਾਰ ਕੌਮ ਲਈ ਘਾਤਕ ਫ਼ੈਸਲੇ ਲੈਂਦੇ ਹਨ ਤੇ ਫਿਰ ਸਰਕਾਰੀ ਸੁਰੱਖਿਆ ਭਾਲਦੇ ਹਨ। ਜਥੇਦਾਰਾਂ ਦੇ ਗ਼ਲਤ ਫ਼ੈਸਲਿਆਂ ਦਾ ਕੌਮ ਨੂੰ, ਪੰਜਾਬ ਨੂੰ ਤੇ ਦੇਸ਼ ਨੂੰ ਖਮਿਆਜਾ ਭੁਗਤਣਾ ਪਿਆ ਹੈ।
ਸਿੱਖਾਂ ਦੀ ਆਜ਼ਾਦ ਹਸਤੀ ਤੇ ਅਡਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਬਦਲਣ ਦਾ ਫ਼ੈਸਲਾ ਤੇ ਸੌਦਾ ਸਾਧ ਮਾਫ਼ ਦੇਣ ਦਾ ਫ਼ੈਸਲਾ ਅਜਿਹੇ ਫ਼ੈਸਲੇ ਸਨ ਜਿਸ ਨਾਲ ਤਖ਼ਤਾਂ ਦਾ, ਜਥੇਦਾਰਾਂ ਦਾ ਵਕਾਰ ਘਟਿਆ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਵੀ ਅਕਾਲ ਤਖ਼ਤ ਦੇ ਹੁਕਮ ਨੂੰ ਮੰਨਣ ਤੋਂ ਇਨਕਾਰੀ ਹੈ ਤੇ ਜਥੇਦਾਰ ਦੀ ਇਨੀ ਹਿੰਮਤ ਨਹੀਂ ਕਿ ਉਹ ਅਪਣੇ ਫ਼ੈਸਲੇ ਲਾਗੂ ਕਰਵਾਉਣ ਲਈ ਕਮੇਟੀ ਨੂੰ ਕਹੇ।
ਉਨ੍ਹਾਂ ਮਿਸਾਲ ਦਿੰਦੇ ਕਿਹਾ ਕਿ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਤੇ ਕਾਰਜਖੇਤਰ ਤੈਅ ਕਰਨ ਲਈ ਇਕ ਵਿਧੀ ਵਿਧਾਨ ਬਣਾਉਣ ਲਈ 2000 ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲਿਖਿਆ ਸੀ। ਅੱਜ 18 ਸਾਲ ਬਾਅਦ ਵੀ ਇਸ ਮਾਮਲੇ ਤੇ ਕੋਈ ਵਿਧੀ ਵਿਧਾਨ ਤਿਆਰ ਨਹੀਂ ਹੋਇਆ। ਜਥੇਦਾਰ ਨੇ ਵੀ ਕਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੁੱਛਣ ਦੀ ਹਿੰਮਤ ਨਹੀਂ ਕੀਤੀ।
ਸ ਕੁਲਵੰਤ ਸਿੰਘ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਤੋਂ ਇਲਾਵਾ 30 ਸਾਲ ਵਿਚ ਕੋਈ ਵੀ ਅਜਿਹਾ ਜਥੇਦਾਰ ਨਹੀਂ ਆਇਆ ਜੋ ਸਾਫ ਮਨ ਤੇ ਗੰਭੀਰ ਹੋ ਕੇ ਕੌਮ ਬਾਰੇ ਗੱਲ ਕਰੇ। ਕੌਮ ਦਾ ਤੇ ਅਕਾਲ ਤਖ਼ਤ ਦਾ ਕਦੀ ਸੁਨਹਿਰੀ ਦੌਰ ਸੀ ਜਦ ਜਥੇਦਾਰ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ , ਅਕਾਲੀ ਦਲ ਦੇ ਪ੍ਰਧਾਨ ਤਕ ਨੂੰ ਮਾਮੂਲੀ ਗ਼ਲਤੀ ਕਰਨ ਤੇ ਵੀ ਤਖ਼ਤ ਸਾਹਿਬ ਤੇ ਤਲਬ ਕਰ ਕੇ ਸਜ਼ਾ ਲਗਾਉਂਦਾ ਸੀ ਪਰ ਅੱਜ ਜੋ ਹਾਲਾਤ ਹਨ, ਉਹ ਵੇਖ ਕੇ ਕੌਮ ਦੇ ਹਾਲਾਤ 'ਤੇ ਤਰਸ ਆਉਂਦਾ ਹੈ।