
ਸ਼੍ਰੋਮਣੀ ਅਕਾਲੀ ਦਲ ਦੇ ਉੱਤਰ ਪ੍ਰਦੇਸ਼ ਦੇ ਇੰਚਾਰਜ ਅਤੇ ਗੁਰਦਵਾਰਾ ਬਾਲਾ ਸਾਹਿਬ ਵਾਲੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਹਸਪਤਾਲ........
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਉੱਤਰ ਪ੍ਰਦੇਸ਼ ਦੇ ਇੰਚਾਰਜ ਅਤੇ ਗੁਰਦਵਾਰਾ ਬਾਲਾ ਸਾਹਿਬ ਵਾਲੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਹਸਪਤਾਲ ਦੇ ਵਿਵਾਦਤ ਮਾਮਲੇ ਨੂੰ ਅਦਾਲਤ 'ਚ ਲੈ ਕੇ ਜਾਣ ਵਾਲੇ ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਦਸਿਆ ਕਿ ਉਕਤ ਹਸਪਤਾਲ ਜਿਸ ਨੂੰ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੇ ਬਣਾਇਆ ਸੀ। ਇਸ ਦਾ ਰੱਖ ਰਖਾਉ ਦਿੱਲੀ ਗੁਰਦਵਾਰਾ ਕਮੇਟੀ ਤਤਕਾਲੀਨ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਮੇਟੀ ਦੇ ਨਿਯਮਾਂ ਨੂੰ ਛਿਕੇ ਤੇ ਟੰਗ ਕੇ ਇਕ ਟ੍ਰਸਟ ਗੁਰੂ ਹਰਿਕਿਰਸ਼ਨ ਮੈਡੀਕਲ ਟ੍ਰਸਟ ਸੰਨ 2007 ਵਿਚ ਗਠਿਤ ਕੀਤਾ।
ਉਨ੍ਹਾਂ ਨੇ ਆਖਿਆ ਕਿ ਜੇਕਰ ਪਰਮਜੀਤ ਸਿੰਘ ਸਰਨਾ ਸਮੇਤ ਹੋਰ ਕਿਸੇ ਵੀ ਧਿਰ ਵਲੋਂ ਪਾਏ ਅੜਿਕੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਥੇਦਾਰ ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਸ. ਸਰਨਾ ਵਲੋਂ ਬੀਤੇ ਦਿਨੀਂ ਪ੍ਰੈੱਸ ਕਾਨਫ਼ਰੰਸ ਕਰਕੇ ਦਾਅਵਾ ਕੀਤਾ ਗਿਆ ਸੀ ਕਿ ਉਕਤ ਹਸਪਤਾਲ ਨੂੰ ਚਲਾਉਣ ਲਈ 2007 'ਚ ਸਥਾਪਿਤ ਕੀਤੇ ਗਏ 'ਗੁਰੂ ਹਰਿਕਿਸ਼ਨ ਮੈਡੀਕਲ ਟਰੱਸਟ' ਦੀ ਮਾਨਤਾ ਨੂੰ ਹਾਈਕੋਰਟ ਨੇ ਮੁੜ ਬਹਾਲ ਕਰ ਦਿੱਤਾ ਹੈ ਜਿਸ ਨੂੰ ਹੇਠਲੀ ਅਦਾਲਤ ਵਲੋਂ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ।
ਇਸ ਮਾਮਲੇ ਸਬੰਧੀ ਜਥੇ. ਭੋਗਲ ਨੇ ਦਾਅਵਾ ਕੀਤਾ ਕਿ ਉਕਤ ਟਰੱਸਟ ਬਾਰੇ ਵਿਵਾਦ ਖੜਾ ਕਰਕੇ ਸਰਨਾ ਭਰਾਵਾਂ ਨੇ ਮੁੜ ਤੋਂ ਹਸਪਤਾਲ ਨੂੰ ਨਾ ਚੱਲਣ ਦੇਣ ਦੀ ਸਾਜਿਸ਼ ਰਚ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪਿਛੋਕੜ 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਸਰਨਾ ਕਮੇਟੀ ਵਲੋਂ ਹਸਪਤਾਲ ਲਈ ਨਿੱਜੀ ਕੰਪਨੀ ਨਾਲ ਕਰਾਰ ਕੀਤਾ ਸੀ ਤਦ ਉਹ ਹੀ ਇਸ ਮਾਮਲੇ ਨੂੰ ਅਦਾਲਤ 'ਚ ਲੈ ਕੇ ਗਏ ਸੀ।
ਇਸ ਮਾਮਲੇ ਸਬੰਧੀ ਅਦਾਲਤ ਦੀ ਕਾਰਵਾਈ ਬਾਰੇ ਜਥੇ. ਭੋਗਲ ਨੇ ਕਿਹਾ ਕਿ ਇਸ ਹਸਪਤਾਲ ਨੂੰ ਕਮੇਟੀ ਖੁਦ ਹੀ ਚਲਾਏਗੀ ਅਤੇ ਕਿਸੀ ਵੀ ਅੜਿਕੇ ਦਾ ਸੰਗਤ ਦੇ ਸਹਿਯੋਗ ਨਾਲ ਪੂਰਾ ਵਿਰੋਧ ਕੀਤਾ ਜਾਵੇਗਾ। ਜਥੇ ਕੁਲਦੀਪ ਸਿੰਘ ਭੋਗਲ ਨੇ ਦਾਅਵਾ ਕਰਦਿਆਂ ਕਿਹਾ ਕਿ ਉਕਤ ਟਰੱਸਟ ਦੇ ਕਾਰਨ ਪਹਿਲਾਂ ਹੀ ਦਿੱਲੀ ਗੁਰਦਵਾਰਾ ਕਮੇਟੀ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ ਸੀ।