
ਵੱਖ-ਵੱਖ ਰਾਜਨੀਤਕ ਆਗੂਆਂ ਤੇ ਪੰਥਕ ਸ਼ਖ਼ਸੀਅਤਾਂ ਨੇ ਸ਼ਹੀਦ ਨੂੰ ਦਿਤੀ ਸ਼ਰਧਾਂਜਲੀ
ਕੋਟਕਪੂਰਾ (ਗੁਰਿੰਦਰ ਸਿੰਘ) : ਸਿੱਖ ਕੌਮ ਦੇ ਉੱਚੇ, ਸੁੱਚੇ ਅਤੇ ਸਤਿਕਾਰਯੋਗ ਤਖ਼ਤ ਵਜੋਂ ਸਤਿਕਾਰੇ ਜਾਂਦੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਡੇਰਾ ਸਿਰਸਾ ਦੇ ਮੁਖੀ ਵਲੋਂ ਭੇਜੇ ਗਏ ਪੱਤਰ ਵਿਚ ਮਾਫ਼ੀ ਸ਼ਬਦ ਮਗਰੋਂ ਦਰਜ ਕੀਤਾ ਗਿਆ। ਅੱਜ ਤੋਂ 8 ਸਾਲ ਪਹਿਲਾਂ 14 ਅਕਤੂਬਰ 2015 ਨੂੰ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖ ਨੌਜਵਾਨ ਗੁਰਜੀਤ ਸਿੰਘ ਬਿੱਟੂ ਦੇ ਗ੍ਰਹਿ ਪਿੰਡ ਸਰਾਵਾਂ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਅਪਣੇ ਸੰਬੋਧਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ‘ਆਪ’ ਵਿਧਾਇਕ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਆਖਿਆ ਕਿ ਮਈ 2007 ਵਿਚ ਡੇਰਾ ਮੁਖੀ ਵਲੋਂ ਸਵਾਂਗ ਰਚਾਉਣ ਤੋਂ ਬਾਅਦ ਬਠਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ
ਤੇ ਉਸ ਸਮੇਂ ਡੇਰਾ ਮੁਖੀ ਨੂੰ ਪੰਥ ਵਿਚੋਂ ਛੇਕ ਦੇਣ ਦਾ ਹੁਕਮ ਜਾਰੀ ਹੋਇਆ ਸੀ ਪਰ ਇਸ ਵਿਵਾਦ ਨੂੰ ਖ਼ਤਮ ਕਰਨ ਲਈ ਇਕ ਆਰੀਆ ਸਮਾਜ ਦੇ ਆਗੂ ਨੇ ਡੇਰਾ ਮੁਖੀ ਦਾ ਪੱਤਰ ਲਿਆ ਕੇ ਸਮੇਂ ਦੇ ਹਾਕਮਾਂ ਨੂੰ ਸੌਂਪਿਆ ਜਿਸ ਦੀ ਦੁਰਵਰਤੋਂ ਅਕਤੂਬਰ 2015 ਵਿਚ ਖ਼ੁਦ ਹੀ ਸੋਧ ਕਰ ਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵੀ ਨੇਪਰੇ ਨਾ ਚੜ੍ਹ ਸਕੀ।
ਸਾਬਕਾ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਨੇ ਬੇਅਦਬੀ ਅਤੇ ਗੋਲੀਕਾਂਡ ਨਾਲ ਜੁੜੇ ਇਕ ਇਕ ਨੁਕਤੇ ਦੀ ਅੰਕੜਿਆਂ ਸਹਿਤ ਦਲੀਲਾਂ ਨਾਲ ਸਾਂਝ ਪਾਉਂਦਿਆਂ ਆਖਿਆ ਕਿ ਉਕਤ ਪ੍ਰਗਟਾਵੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਖ਼ੁਦ ਕੀਤੇ ਸਨ, ਜੋ ਇਸ ਮਾਮਲੇ ਦਾ ਚਸ਼ਮਦੀਦ ਗਵਾਹ ਸੀ। ਉਨ੍ਹਾਂ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਵਿਚ ਸਮੇਂ ਦੀਆਂ ਸਰਕਾਰਾਂ ਦੇ ਹਾਕਮਾਂ ਦਾ ਬਿਨਾਂ ਨਾਮ ਲਿਆਂ ਦੋਸ਼ ਲਾਇਆ ਕਿ ਸਮੇਂ ਦੇ ਹਾਕਮਾਂ ਨੇ ਇਸ ਮਾਮਲੇ ਵਿਚ ਸਿਰਫ਼ ਸਿਆਸੀ ਰੋਟੀਆਂ ਸੇਕੀਆਂ, ਪੀੜਤ ਪ੍ਰਵਾਰਾਂ, ਗਵਾਹਾਂ ਅਤੇ ਪੰਥਦਰਦੀਆਂ ਨੂੰ ਗੁਮਰਾਹ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ।
ਉਨ੍ਹਾਂ ਦਾਅਵਾ ਕੀਤਾ ਕਿ ਪੀੜਤ ਪ੍ਰਵਾਰਾਂ ਅਤੇ ਗਵਾਹਾਂ ਨੂੰ ਇਨਸਾਫ਼ ਮਿਲਣ ਦੀ ਕੋਈ ਆਸ ਦਿਖਾਈ ਨਹੀਂ ਦੇ ਰਹੀ ਕਿਉਂਕਿ ਸਮੇਂ ਦੇ ਹਾਕਮ ਇਸ ਸਬੰਧੀ ਸੁਹਿਰਦ ਨਹੀਂ। ਕੁੰਵਰਵਿਜੈ ਪ੍ਰਤਾਪ ਸਿੰਘ ਨੇ ਉਨ੍ਹਾਂ ਪੁਲਿਸ ਅਫ਼ਸਰਾਂ ਅਤੇ ਕਾਰੋਬਾਰੀਆਂ ਦਾ ਬਕਾਇਦਾ ਨਾਮ ਲੈ ਕੇ ਦਸਿਆ ਕਿ ਉਹ ਕਾਰੋਬਾਰੀ ਅਤੇ ਪੁਲਿਸ ਅਧਿਕਾਰੀ ਹਮੇਸ਼ਾ ਹਰ ਚੰਗੇ ਮਾੜੇ ਕੰਮ ਲਈ ਹਾਕਮਾਂ ਨਜ਼ਦੀਕੀ ਬਣੇ ਰਹੇ ਹਨ।
ਸ਼ਰਧਾਂਜਲੀ ਸਮਾਗਮ ਦੌਰਾਨ ਦਰਬਾਰ ਏ ਖ਼ਾਲਸਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੇਂ ਦੇ ਹਾਕਮਾਂ ਦੀ ਪੰਥ ਵਿਰੋਧੀ ਸੋਚ ਨੂੰ ਬਿਆਨ ਕਰਦਾ ‘ਲਾਹਨਤ ਪੱਤਰ’ ਵੀ ਵੰਡਿਆ ਗਿਆ। ਇਸ ਮੌਕੇ ਭਾਈ ਹਰਜਿੰਦਰ ਸਿੰਘ ਮਾਝੀ, ਅਮਰੀਕ ਸਿੰਘ ਅਜਨਾਲਾ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਮੱਤਾ, ਬੀਰਇੰਦਰ ਸਿੰਘ ਸੰਧਵਾਂ, ਮਨਪ੍ਰੀਤ ਸਿੰਘ ਧਾਲੀਵਾਲ ਆਦਿ ਨੇ ਵੀ ਸੰਬੋਧਨ ਕੀਤਾ। ਅੰਤ ਵਿਚ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਸਮੇਤ ਹੋਰ ਵੀ ਸ਼ਹੀਦ ਪ੍ਰਵਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।